ਰਾਖਵਾਂਕਰਨ ਬਿਲ : ਮੋਦੀ ਸਰਕਾਰ ਤੇ ਵਿਰੋਧੀ ਦਲਾਂ ਵਿਚ ਮੁਠਭੇੜ ਤਿੱਖੀ ਹੋਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਮ ਵਰਗ ਦੇ ਗ਼ਰੀਬ ਲੋਕਾਂ ਨੂੰ ਸਿਖਿਆ ਅਤੇ ਰੁਜ਼ਗਾਰ ਵਿਚ ਦਸ ਫ਼ੀ ਸਦੀ ਰਾਖਵਾਂਕਰਨ ਦੇਣ ਵਾਲੇ ਬਿੱਲ 'ਤੇ ਰਾਜ ਸਪਾ ਵਿਚ ਅੱਜ ਤਿੱਖੀ ਬਹਿਸ ਹੋਈ........

Narendra Modi

ਨਵੀਂ ਦਿੱਲੀ : ਆਮ ਵਰਗ ਦੇ ਗ਼ਰੀਬ ਲੋਕਾਂ ਨੂੰ ਸਿਖਿਆ ਅਤੇ ਰੁਜ਼ਗਾਰ ਵਿਚ ਦਸ ਫ਼ੀ ਸਦੀ ਰਾਖਵਾਂਕਰਨ ਦੇਣ ਵਾਲੇ ਬਿੱਲ 'ਤੇ ਰਾਜ ਸਪਾ ਵਿਚ ਅੱਜ ਤਿੱਖੀ ਬਹਿਸ ਹੋਈ। ਇਹ ਬਿੱਲ ਕਲ ਲੋਕ ਸਭਾ ਵਿਚ ਪਾਸ ਹੋ ਗਿਆ ਸੀ। ਸੰਵਿਧਾਨ ਸੋਧ ਬਿੱਲ 'ਤੇ ਰਾਜ ਸਭਾ ਵਿਚ ਹੋਈ ਚਰਚਾ ਵਿਚ ਵੱਖ ਵੱਖ ਪਾਰਟੀਆਂ ਦੇ ਮੈਂਬਰਾਂ ਨੇ ਇਸ ਦਾ ਸਮਰਥਨ ਕੀਤਾ ਹਾਲਾਂਕਿ ਮੁੱਖ ਵਿਰੋਧੀ ਧਿਰ ਕਾਂਗਰਸ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ 'ਤੇ ਤਿੱਖਾ ਹਮਲਾ ਬੋਲਦਿਆਂ ਬਿੱਲ ਲਿਆਂਦੇ ਜਾਣ ਦੇ ਸਮੇਂ 'ਤੇ ਸਵਾਲ ਕੀਤਾ ਅਤੇ ਦੋਸ਼ ਲਾਇਆ ਕਿ ਇਹ ਰਾਜਨੀਤੀ ਤੋਂ ਪ੍ਰੇਰਿਤ ਕਦਮ ਹੈ। 

ਸਦਨ ਵਿਚ ਕਾਂਗਰਸ ਦੇ ਉਪ ਨੇਤਾ ਆਨੰਦ ਸ਼ਰਮਾ ਨੇ ਸੰਵਿਧਾਨ ਸੋਧ ਬਿੱਲ 'ਤੇ ਚਰਚਾ ਵਿਚ ਹਿੱਸਾ ਲੈਂਦਿਆਂ ਸਵਾਲ ਕੀਤਾ ਕਿ ਅਜਿਹੀ ਕੀ ਗੱਲ ਹੋਈ ਕਿ ਇਹ ਬਿੱਲ ਹੁਣ ਲਿਆਉਣਾ ਪਿਆ? ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਤਿੰਨ ਰਾਜਾਂ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਹਾਰ ਮਗਰੋਂ ਸਰਕਾਰ ਨੇ ਇਹ ਕਦਮ ਚੁਕਿਆ ਹੈ। ਉਧਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ  ਇਸ ਬਿੱਲ ਦਾ ਬਚਾਅ ਕਰਦਿਆਂ ਕਿਹਾ ਕਿ ਇਹ ਬਿੱਲ ਸਾਧਨਹੀਣਾਂ ਦੀ ਤਰੱਕੀ ਦੀ ਦਿਸ਼ਾ ਵਿਚ ਇਤਿਹਾਸਕ ਕਦਮ ਹੈ। ਮੋਦੀ ਨੇ ਨਾਲ ਹੀ ਰਾਫ਼ੇਲ ਜਹਾਜ਼ ਸੌਦੇ 'ਤੇ ਕਾਂਗਰਸ ਪਾਰਟੀ ਦੀ ਮੁਹਿੰਮ ਬਾਰੇ ਸਵਾਲ ਖੜਾ ਕਰਦਿਆਂ ਕਿਹਾ ਕਿ ਵਿਰੋਧੀ ਪਾਰਟੀ ਦੱਸੇ

ਕਿ ਉਸ ਦੀ ਇਸ ਮੁਹਿੰਮ ਪਿੱਛੇ ਕਿਹੜੀ ਕਹਾਣੀ ਹੈ? ਇਸੇ ਦੌਰਾਨ ਰਾਜ ਸਭਾ ਵਿਚ ਵਾਰ-ਵਾਰ ਰੁਕਦੀ ਰਹੀ ਅਤੇ ਸਵੇਰੇ ਇਕ ਵਾਰ ਬੈਠਕ ਮੁਲਤਵੀ ਹੋਣ ਮਗਰੋਂ ਦੁਪਹਿਰ ਦੋ ਵਜੇ ਤਕ ਲਈ ਮੁਲਤਵੀ ਕਰ ਦਿਤੀ ਗਈ। ਇਹ ਬਿਲ ਕਲ ਲੋਕ ਸਭਾ ਵਿਚ ਪਾਸ ਹੋ ਗਿਆ ਸੀ ਅਤੇ ਅੱਜ ਰਾਜ ਸਭਾ ਵਿਚ ਇਸ ਬਾਰੇ ਬਹਿਸ ਹੋਈ। 
ਕਾਂਗਰਸ ਜਿਥੇ ਨਾਗਰਿਕਤਾ ਸਬੰਧੀ ਬਿੱਲ ਦਾ ਵਿਰੋਧ ਕਰ ਰਹੀ ਸੀ, ਉਥੇ ਡੀਐਮਕੇ ਸਮੇਤ ਕਈ ਹੋਰ ਪਾਰਟੀਆਂ ਰਾਖਵਾਂਕਰਨ ਸਬੰਧੀ ਬਿੱਲ ਨੂੰ ਸੀਲੈਕਟ ਕਮੇਟੀ ਵਿਚ ਭੇਜਣ ਦੀ ਮੰਗ ਕਰ ਰਹੀਆਂ ਸਨ।  

ਸ਼ਰਮਾ ਨੇ ਕਿਹਾ ਕਿ ਇਨ੍ਹਾਂ ਵਿਧਾਨ ਸਭਾ ਚੋਣਾਂ ਵਿਚ ਹਾਰ ਮਗਰੋਂ ਸੰਦੇਸ਼ ਮਿਲਿਆ ਕਿ ਉਹ ਠੀਕ ਕੰਮ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਸਰਕਾਰ ਜਦ ਅਪਣੇ ਕਾਰਜਕਾਲ ਦੇ ਆਖ਼ਰੀ ਦੌਰ ਵਿਚ ਹੈ ਤਾਂ ਉਸ ਨੇ ਇਹ ਕਦਮ ਚੁਕਿਆ ਹੈ। ਭਾਜਪਾ ਦੇ ਪ੍ਰਭਾਤ ਝਾਅ ਨੇ ਇਸ ਬਿੱਲ ਦਾ ਸਮਰਥਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਪਣੇ ਪਹਿਲੇ ਹੀ ਭਾਸ਼ਨ ਵਿਚ ਸਪੱਸ਼ਟ ਕਰ ਦਿਤਾ ਸੀ ਕਿ ਉਨ੍ਹਾਂ ਦੀ ਸਰਕਾਰ ਗ਼ਰੀਬਾਂ ਲਈ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਇਸ ਬਿੱਲ ਤੋਂ ਸਮਾਜ ਦਾ ਵੱਡਾ ਤਬਕਾ ਖ਼ੁਸ਼ ਹੈ। 

ਮੋਦੀ ਨੇ ਮਹਾਰਾਸ਼ਟਰ ਦੇ ਸੋਲਾਪੁਰ ਵਿਚ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਕਈ ਪ੍ਰਾਜੈਕਟਾਂ ਦੀ ਸ਼ੁਰੁਆਤ ਦਾ ਐਲਾਨ ਕਰਦਿਆਂ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰਾਖਵਾਂਕਰਨ ਦੇਣ ਵਾਲੇ ਬਿੱਲ ਨੂੰ ਸਹਿਜ ਤਰੀਕੇ ਨਾਲ ਪਾਸ ਕਰ ਕੇ ਲੋਕ ਸਭਾ ਨੇ ਉਨ੍ਹਾਂ ਲੋਕਾਂ ਨੂੰ ਤਗੜਾ ਜਵਾਬ ਦਿਤਾ ਹੈ ਜਿਹੜੇ ਝੂਠ ਫੈਲਾ ਰਹੇ ਹਨ। ਮੋਦੀ ਨੇ ਉਮੀਦ ਪ੍ਰਗਟ ਕੀਤੀ ਕਿ ਲੋਕਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਦਿਆਂ ਰਾਜ ਸਭਾ ਦੇ ਮੈਂਬਰ ਵੀ ਇਸ ਬਿੱਲ ਨੂੰ ਪਾਸ ਕਰਨਗੇ। ਰਾਜ ਸਭਾ ਵਿਚ ਕਾਫ਼ੀ ਰੌਲਾ ਰੱਪਾ ਪੈਣ ਕਾਰਨ ਬੈਠਕ ਇਕ ਵਾਰ ਮੁਲਤਵੀ ਕਰ ਦਿਤੀ ਗਈ। ਦੁਪਹਿਰ 12 ਵਜੇ ਬੈਠਕ ਦੁਬਾਰਾ ਸ਼ੁਰੂ ਹੋਈ।

ਉਪਸਭਾਪਤੀ ਹਰਿਵੰਸ਼ ਦੀ ਇਜਾਜ਼ਤ ਨਾਲ ਕੇਂਦਰੀ ਮੰਤਰੀ ਥਾਵਰਚੰਦ ਗਹਿਲੋਤ ਨੇ ਰਾਖਵਾਂਕਰਨ ਦੇਣ ਸਬੰਧੀ ਸੰਵਿਧਾਨ 12ਵਾਂ ਸੋਧ ਬਿੱਲ ਪੇਸ਼ ਕੀਤਾ ਪਰ ਕਾਂਗਰਸ ਦੇ ਮਧੂਸੂਦਨ ਮਿਸਤਰੀ ਨੇ ਵਿਵਸਥਾ ਦਾ ਹਵਾਲਾ ਦਿੰਦਿਆਂ ਬਿੱਲ ਨੂੰ ਅਧੂਰਾ ਦਸਿਆ ਅਤੇ ਚੇਅਰਮੈਨ ਨੂੰ ਬਿੱਲ 'ਤੇ ਚਰਚਾ ਦਾ ਸਮਾਂ ਨਾ ਦੱਸਣ 'ਤੇ ਵਿਵਸਥਾ ਦੇਣ ਦੀ ਬੇਨਤੀ ਕੀਤੀ। ਡੀਐਮਕੇ ਦੀ ਕਨੀਮੋਝੀ ਨੇ ਵੀ ਵਿਵਸਥਾ ਦਾ ਹਵਾਲਾ ਦਿਤਾ ਅਤੇ ਬਿੱਲ ਨੂੰ ਸਿਲੈਕਟ ਕਮੇਟੀ ਕੋਲ ਭੇਜਣ ਦੀ ਮੰਗ ਕੀਤੀ।

ਇਸੇ ਦੌਰਾਨ ਕਾਂਗਰਸ ਦੇ ਭੁਵਨੇਸ਼ਵਰ ਕਾਲਿਤਾ ਨੇ ਨਾਗਰਿਕਤਾ ਸਬੰਧੀ ਬਿੱਲ ਦੇ ਜ਼ਬਰਦਸਤ ਵਿਰੋਧ ਦਾ ਹਵਾਲਾ ਦਿੰਦਿਆਂ ਗ੍ਰਹਿ ਮੰਤਰੀ ਨੂੰ ਸਦਨ ਵਿਚ ਬਿਆਨ ਦੇਣ ਲਈ ਕਿਹਾ। ਸੰਸਦੀ ਕਾਰਜ ਰਾਜ ਮੰਤਰੀ ਵਿਜੇ ਗੋਇਲ ਨੇ ਨਾਗਰਿਕਤਾ ਸਬੰਧੀ ਬਿੱਲ ਕਾਰਨ ਸਦਨ ਵਿਚ ਹੰਗਾਮਾ ਕਰ ਰਹੇ ਕਾਂਗਰਸ ਮੈਂਬਰਾਂ ਨੂੰ ਸ਼ਾਂਤ ਹੋਣ ਲਈ ਕਿਹਾ ਪਰ ਇਸ ਦੇ ਬਾਵਜੂਦ ਰੌਲਾ ਪੈਂਦਾ ਰਿਹਾ। ਆਰਜੇਡੀ ਮੈਂਬਰ ਨੇ ਇਸ ਬਿੱਲ ਨੂੰ ਅੱਧੀ ਰਾਤ ਦੀ ਡਕੈਤੀ ਦਸਿਆ। ਸੀਪੀਐਮ ਦੇ ਟੀ ਕੇ ਰੰਗਰਾਜਨ ਅਤੇ ਪ੍ਰਭਾਤ ਝਾਅ ਨੇ ਬਿੱਲ ਬਾਰੇ ਚਰਚਾ ਵਿਚ ਹਿੱਸਾ ਲਿਆ ਪਰ ਰੌਲੇ ਕਾਰਨ ਬੈਠਕ ਦੋ ਵਜੇ ਤਕ ਮੁਲਤਵੀ ਕਰ ਦਿਤੀ ਗਈ। (ਏਜੰਸੀ)