ਪਾਕਿਸਤਾਨ ’ਚ ਅਤਿਵਾਦੀ ਸਮੂਹਾਂ ਦੇ ਗਠਜੋੜ ਦਾ ਇਕ ਹੋਰ ਸਬੂਤ ਆਇਆ ਸਾਹਮਣੇ
ਲਹਿੰਦੇ ਪੰਜਾਬ ਦੇ ਇਕ ਪ੍ਰੋਗਰਾਮ ਦੌਰਾਨ ਦਿਸਿਆ ਹਮਾਸ ਦਾ ਕਾਰਕੁਨ
ਨਵੀਂ ਦਿੱਲੀ: ਪਾਕਿਸਤਾਨ ਵਿੱਚ ਹਮਾਸ ਦੇ ਉੱਚ ਪੱਧਰੀ ਆਪਰੇਟਿਵ ਦੀ ਮੌਜੂਦਗੀ ਨੇ ਇੱਕ ਵਾਰ ਫਿਰ ਅਤਿਵਾਦੀ ਸਮੂਹਾਂ ਵਿਚਕਾਰ "ਅਪਵਿੱਤਰ ਗਠਜੋੜ" ਨੂੰ ਬੇਨਕਾਬ ਕੀਤਾ ਹੈ। ਰਿਪੋਰਟਾਂ ਅਨੁਸਾਰ, ਇਹ ਮੌਜੂਦਗੀ ਦਰਸਾਉਂਦੀ ਹੈ ਕਿ ਪਾਕਿਸਤਾਨ ਦੀ ਧਰਤੀ ਅੰਤਰਰਾਸ਼ਟਰੀ ਅਤਿਵਾਦੀ ਗਰੁੱਪਾਂ ਲਈ ਸੁਰੱਖਿਅਤ ਠਿਕਾਣਾ ਬਣੀ ਹੋਈ ਹੈ।
ਕਈ ਰਿਪੋਰਟਾਂ ’ਚ ਕਿਹਾ ਗਿਆ ਹੈ ਕਿ ਪ੍ਰੋਗਰਾਮ ਦੇ ਇਕ ਵੀਡੀਓ ’ਚ ਦਿਸ ਰਿਹਾ ਵਿਅਕਤੀ ਹਮਾਸ ਦਾ ਸੀਨੀਅਰ ਕਮਾਂਡਰ ਨਾਜ਼ੀ ਜ਼ਹੀਰ ਹੈ ਜੋ ਪਾਕਿਸਤਾਨ ਮਰਕਾਜ਼ੀ ਮੁਸਲਿਮ ਲੀਡ (ਪੀ.ਐਮ.ਐਮ.ਐਲ.) ਦਾ ਮੈਂਬਰ ਹੈ। ਪੀ.ਐਮ.ਐਮ.ਐਲ. ਨੂੰ ਸੁਰੱਖਿਆ ਸਮੀਖਿਆਕਰਤਾ ਲਸ਼ਕਰੇ ਤੋਇਬਾ ਦਾ ਸਿਆਸੀ ਮੰਚ ਮੰਨਦੇ ਹਨ।
ਇਸ ਖੁਲਾਸੇ ਨਾਲ ਭਾਰਤ ਅਤੇ ਹੋਰ ਦੇਸ਼ਾਂ ਵਿੱਚ ਚਿੰਤਾ ਵਧ ਗਈ ਹੈ। ਰੀਪੋਰਟਾਂ ਅਨੁਸਾਰ "ਪਾਕਿਸਤਾਨ ਦੀ ਧਰਤੀ 'ਤੇ ਅਜਿਹੇ ਸਮੂਹਾਂ ਦੀ ਮੌਜੂਦਗੀ, ਖੇਤਰੀ ਸੁਰੱਖਿਆ ਲਈ ਗੰਭੀਰ ਖਤਰਾ ਹੈ।" ਇਹ ਗੱਲ ਵੀ ਉਜਾਗਰ ਕੀਤੀ ਗਈ ਹੈ ਕਿ ਪਾਕਿਸਤਾਨ ਪਹਿਲਾਂ ਵੀ ਅਲ-ਕਾਇਦਾ ਅਤੇ ਤਾਲਿਬਾਨ ਵਰਗੇ ਗਰੁੱਪਾਂ ਨੂੰ ਪਨਾਹ ਦੇਣ ਦੇ ਦੋਸ਼ਾਂ ਦਾ ਸਾਹਮਣਾ ਕਰਦਾ ਰਿਹਾ ਹੈ। ਇਸ ਨਾਲ ਸਪਸ਼ਟ ਹੁੰਦਾ ਹੈ ਕਿ ਹਮਾਸ ਵਰਗੇ ਗਰੁੱਪਾਂ ਦੀ ਮੌਜੂਦਗੀ ਸਿਰਫ਼ ਮੱਧ-ਪੂਰਬ ਤੱਕ ਸੀਮਿਤ ਨਹੀਂ ਰਹੀ, ਸਗੋਂ ਦੱਖਣੀ ਏਸ਼ੀਆ ਵਿੱਚ ਵੀ ਆਪਣਾ ਜਾਲ ਫੈਲਾ ਰਹੀ ਹੈ।