ਮੁੰਬਈ ’ਚ ਜਨਮਦਿਨ ਵਾਲੇ ਦਿਨ ਸਿੱਖ ਔਰਤ ਦਾ ਕਤਲ ਕਰਨ ਵਾਲਾ ਉਸ ਦਾ ਪ੍ਰੇਮੀ ਗ੍ਰਿਫ਼ਤਾਰ
ਨਿਜੀ ਬੈਂਕ ’ਚ ਕੰਮ ਕਰਨ ਵਾਲੀ ਅਮਿਤ ਰਵਿੰਦਰ ਕੌਰ ’ਤੇ ਸ਼ੱਕ ਕਰਦਾ ਸੀ ਮੁਲਜ਼ਮ ਸ਼ੋਏਬ ਸ਼ੇਖ, 3 ਮਹੀਨੇ ਪਹਿਲਾਂ ਸੋਸ਼ਲ ਮੀਡੀਆ ਰਾਹੀਂ ਹੋਈ ਸੀ ਮੁਲਾਕਾਤ
ਮੁੰਬਈ: ਮੁੰਬਈ ਦੇ ਇਕ ਹੋਟਲ ’ਚ ਇਕ ਨਿੱਜੀ ਬੈਂਕ ’ਚ ਕੰਮ ਕਰਦੀ 35 ਸਾਲ ਦੀ ਬੈਂਕ ਮੈਨੇਜਰ ਦਾ ਉਸ ਤੋਂ ਉਮਰ ’ਚ 11 ਸਾਲ ਛੋਟੇ ਪ੍ਰੇਮੀ ਨੇ ਕਥਿਤ ਤੌਰ ’ਤੇ ਕਤਲ ਕਰ ਦਿਤਾ।
ਇਕ ਅਧਿਕਾਰੀ ਨੇ ਦਸਿਆ ਕਿ ਇਕ ਗੁਪਤ ਸੂਚਨਾ ਦੇ ਆਧਾਰ ’ਤੇ ਮੁੰਬਈ ਪੁਲਿਸ ਨੇ ਮੁਲਜ਼ਮ ਸ਼ੋਏਬ ਸ਼ੇਖ (24) ਨੂੰ ਉਪਨਗਰ ਸਾਕੀ ਨਾਕਾ ’ਚ ਉਸ ਦੇ ਘਰ ਤੋਂ ਤੜਕੇ ਗ੍ਰਿਫਤਾਰ ਕੀਤਾ। ਪੁੱਛ-ਪੜਤਾਲ ਦੌਰਾਨ ਮੁਲਜ਼ਮ ਨੇ ਪ੍ਰਗਟਾਵਾ ਕੀਤਾ ਕਿ ਉਹ ਸੋਮਵਾਰ ਨੂੰ ਅਪਣੀ ਪ੍ਰੇਮਿਕਾ ਐਮੀ ਉਰਫ ਅਮਿਤ ਰਵਿੰਦਰ ਕੌਰ (35) ਨਾਲ ਨਵੀਂ ਮੁੰਬਈ ਦੇ ਇਕ ਹੋਟਲ ਵਿਚ ਗਿਆ ਸੀ।
ਅਧਿਕਾਰੀ ਨੇ ਦਸਿਆ ਕਿ ਸ਼ੇਖ ਨੂੰ ਸ਼ੱਕ ਸੀ ਕਿ ਅਮਿਤ ਕੌਰ ਦਾ ਕਿਸੇ ਹੋਰ ਵਿਅਕਤੀ ਨਾਲ ਪ੍ਰੇਮ ਸਬੰਧ ਸੀ ਅਤੇ ਉਸ ਨੇ ਗੁੱਸੇ ’ਚ ਆ ਕੇ ਅਮ੍ਰਿਤ ਕੌਰ ਦਾ ਗਲਾ ਦਬਾ ਕੇ ਕਤਲ ਕਰ ਦਿਤਾ। 8 ਜਨਵਰੀ ਨੂੰ ਅਮਿਤ ਕੌਰ ਦਾ ਜਨਮਦਿਨ ਸੀ ਅਤੇ ਦੋਵੇਂ ਜਨਮਦਿਨ ਮਨਾਉਣ ਤੋਂ ਬਾਅਦ ਮੁੰਬਈ ਦੇ ਇਕ ਲੌਜ ’ਚ ਰੁਕੇ ਸਨ। ਕੁਝ ਦੇਰ ਬਾਅਦ ਸ਼ੋਏਬ ਉਥੋਂ ਚਲਾ ਗਿਆ। ਹਾਲਾਂਕਿ ਉਥੇ ਮੌਜੂਦ ਕਿਸੇ ਨੂੰ ਵੀ ਕੋਈ ਸ਼ੱਕ ਨਹੀਂ ਹੋਇਆ।
ਉਨ੍ਹਾਂ ਕਿਹਾ ਕਿ ਇਹ ਅਪਰਾਧ ਉਦੋਂ ਸਾਹਮਣੇ ਆਇਆ ਜਦੋਂ ਮੁੰਬਈ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਸ਼ੇਖ ਦੀਆਂ ਹਰਕਤਾਂ ਤੋਂ ਲਗਦਾ ਹੈ ਕਿ ਉਹ ਕਿਸੇ ਗੈਰਕਾਨੂੰਨੀ ਗਤੀਵਿਧੀ ’ਚ ਸ਼ਾਮਲ ਹੈ, ਜਿਸ ਤੋਂ ਬਾਅਦ ਉਹ ਸਾਕੀਨਾਕਾ ’ਚ ਉਸ ਦੇ ਘਰ ਪਹੁੰਚੇ।
ਪੁੱਛ-ਪੜਤਾਲ ਦੌਰਾਨ ਸ਼ੇਖ ਨੇ ਪੁਲਿਸ ਨੂੰ ਕਤਲ ਬਾਰੇ ਦਸਿਆ ਅਤੇ ਦਸਿਆ ਕਿ ਮੁੰਬਈ ਪੁਲਿਸ ਨੇ ਫਿਰ ਨਵੀਂ ਮੁੰਬਈ ਦੇ ਤੁਰਭੇ ਇਲਾਕੇ ’ਚ ਅਪਣੇ ਹਮਰੁਤਬਾ ਨੂੰ ਸੂਚਿਤ ਕੀਤਾ। ਅਧਿਕਾਰੀ ਨੇ ਦਸਿਆ ਕਿ ਤੁਰਭੇ ’ਚ ਪੁਲਿਸ ਦੀ ਇਕ ਟੀਮ ਹੋਟਲ ਪਹੁੰਚੀ, ਜਿੱਥੇ ਉਨ੍ਹਾਂ ਨੂੰ ਇਕ ਕਮਰੇ ’ਚ ਔਰਤ ਦੀ ਲਾਸ਼ ਮਿਲੀ।
ਉਸ ਨੇ ਕਿਹਾ ਕਿ ਪੀੜਤ ਆਈ.ਡੀ.ਐਫ.ਸੀ. ਬੈਂਕ ਦੀ ਨਵੀਂ ਮੁੰਬਈ ਬ੍ਰਾਂਚ ’ਚ ਮੈਨੇਜਰ ਵਜੋਂ ਕੰਮ ਕਰ ਰਹੀ ਸੀ। ਉਹ ਮੁੰਬਈ ਦੇ ਸਿਓਨ ਕੋਲੀਵਾੜਾ ਇਲਾਕੇ ਦੀ ਰਹਿਣ ਵਾਲੀ ਸੀ। ਉਸ ਦਾ ਕੁਝ ਸਮੇਂ ਪਹਿਲਾਂ ਅਪਣੇ ਪਤੀ ਨਾਲ ਤਲਾਕ ਹੋ ਗਿਆ ਸੀ। ਉਸ ਇਕ ਬੇਟੀ ਵੀ ਹੈ ਜੋ ਅਪਣੇ ਪਿਤਾ ਨਾਲ ਰਹਿੰਦੀ ਹੈ। ਪੀੜਤ ਔਰਤ ਅਪਣੀ ਮਾਂ ਨਾਲ ਜੀ.ਟੀ.ਬੀ. ਨਗਰ ’ਚ ਰਹਿੰਦੀ ਸੀ।
ਸ਼ੋਏਬ ਅਪਣੇ ਇਕ ਰਿਸ਼ਤੇਦਾਰ ਦੇ ਗੈਰਾਜ ’ਚ ਕੰਮ ਕਰਦਾ ਸੀ ਅਤੇ ਸਕੂਲ ਦੀ ਪੜ੍ਹਾਈ ਅੱਧ-ਵਿਚਾਲੇ ਛੱਡ ਗਿਆ ਸੀ। ਅਧਿਕਾਰੀ ਨੇ ਦਸਿਆ ਕਿ ਲਾਸ਼ ਮਿਲਣ ਤੋਂ ਬਾਅਦ ਸ਼ੇਖ ਨੂੰ ਭਾਰਤੀ ਦੰਡਾਵਲੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਗ੍ਰਿਫਤਾਰ ਕੀਤਾ ਗਿਆ, ਜਿਸ ’ਚ 302 (ਕਤਲ ਦੀ ਸਜ਼ਾ) ਸ਼ਾਮਲ ਹੈ।