ਹਰਿਦੁਆਰ ਧਰਮ ਸੰਸਦ ਮਾਮਲੇ 'ਤੇ ਸੁਣਵਾਈ ਲਈ ਤਿਆਰ ਸੁਪਰੀਮ ਕੋਰਟ
ਸਿੱਬਲ ਨੇ ਕਿਹਾ- ਬਦਲ ਰਿਹਾ ਹੈ Satyameva Jayate ਦਾ ਨਾਅਰਾ
ਨਵੀਂ ਦਿੱਲੀ - ਹਰਿਦੁਆਰ 'ਚ ਆਯੋਜਿਤ ਧਰਮ ਸੰਸਦ 'ਚ ਭੜਕਾਊ ਭਾਸ਼ਣਾਂ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ। ਹੁਣ ਇਸ ਮਾਮਲੇ ਦੀ ਸੁਪਰੀਮ ਕੋਰਟ ਵਿਚ ਸੁਣਵਾਈ ਹੋਈ। ਸੀਨੀਅਰ ਵਕੀਲ ਕਪਿਲ ਸਿੱਬਲ ਨੇ ਇਹ ਮਾਮਲਾ ਸੁਪਰੀਮ ਕੋਰਟ ਵਿਚ ਰੱਖਦਿਆਂ ਕਿਹਾ ਕਿ ਦੇਸ਼ ਵਿਚ ਸੱਤਿਯਾਮੇ ਵਜਯਤੇ ਦੀ ਥਾਂ ਹੁਣ ਸ਼ਾਸਤਰਮੇਵ ਜਯਤੇ ਦੀ ਗੱਲ ਹੋ ਰਹੀ ਹੈ। ਉਨ੍ਹਾਂ ਅਦਾਲਤ ਨੂੰ ਦੱਸਿਆ ਕਿ ਇਸ ਮਾਮਲੇ ਵਿਚ ਐਫਆਈਆਰ ਦਰਜ ਕੀਤੀ ਗਈ ਸੀ ਪਰ ਕੋਈ ਗ੍ਰਿਫ਼ਤਾਰੀ ਨਹੀਂ ਹੋਈ।
ਸਿੱਬਲ ਦੀਆਂ ਦਲੀਲਾਂ ਸੁਣਨ ਤੋਂ ਬਾਅਦ, ਸੀਜੇਆਈ ਐਨਵੀ ਰਮਨਾ ਨੇ ਪਟੀਸ਼ਨ ਨੂੰ ਸਵੀਕਾਰ ਕਰਦੇ ਹੋਏ ਸਪੱਸ਼ਟ ਕੀਤਾ ਕਿ ਇਸ ਮਾਮਲੇ 'ਤੇ ਅਗਲੀ ਸੁਣਵਾਈ ਜਾਰੀ ਰਹੇਗੀ। ਹਰਿਦੁਆਰ 'ਚ ਆਯੋਜਿਤ ਇਸ ਨਫ਼ਰਤੀ ਪ੍ਰੋਗਰਾਮ ਨੂੰ ਲੈ ਕੇ ਕਈ ਜਨਹਿੱਤ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਹਨ। ਹੁਣ ਸੁਪਰੀਮ ਕੋਰਟ ਉਨ੍ਹਾਂ ਬਾਰੇ ਸੁਣਵਾਈ ਕਰ ਰਹੀ ਹੈ। ਸੀਜੇਆਈ ਦੀ ਅਗਵਾਈ ਵਾਲੇ ਬੈਂਚ ਨੇ ਸੀਨੀਅਰ ਵਕੀਲ ਕਪਿਲ ਸਿੱਬਲ ਦੀਆਂ ਦਲੀਲਾਂ ਦਾ ਨੋਟਿਸ ਲਿਆ ਕਿ ਨਫ਼ਰਤ ਭਰੇ ਭਾਸ਼ਣ ਦੇਣ ਵਾਲਿਆਂ ਵਿਰੁੱਧ ਐਫਆਈਆਰ ਦਰਜ ਹੋਣ ਦੇ ਬਾਵਜੂਦ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ।
ਇਸ ਪਟੀਸ਼ਨ ਬਾਰੇ ਕਪਿਲ ਸਿੱਬਲ ਨੇ ਕਿਹਾ, ''ਮੈਂ ਇਹ ਜਨਹਿਤ ਪਟੀਸ਼ਨ 17 ਅਤੇ 19 ਦਸੰਬਰ ਨੂੰ ਹਰਿਦੁਆਰ 'ਚ ਧਰਮ ਸੰਸਦ 'ਚ ਵਾਪਰੀਆਂ ਘਟਨਾਵਾਂ ਨੂੰ ਲੈ ਕੇ ਦਾਇਰ ਕੀਤੀ ਹੈ। ਅਸੀਂ ਅਜਿਹੇ ਔਖੇ ਸਮੇਂ ਵਿਚ ਰਹਿ ਰਹੇ ਹਾਂ ਜਿੱਥੇ ਦੇਸ਼ ਵਿਚ ‘ਸਤਿਆਮੇਵ ਜਯਤੇ’ ਦਾ ਨਾਅਰਾ ਬਦਲ ਗਿਆ ਹੈ। ਇਸ ਤੋਂ ਬਾਅਦ ਸੀਜੇਆਈ ਰਮਨਾ ਨੇ ਕਿਹਾ, "ਠੀਕ ਹੈ, ਅਸੀਂ ਮਾਮਲੇ ਦੀ ਸੁਣਵਾਈ ਕਰਾਂਗੇ।"
ਦਰਅਸਲ, ਕੁਝ ਦਿਨ ਪਹਿਲਾਂ ਉੱਤਰਾਖੰਡ ਦੀ ਧਾਰਮਿਕ ਨਗਰੀ ਹਰਿਦੁਆਰ ਵਿਚ ਇੱਕ ਧਰਮ ਸਭਾ ਦਾ ਆਯੋਜਨ ਕੀਤਾ ਗਿਆ ਸੀ। ਜਿਸ ਵਿਚ ਕਈ ਸੰਸਥਾਵਾਂ ਦੇ ਮੁਖੀਆਂ ਨੇ ਸ਼ਮੂਲੀਅਤ ਕੀਤੀ। ਪਰ ਧਰਮਾਂ ਦੀ ਇਸ ਸੰਸਦ ਵਿਚ ਇੱਕ ਵਿਸ਼ੇਸ਼ ਫਿਰਕੇ ਦੇ ਖਿਲਾਫ਼ ਨਫਰਤ ਭਰੇ ਭਾਸ਼ਣ ਦਿੱਤੇ ਗਏ ਅਤੇ ਹਥਿਆਰ ਚੁੱਕਣ ਦੀ ਗੱਲ ਵੀ ਕੀਤੀ ਗਈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਗਿਆ ਸੀ। ਜਿਸ ਤੋਂ ਬਾਅਦ ਪੁਲਿਸ ਅਤੇ ਸਰਕਾਰ 'ਤੇ ਕਈ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਆਖ਼ਰਕਾਰ ਉੱਤਰਾਖੰਡ ਪੁਲਿਸ ਨੇ ਮਾਮਲਾ ਦਰਜ ਕਰ ਲਿਆ, ਪਰ ਅਜੇ ਤੱਕ ਕਿਸੇ ਵੀ ਮੁਲਜ਼ਮ ਖ਼ਿਲਾਫ਼ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਜਿਸ ਨੂੰ ਲੈ ਕੇ ਕਪਿਲ ਸਿੱਬਲ ਨੇ ਸੁਪਰੀਮ ਕੋਰਟ ਦਾ ਰੁਖ ਕੀਤਾ ਹੈ।