ਗਾਵਾਂ ਲਈ ਹੋਸਟਲ ਬਣਾਵੇਗੀ ਦਿੱਲੀ ਸਰਕਾਰ, ਮਾਈਕ੍ਰੋ ਚਿਪ ਨਾਲ ਕੰਟਰੋਲ ਹੋਣਗੇ ਅਵਾਰਾ ਪਸ਼ੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਸਰਕਾਰ ਨੇ ਪਸ਼ੂ ਸਿਹਤ ਅਤੇ ਭਲਾਈ ਯੋਜਨਾ 2018 ਦੀ ਸੂਚਨਾ ਜਾਰੀ ਕਰ ਦਿਤੀ ਹੈ। ਇਸਦ ਮੁੱਖ ਟੀਚਾ ਪਸ਼ੂਆਂ ਅਤੇ ਪੰਛੀਆਂ ਲਈ ਬਿਹਤਰ ਮਾਹੌਲ ਦੀ ਸਿਰਜਨਾ ਕਰਨਾ ਹੈ।

indian cow

ਨਵੀਂ ਦਿੱਲੀ : ਦਿੱਲੀ ਸਰਕਾਰ ਗਾਵਾਂ ਲਈ ਹੋਸਟਲ ਸ਼ੁਰੂ ਕਰਨ ਜਾ ਰਹੀ ਹੈ। ਇਥੇ ਉਹਨਾਂ ਦੇ ਖਾਣ-ਪੀਣ ਤੋਂ  ਲੈ ਕੇ ਦੇਖਭਾਲ ਤੱਕ ਦੀਆਂ ਸਾਰੀਆਂ ਸਹੂਲਤਾਂ ਮੌਜੂਦਾ ਹੋਣਗੀਆਂ। ਹੋਸਟਲ ਦੀ ਸਹੂਲਤ ਲਈ ਗਾਂ ਦੇ ਮਾਲਕ ਨੂੰ ਪੈਸੇ ਦੇਣੇ ਪੈਣਗੇ। ਹੋਸਟਲ ਕਿਵੇਂ ਚਲੇਗਾ ਅਤੇ ਹੋਸਟਲ ਦੀ ਜਿੰਮੇਵਾਰੀ ਕਿਸ ਦੀ ਹੋਵੇਗੀ ਇਸ ਦੀ ਰੂਪਰੇਖਾ ਪਸ਼ੂਪਾਲਨ ਵਿਭਾਗ ਦੇ ਅਧਿਕਾਰੀ ਸਬੰਧਤ ਵਿਭਾਗਾਂ ਨਾਲ ਗੱਲਬਾਤ ਤੋਂ ਬਾਅਦ ਨਿਰਧਾਰਤ ਕਰਨਗੇ। 

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮੰਤਰੀ ਗੋਪਾਲ ਰਾਏ ਨੇ ਦੱਸਿਆ ਕਿ ਦਿੱਲੀ ਸਰਕਾਰ ਨੇ ਪਸ਼ੂ ਸਿਹਤ ਅਤੇ ਭਲਾਈ ਯੋਜਨਾ 2018 ਦੀ ਸੂਚਨਾ ਜਾਰੀ ਕਰ ਦਿਤੀ ਹੈ। ਇਸਦ ਮੁੱਖ ਟੀਚਾ ਪਸ਼ੂਆਂ ਅਤੇ ਪੰਛੀਆਂ ਲਈ ਬਿਹਤਰ ਮਾਹੌਲ ਦੀ ਸਿਰਜਨਾ ਕਰਨਾ ਹੈ। ਇਸ ਯੋਜਨਾ ਵਿਚ ਅਵਾਰਾ ਪਸ਼ੂਆਂ ਵਿਚ ਮਾਈਕ੍ਰੋ ਚਿਪ ਲਗਾਉਣ ਦਾ ਵੀ ਪ੍ਰਬੰਧ ਹੈ। ਇਸ ਨਾਲ ਸੜਕਾਂ 'ਤੇ ਘੁੰਮਣ ਵਾਲੇ ਪਾਲਤੂ ਪਸ਼ੂਆਂ ਦੇ ਮਾਲਕਾਂ 'ਤੇ ਕਾਰਵਾਈ ਕੀਤੀ ਜਾਵੇਗੀ। ਇਹ ਚਿਪ ਕੌਣ ਅਤੇ ਕਿਸ ਤਰ੍ਹਾਂ ਲਗਾਵੇਗਾ, ਇਸ ਸਬੰਧੀ ਵੀ ਫ਼ੈਸਲਾ ਕੀਤਾ ਜਾਵੇਗਾ।

ਮਤੇ ਵਿਚ ਪਸ਼ੂਪਾਲਨ ਵਿਭਾਗ ਦਾ ਨਾਮ ਬਦਲ ਕੇ ਪਸ਼ੂ ਸਿਹਤ ਅਤੇ ਭਲਾਈ ਕਰਨ ਦਾ ਮਤਾ ਵੀ ਹੈ। ਘੁੰਮਣਹੇੜਾ ਪਿੰਡ ਵਿਚ 18 ਏਕੜ ਜ਼ਮੀਨ 'ਤੇ ਗਊਸ਼ਾਲਾ ਦੇ ਨਾਲ ਬਿਰਧ ਆਸ਼ਰਮ ਬਣਾਇਆ ਜਾਵੇਗਾ। ਜਿਥੇ ਬਜ਼ੁਰਗ ਗਾਵਾਂ ਦੀ ਸੇਵਾ ਕੀਤੀ ਜਾ ਸਕੇਗੀ। ਹਰ ਜ਼ਿਲ੍ਹੇ ਵਿਚ 2-3 ਗਊਸ਼ਾਲਾਵਾਂ ਬਣਾਈਆਂ ਜਾਣਗੀਆਂ। ਇਥੇ ਪਸ਼ੂ-ਪੰਛੀਆ ਦੇ ਲਈ 24 ਘੰਟੇ ਮੈਡੀਕਲ ਸਹੂਲਤ ਉਪਲਬਧ ਹੋਵੇਗੀ। 16 ਜਨਵਰੀ ਨੂੰ ਤੀਸ ਹਜ਼ਾਰੀ ਦੇ ਕੋਲ ਪਾਇਲਟ ਪ੍ਰੌਜੈਕਟ ਅਧੀਨ ਇਕ ਹੋਰ ਹਸਪਤਾਲ ਵੀ ਸ਼ੁਰੂ ਕੀਤਾ ਜਾਵੇਗਾ।