ਬੱਚਿਆਂ ਦੀ ਜਾਨ ਨਾਲ ਖਿਲਵਾੜ, ਮਿਡ-ਡੇ-ਮੀਲ ਦੇ ਖਾਣੇ 'ਚ ਪਕਾ ਦਿੱਤਾ ਸੱਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

30 ਬੱਚਿਆਂ ਦੀ ਹਾਲਤ ਗੰਭੀਰ

photo

 

ਬੀਰਭੂਮ: ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ ਤੋਂ ਲਾਪਰਵਾਹੀ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਖਾਣਾ ਖਾ ਕੇ ਕਈ ਸਕੂਲੀ ਬੱਚੇ ਬਿਮਾਰ ਹੋ ਗਏ। ਸਾਰਿਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਇਹ ਘਟਨਾ ਸੋਮਵਾਰ ਨੂੰ ਵਾਪਰੀ। ਦੱਸਿਆ ਗਿਆ ਹੈ ਕਿ ਬੱਚਿਆਂ ਦੇ ਖਾਣੇ 'ਚ ਕਥਿਤ ਤੌਰ 'ਤੇ ਸੱਪ ਪਾਇਆ ਗਿਆ ਸੀ। ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਬੱਚਿਆਂ ਦੇ ਮਾਪਿਆਂ ਨੇ ਸਕੂਲ ਦਾ ਘਿਰਾਓ ਕੀਤਾ ਅਤੇ ਨੇੜੇ ਖੜ੍ਹੇ ਦੋ ਪਹੀਆ ਵਾਹਨਾਂ ਦੀ ਭੰਨਤੋੜ ਕੀਤੀ। ਗੁੱਸੇ ਵਿੱਚ ਆਏ ਮਾਪਿਆਂ ਨੇ ਸਕੂਲ ਦੇ ਮੁੱਖ ਅਧਿਆਪਕ ਦਾ ਵੀ ਘਿਰਾਓ ਕੀਤਾ।

ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਮਯੂਰੇਸ਼ਵਰ ਬਲਾਕ ਵਿੱਚ ਇੱਕ ਪ੍ਰਾਇਮਰੀ ਸਕੂਲ ਦੇ ਲਗਭਗ 30 ਵਿਦਿਆਰਥੀ ਮਿਡ-ਡੇ-ਮੀਲ ਖਾਣ ਤੋਂ ਬਾਅਦ ਬਿਮਾਰ ਹੋ ਗਏ। ਖਾਣਾ ਤਿਆਰ ਕਰਨ ਵਾਲੇ ਸਕੂਲ ਦੇ ਇੱਕ ਕਰਮਚਾਰੀ ਨੇ ਵੀ ਦਾਅਵਾ ਕੀਤਾ ਕਿ ਦਾਲਾਂ ਨਾਲ ਭਰੇ ਇੱਕ ਡੱਬੇ ਵਿੱਚ ਸੱਪ ਮਿਲਿਆ ਹੈ।

ਉਹਨਾਂ ਨੇ ਕਿਹਾ ਕਿ ਬੱਚਿਆਂ ਨੂੰ ਖਾਣਾ ਖਾਣ ਤੋਂ ਬਾਅਦ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ। ਇਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਲਿਜਾਣਾ ਪਿਆ। ਬਲਾਕ ਵਿਕਾਸ ਅਧਿਕਾਰੀ ਦੀਪਾਂਜਨ ਜਾਨਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕਈ ਪਿੰਡ ਵਾਸੀਆਂ ਵੱਲੋਂ ਮਿਡ-ਡੇ-ਮੀਲ ਖਾਣ ਤੋਂ ਬਾਅਦ ਬੱਚਿਆਂ ਦੇ ਬੀਮਾਰ ਹੋਣ ਦੀਆਂ ਸ਼ਿਕਾਇਤਾਂ ਮਿਲੀਆਂ ਹਨ।

ਜਾਨਾ ਨੇ ਕਿਹਾ ਕਿ ਮੈਂ ਪ੍ਰਾਇਮਰੀ ਸਕੂਲਾਂ ਦੇ ਜ਼ਿਲ੍ਹਾ ਇੰਸਪੈਕਟਰ ਨੂੰ ਸੂਚਿਤ ਕਰ ਦਿੱਤਾ ਹੈ, ਜੋ 10 ਜਨਵਰੀ ਨੂੰ ਆਉਣਗੇ। ਅਧਿਕਾਰੀ ਨੇ ਦੱਸਿਆ ਕਿ ਇਕ ਨੂੰ ਛੱਡ ਕੇ ਬਾਕੀ ਸਾਰੇ ਬੱਚਿਆਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਉਹ ਖਤਰੇ ਤੋਂ ਬਾਹਰ ਹੈ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਾਪਿਆਂ ਨੇ ਸਕੂਲ ਦੇ ਮੁੱਖ ਅਧਿਆਪਕ ਦਾ ਘਿਰਾਓ ਕੀਤਾ ਅਤੇ ਉਹਨਾਂ ਦੇ ਦੋਪਹੀਆ ਵਾਹਨ ਨੂੰ ਨੁਕਸਾਨ ਪਹੁੰਚਾਇਆ।