ਔਲੀ 'ਚ ਸਕੀਇੰਗ ਸੈਲਫੀ ਲਈ ਸੈਲਾਨੀਆਂ ਨੂੰ ਖਰਚ ਕਰਨੇ ਪੈਣਗੇ 500 ਰੁਪਏ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੁਦਰਤੀ ਬਰਫ ਦੇ ਨਾਲ ਸਰਕਾਰ ਟੈਕਸ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਕਿਹੜਾ ਸੈਲਾਨੀ ਇਥੇ ਆਵੇਗਾ ਜੋ ਕਿ ਸੈਲਫੀ ਲਈ 500 ਰੁਪਏ ਤੱਕ ਖਰਚ ਕਰੇਗਾ।

Skiing in Auli

ਉਤਰਾਖੰਡ : ਸਕੀਇੰਗ ਲਈ ਭਾਰਤ ਹੀ ਨਹੀਂ ਸਗੋਂ ਦੁਨੀਆਂ ਭਰ ਵਿਚ ਮਸ਼ਹੂਰ ਔਲੀ ਵਿਖੇ ਹੁਣ ਸੈਲਾਨੀਆਂ ਲਈ ਆਉਣਾ ਸੌਖਾ ਨਹੀਂ ਰਿਹਾ। ਔਲੀ ਆਉਣ ਵਾਲੇ ਸੈਲਾਨੀਆਂ ਸਮੇਤ ਸਥਾਨਕ ਲੋਕਾਂ ਨੂੰ ਵੀ ਔਲੀ ਵਿਚ ਘੁੰਮਣ ਲਈ ਟੈਕਸ ਦੇਣਾ ਪਵੇਗਾ। ਔਲੀ ਦੀ ਢਲਾਣ ਵਿਖੇ ਘੁੰਮਣ 'ਤੇ ਸੈਰ-ਸਪਾਟਾ ਵਿਭਾਗ ਉਤਰਾਖੰਡ ਵੱਲੋਂ ਟੈਕਸ ਪ੍ਰਣਾਲੀ ਸ਼ੁਰੂ ਕਰ ਦਿਤੀ ਗਈ ਹੈ। ਸਥਾਨਕ ਲੋਕਾਂ 'ਤੇ 200 ਰੁਪਏ ਪ੍ਰਤਿ ਵਿਅਕਤੀ ਅਤੇ ਦੇਸ਼ ਵਿਦੇਸ਼ ਤੋਂ ਆਉਣ ਵਾਲੇ ਸੈਲਾਨੀਆਂ ਤੋਂ 500 ਰੁਪਏ ਪ੍ਰਤੀ ਵਿਅਕਤੀ ਟੈਕਸ ਲਿਆ ਜਾਵੇਗਾ।

ਸੈਰ ਸਪਾਟਾ ਵਿਭਾਗ ਵੱਲੋਂ ਗੜ੍ਹਵਾਲ ਬੋਰਡ ਵਿਕਾਸ ਨਿਗਮ ਨੂੰ ਇਹ ਜਿੰਮੇਵਾਰੀ ਦਿਤੀ ਗਈ ਹੈ। ਇਥੋਂ ਚੇਅਰ ਲਿਫਟ ਦੇ ਦਫ਼ਤਰ ਦੇ ਨੇੜੇ ਹੀ ਔਲੀ ਦੀ ਢਲਾਨ 'ਤੇ ਘੁੰਮਣ ਦਾ ਟੈਕਸ ਕਾਉਂਟਰ ਲਗਾ ਦਿਤਾ ਗਿਆ ਹੈ। ਵਿਭਾਗ ਵੱਲੋਂ ਇਥੇ ਗੜ੍ਹਵਾਲ ਬੋਰਡ ਵਿਕਾਸ ਨਿਗਮ ਵਿਚ ਕੰਮ ਕਰਦੇ ਇਕ ਵਿਅਕਤੀ ਦੀ ਤੈਨਾਤੀ ਕੀਤੀ ਗਈ ਹੈ ਜੋ ਕਿ ਹਰ ਔਲੀ ਘੁੰਮਣ ਆਉਣ ਅਤੇ ਜਾਣ ਵਾਲੇ ਵਿਅਕਤੀ 'ਤੇ ਨਜ਼ਰ ਰੱਖੇਗਾ ਅਤੇ ਟੈਕਸ ਦੀ ਪਰਚੀ ਕੱਟੇਗਾ। ਇਸ ਪ੍ਰਤੀ ਸਥਾਨਕ ਨੌਜਵਾਨਾ ਵਿਚ ਭਾਰੀ ਗੁੱਸਾ ਦੇਖਿਆ ਜਾ ਰਿਹਾ ਹੈ।

ਸਥਾਨਕ ਨੌਜਵਾਨ ਇਸ ਦਾ ਵਿਰੋਧ ਕਰ ਰਹੇ ਹਨ, ਕਿਉਂਕਿ ਬਰਫ ਪੈਣ ਦਾ ਸਮਾਂ ਤਾਂ ਸਿਰਫ 2 ਤੋਂ 3 ਮਹੀਨੇ ਤੱਕ ਦਾ ਹੁੰਦਾ ਹੈ। ਅਜਿਹੇ ਵਿਚ ਬਹੁਤ ਮੁਸ਼ਕਲ ਨਾਲ ਸੈਲਾਨੀਆਂ ਦੀ ਆਮਦ ਹੁੰਦੀ ਹੈ। ਜੇਕਰ ਸੈਰ ਸਪਾਟਾ ਵਿਭਾਗ ਵੱਲੋਂ ਅਜਿਹਾ ਕੀਤਾ ਜਾਂਦਾ ਹੈ ਤਾਂ ਇਸ ਨਾਲ ਸਥਾਨਕ ਹੀ ਸਗੋਂ ਬਾਹਰੋਂ ਆਉਣ ਵਾਲੇ ਸੈਲਾਨੀਆਂ ਦਾ ਰੁਝਾਨ ਵੀ ਘੱਟ ਜਾਵੇਗਾ। ਇਸ ਨਾਲ ਸਥਾਨਕ ਬੇਰੁਜ਼ਗਾਰਾਂ ਨੂੰ ਵੀ ਮੁਸ਼ਕਲ ਪੇਸ਼ ਆਵੇਗੀ। ਦੂਜੇ ਪਾਸੇ ਸਕੀਇੰਗ ਐਸੋਸੀਏਸ਼ਨ ਦੇ ਮੁਖੀ ਅਤੇ ਸਕੀਇੰਗ ਦੇ ਜਾਣਕਾਰ ਵਿਵੇਕ ਪਵਾਰ ਕਹਿਦੇ ਹਨ ਕਿ ਸਰਕਾਰ ਨੂੰ ਇਹ ਹੁਕਮ ਤੁਰਤ ਵਾਪਸ ਲੈਣਾ ਚਾਹੀਦਾ ਹੈ,

ਕਿਉਂਕਿ ਸਰਕਾਰ ਵੱਲੋਂ ਇਥੇ ਬਨਾਵਟੀ ਬਰਫ ਨਹੀਂ ਬਣਾਈ ਜਾ ਰਹੀ। ਕੁਦਰਤੀ ਬਰਫ ਦੇ ਨਾਲ ਸਰਕਾਰ ਟੈਕਸ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਕਿਹੜਾ ਸੈਲਾਨੀ ਇਥੇ ਆਵੇਗਾ ਜੋ ਕਿ ਸੈਲਫੀ ਲਈ 500 ਰੁਪਏ ਤੱਕ ਖਰਚ ਕਰੇਗਾ। ਇਸ ਟੈਕਸ ਦਾ ਸਥਾਨਕ ਲੋਕ ਵਿਰੋਧ ਕਰ ਰਹੇ ਹਨ। ਇਹਨਾਂ ਲੋਕਾਂ ਵੱਲੋਂ ਔਲੀ ਬੰਦ ਦੀ ਅਪੀਲ ਵੀ ਕੀਤੀ ਜਾ ਰਹੀ ਹੈ। ਇਸ ਫ਼ੈਸਲੇ  ਨੂੰ ਜਦ ਤੱਕ ਸੈਰ ਸਪਾਟਾ ਵਿਭਾਗ ਵੱਲੋਂ ਵਾਪਸ ਨਹੀਂ ਲਿਆ ਜਾਂਦਾ, ਉਸ ਵੇਲ੍ਹੇ ਤੱਕ ਉਹ ਇਸ ਦਾ ਲਗਾਤਾਰ ਵਿਰੋਧ ਕਰਦੇ ਰਹਿਣਗੇ।