Dallewal News: ਡੱਲੇਵਾਲ ਨੇ ਪੰਜਾਬ ਭਾਜਪਾ ਆਗੂਆਂ ਨੂੰ ਕਿਹਾ, ਜਥੇਦਾਰ ਨੂੰ ਮਿਲਣ ਦੀ ਬਜਾਏ ਪ੍ਰਧਾਨ ਮੰਤਰੀ ਮੋਦੀ ਕੋਲ ਜਾਉ
Dallewal News: ਵੀਡੀਉ ਸਦੇਸ਼ ’ਚ ਕਿਹਾ, ਜੇਕਰ ਪ੍ਰਧਾਨ ਮੰਤਰੀ ਮੰਗਾਂ ਮੰਨ ਲੈਂਦੇ ਹਨ ਤਾਂ ਮੈਂ ਮਰਨ ਵਰਤ ਛੱਡ ਦੇਵਾਂਗਾ
Dallewal News: ਪਿਛਲੇ ਲੰਮੇ ਸਮੇਂ ਤੋਂ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਨਾਜ਼ੁਕ ਹੁੰਦੀ ਜਾ ਰਹੀ ਹੈ। ਉਹ ਕਰੀਬ 46 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਹਨ। ਜਗਜੀਤ ਸਿੰਘ ਡੱਲੇਵਾਲ ਨੇ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਨੂੰ ਨਿਸ਼ਾਨਾ ਬਣਾਉਂਦੇ ਹੋਏ ਇਕ ਵੀਡੀਉ ਸੰਦੇਸ਼ ਸਾਂਝਾ ਕੀਤਾ ਹੈ। ਜੇਕਰ ਪ੍ਰਧਾਨ ਮੰਤਰੀ ਮੋਦੀ ਸਾਡੀਆਂ ਮੰਗਾਂ ਮੰਨ ਲੈਂਦੇ ਹਨ ਤਾਂ ਮੈਂ ਭੁੱਖ ਹੜਤਾਲ ਛੱਡ ਦੇਵਾਂਗਾ। ਮਰਨ ਵਰਤ ਸਾਡਾ ਕੋਈ ਵਪਾਰ ਨਹੀਂ, ਨਾ ਹੀ ਇਹ ਸਾਡਾ ਸ਼ੋਂਕ ਹੈ।
ਦੋ ਮਿੰਟ 58 ਸੈਕਿੰਡ ਦੀ ਵੀਡੀਉ ਵਿਚ ਕਿਸਾਨ ਆਗੂ ਨੇ ਦਸਿਆ ਕਿ ਉਨ੍ਹਾਂ ਨੂੰ ਦਸਿਆ ਗਿਆ ਹੈ ਕਿ ਭਾਜਪਾ ਦੀ ਪੰਜਾਬ ਇਕਾਈ ਨੇ ਅਕਾਲ ਤਖ਼ਤ ਨਾਲ ਸੰਪਰਕ ਕਰ ਕੇ ਜਥੇਦਾਰ ਨੂੰ ਮਰਨ ਵਰਤ ਖ਼ਤਮ ਕਰਨ ਲਈ ਕਹਿਣ ਦੀ ਬੇਨਤੀ ਕੀਤੀ ਹੈ। ਉਨ੍ਹਾਂ ਕਿਹਾ, ‘ਮੈਨੂੰ ਲੱਗਦਾ ਹੈ ਕਿ ਭਾਜਪਾ ਆਗੂ ਗ਼ਲਤ ਦਿਸ਼ਾ ਵਲ ਜਾ ਰਹੇ ਹਨ। ਉਨ੍ਹਾਂ ਨੂੰ ਅਕਾਲ ਤਖ਼ਤ ਕੋਲ ਜਾਣ ਦੀ ਬਜਾਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਫ਼ਤਰ ਤਕ ਪਹੁੰਚ ਕਰ ਕੇ ਮਾਮਲੇ ਦੇ ਹੱਲ ਲਈ ਉਨ੍ਹਾਂ ਦਾ ਦਖ਼ਲ ਲੈਣਾ ਚਾਹੀਦਾ ਹੈ।
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ, ‘ਤੁਹਾਨੂੰ ਉਪ ਰਾਸ਼ਟਰਪਤੀ ਜਗਦੀਪ ਧਨਖੜ ਦੇ ਦਫ਼ਤਰ ਜਾਣਾ ਚਾਹੀਦਾ ਹੈ, ਜੋ ਪਹਿਲਾਂ ਹੀ ਸਾਡੇ ਮੁੱਦੇ ’ਤੇ ਅਪਣੀ ਚਿੰਤਾ ਪ੍ਰਗਟ ਕਰ ਚੁਕੇ ਹਨ। ਤੁਹਾਨੂੰ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਦਫ਼ਤਰ ਵੀ ਜਾਣਾ ਚਾਹੀਦਾ ਹੈ। ਜਗਜੀਤ ਸਿੰਘ ਡੱਲੇਵਾਲ ਦੀ ਵਿਗੜਦੀ ਸਿਹਤ ਅਤੇ ਡਿੱਗਦੇ ਬੀਪੀ ਦੀਆਂ ਰਿਪੋਰਟਾਂ ਦੇ ਵਿਚਕਾਰ ਪ੍ਰਮੁੱਖ ਸਕੱਤਰ (ਸਿਹਤ) ਕੁਮਾਰ ਰਾਹੁਲ ਦੀ ਅਗਵਾਈ ਵਿਚ ਡਾਕਟਰਾਂ ਦੀ ਇਕ ਟੀਮ ਨੇ ਵੀਰਵਾਰ ਨੂੰ ਖਨੌਰੀ ਦਾ ਦੌਰਾ ਕਰ ਕੇ ਕਿਸਾਨ ਆਗੂ ਦੀ ਜਾਂਚ ਕੀਤੀ।