ਸਾਨੂੰ ਅਪਣੇ ਇਤਿਹਾਸ ਦਾ ਬਦਲਾ ਲੈਣਾ ਹੋਵੇਗਾ, ਹਰ ਪੱਖ ਤੋਂ ਮਜ਼ਬੂਤ ਭਾਰਤ ਬਣਾਉਣਾ ਹੋਵੇਗਾ: ਡੋਭਾਲ
ਇਤਿਹਾਸ ਦਾ ‘ਬਦਲਾ’ ਲੈਣ ਲਈ ਨਾ ਸਿਰਫ ਸਰਹੱਦਾਂ ਉਤੇ ਸਗੋਂ ਆਰਥਕ ਤੌਰ ਉਤੇ ਵੀ ਖ਼ੁਦ ਨੂੰ ਮਜ਼ਬੂਤ ਕਰਨਾ ਹੋਵੇਗਾ।
ਨਵੀਂ ਦਿੱਲੀ: ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਸਨਿਚਰਵਾਰ ਨੂੰ ਕਿਹਾ ਕਿ ਭਾਰਤ ਨੂੰ ਹਮਲਿਆਂ ਅਤੇ ਗੁਲਾਮੀ ਦੇ ਦਰਦਨਾਕ ਇਤਿਹਾਸ ਦਾ ‘ਬਦਲਾ’ ਲੈਣ ਲਈ ਨਾ ਸਿਰਫ ਸਰਹੱਦਾਂ ਉਤੇ ਸਗੋਂ ਆਰਥਕ ਤੌਰ ਉਤੇ ਵੀ ਖ਼ੁਦ ਨੂੰ ਮਜ਼ਬੂਤ ਕਰਨਾ ਹੋਵੇਗਾ।
ਇੱਥੇ ਵਿਕਸਿਤ ਭਾਰਤ ਨੌਜੁਆਨ ਨੇਤਾ ਸੰਵਾਦ ਦੇ ਉਦਘਾਟਨੀ ਸਮਾਰੋਹ ਵਿਚ ਵਿਸ਼ੇਸ਼ ਮਹਿਮਾਨ ਵਜੋਂ ਬੋਲਦਿਆਂ ਡੋਭਾਲ ਨੇ ਮਹਾਤਮਾ ਗਾਂਧੀ, ਸੁਭਾਸ਼ ਚੰਦਰ ਬੋਸ ਅਤੇ ਭਗਤ ਸਿੰਘ ਵਰਗੇ ਸੁਤੰਤਰਤਾ ਸੈਨਾਨੀਆਂ ਦੇ ਸੰਘਰਸ਼ਾਂ ਅਤੇ ਕੁਰਬਾਨੀਆਂ ਦਾ ਜ਼ਿਕਰ ਕੀਤਾ।
81 ਸਾਲ ਦੇ ਸਾਬਕਾ ਇੰਟੈਲੀਜੈਂਸ ਬਿਊਰੋ ਦੇ ਡਾਇਰੈਕਟਰ ਨੇ ਦੇਸ਼ ਭਰ ਦੇ 3,000 ਨੌਜੁਆਨ ਡੈਲੀਗੇਟਾਂ ਦੇ ਇਕੱਠ ਨੂੰ ਕਿਹਾ, ‘‘ਤੁਸੀਂ ਖੁਸ਼ਕਿਸਮਤ ਹੋ ਕਿ ਤੁਹਾਡਾ ਜਨਮ ਆਜ਼ਾਦ ਭਾਰਤ ’ਚ ਹੋਇਆ ਹੈ। ਮੇਰਾ ਜਨਮ ਇਕ ਬਸਤੀਵਾਦੀ ਭਾਰਤ ਵਿਚ ਹੋਇਆ ਸੀ। ਸਾਡੇ ਪੁਰਖਿਆਂ ਨੇ ਆਜ਼ਾਦੀ ਲਈ ਲੜਾਈ ਲੜੀ ਅਤੇ ਬਹੁਤ ਸਾਰੀਆਂ ਅਜ਼ਮਾਇਸ਼ਾਂ ਅਤੇ ਮੁਸੀਬਤਾਂ ’ਚੋਂ ਲੰਘੇ।’’
ਉਨ੍ਹਾਂ ਕਿਹਾ, ‘‘ਭਗਤ ਸਿੰਘ ਵਰਗੇ ਲੋਕਾਂ ਨੂੰ ਫਾਂਸੀ ਦਿਤੀ ਗਈ, ਸੁਭਾਸ਼ ਚੰਦਰ ਬੋਸ ਨੇ ਸਾਰੀ ਉਮਰ ਸੰਘਰਸ਼ ਕੀਤਾ ਅਤੇ ਆਜ਼ਾਦੀ ਪ੍ਰਾਪਤ ਕਰਨ ਲਈ ਮਹਾਤਮਾ ਗਾਂਧੀ ਨੂੰ ਸੱਤਿਆਗ੍ਰਹਿ ਕਰਨਾ ਪਿਆ।’’
ਉਨ੍ਹਾਂ ਕਿਹਾ, ‘‘ਬਦਲਾ ਇਕ ਚੰਗਾ ਸ਼ਬਦ ਨਹੀਂ ਹੈ, ਪਰ ਇਹ ਇਕ ਵੱਡੀ ਤਾਕਤ ਹੋ ਸਕਦੀ ਹੈ। ਸਾਨੂੰ ਅਪਣੇ ਇਤਿਹਾਸ ਦਾ ਬਦਲਾ ਲੈਣਾ ਪਵੇਗਾ ਅਤੇ ਇਸ ਦੇਸ਼ ਨੂੰ ਉਸ ਬਿੰਦੂ ਉਤੇ ਲਿਜਾਣਾ ਹੋਵੇਗਾ ਜਿੱਥੇ ਇਹ ਨਾ ਸਿਰਫ ਸਰਹੱਦੀ ਸੁਰੱਖਿਆ ਦੇ ਮਾਮਲੇ ’ਚ, ਬਲਕਿ ਆਰਥਕਤਾ, ਸਮਾਜਕ ਵਿਕਾਸ, ਹਰ ਪਹਿਲੂ ਦੇ ਮਾਮਲੇ ਵਿਚ ਮਹਾਨ ਹੈ।’’
ਪ੍ਰੋਗਰਾਮ ’ਚ ਮੌਜੂਦ ਲੋਕਾਂ ਨੂੰ ਭਵਿੱਖ ਦੇ ਨੇਤਾਵਾਂ ਦਾ ਸੱਦਾ ਦਿੰਦੇ ਹੋਏ ਡੋਭਾਲ ਨੇ ਮਜ਼ਬੂਤ ਲੀਡਰਸ਼ਿਪ ਦੀ ਜ਼ਰੂਰਤ ਉਤੇ ਜ਼ੋਰ ਦਿਤਾ, ਜਿਸ ਦਾ ਪ੍ਰਦਰਸ਼ਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਹੈ। ਉਨ੍ਹਾਂ ਕਿਹਾ, ‘‘ਨੈਪੋਲੀਅਨ ਨੇ ਇਕ ਵਾਰ ਕਿਹਾ ਸੀ, ‘ਮੈਂ ਭੇਡਾਂ ਦੀ ਅਗਵਾਈ ਵਾਲੇ 1,000 ਸ਼ੇਰਾਂ ਤੋਂ ਨਹੀਂ ਡਰਦਾ, ਪਰ ਮੈਂ ਸ਼ੇਰ ਦੀ ਅਗਵਾਈ ਵਿਚ 1,000 ਭੇਡਾਂ ਤੋਂ ਡਰਦਾ ਹਾਂ’। ਇਸ ਤੋਂ ਪਤਾ ਲਗਦਾ ਹੈ ਕਿ ਲੀਡਰਸ਼ਿਪ ਕਿੰਨੀ ਅਹਿਮ ਹੈ।’’
ਉਨ੍ਹਾਂ ਕਿਹਾ, ‘‘ਅਸੀਂ ਇਕ ਪ੍ਰਗਤੀਸ਼ੀਲ ਸਮਾਜ ਸੀ। ਅਸੀਂ ਦੂਜੀਆਂ ਸੱਭਿਅਤਾਵਾਂ ਜਾਂ ਉਨ੍ਹਾਂ ਦੇ ਮੰਦਰਾਂ ਉਤੇ ਹਮਲਾ ਨਹੀਂ ਕੀਤਾ, ਪਰ ਜਦੋਂ ਸੁਰੱਖਿਆ ਦੀ ਗੱਲ ਆਉਂਦੀ ਹੈ ਤਾਂ ਅਸੀਂ ਸਵੈ-ਜਾਗਰੂਕ ਨਹੀਂ ਸੀ, ਇਸ ਲਈ ਇਤਿਹਾਸ ਨੇ ਸਾਨੂੰ ਸਬਕ ਸਿਖਾਇਆ। ਕੀ ਅਸੀਂ ਇਹ ਸਬਕ ਸਿੱਖਿਆ ਹੈ? ਇਹ ਮਹੱਤਵਪੂਰਨ ਹੈ ਕਿ ਅਸੀਂ ਉਸ ਸਬਕ ਨੂੰ ਯਾਦ ਰੱਖੀਏ ਕਿਉਂਕਿ ਜੇ ਨੌਜੁਆਨ ਇਸ ਨੂੰ ਭੁੱਲ ਜਾਂਦੇ ਹਨ, ਤਾਂ ਇਹ ਦੇਸ਼ ਲਈ ਦੁਖਦਾਈ ਹੋਵੇਗਾ।’’
ਡੋਭਾਲ ਨੇ ਕਿਹਾ ਕਿ ਦੁਨੀਆਂ ਦਾ ਹਰ ਸੰਘਰਸ਼ ਸੁਰੱਖਿਆ ਚਿੰਤਾਵਾਂ ਤੋਂ ਪੈਦਾ ਹੁੰਦਾ ਹੈ। ਉਨ੍ਹਾਂ ਅੱਗੇ ਕਿਹਾ, ‘‘ਟਕਰਾਅ ਕਿਉਂ ਹੁੰਦਾ ਹੈ? ਅਜਿਹਾ ਨਹੀਂ ਹੈ ਕਿ ਲੋਕ ਮਨੋਰੋਗੀ ਹੁੰਦੇ ਹਨ ਅਤੇ ਲਾਸ਼ਾਂ ਨੂੰ ਵੇਖਣ ਦਾ ਅਨੰਦ ਲੈਂਦੇ ਹਨ। ਇਹ ਇਸ ਲਈ ਹੈ ਕਿਉਂਕਿ ਤੁਸੀਂ ਖ਼ੁਦ ਨੂੰ ਬਚਾਉਣ ਲਈ ਦੁਸ਼ਮਣ ਕੌਮ ਨੂੰ ਅਧੀਨ ਕਰਨਾ ਚਾਹੁੰਦੇ ਹੋ ਅਤੇ ਇਸ ਨੂੰ ਅਪਣੀਆਂ ਸ਼ਰਤਾਂ ਨਾਲ ਸਹਿਮਤ ਕਰਨਾ ਚਾਹੁੰਦੇ ਹੋ। ਤੁਸੀਂ ਇਸ ਸਮੇਂ ਦੁਨੀਆਂ ਵਿਚ ਕੋਈ ਵੀ ਟਕਰਾਅ ਵੇਖਦੇ ਹੋ, ਇਹ ਸੁਰੱਖਿਆ ਲਈ ਦੂਜੇ ਦੇਸ਼ ਉਤੇ ਅਪਣੀਆਂ ਸ਼ਰਤਾਂ ਥੋਪਣ ਬਾਰੇ ਹੈ।’’
ਉਨ੍ਹਾਂ ਕਿਹਾ, ‘‘ਇਸ ਲਈ, ਸਾਨੂੰ ਵੀ ਅਪਣੀ ਰੱਖਿਆ ਕਰਨੀ ਪਵੇਗੀ। ਇਹ ਇਕ ਸ਼ਕਤੀਸ਼ਾਲੀ ਭਾਵਨਾ ਹੈ; ਸਾਨੂੰ ਇਸ ਤੋਂ ਪ੍ਰੇਰਿਤ ਹੋਣਾ ਚਾਹੀਦਾ ਹੈ।’’
ਡੋਭਾਲ ਨੇ ਅਪਣੇ ਭਾਸ਼ਣ ਦੀ ਸ਼ੁਰੂਆਤ ਇਹ ਕਹਿ ਕੇ ਕੀਤੀ ਕਿ ਉਹ ਯੁਵਾ ਮਾਮਲੇ ਅਤੇ ਖੇਡ ਮੰਤਰੀ ਮਨਸੁਖ ਮਾਂਡਵੀਆ ਦੇ ਨੌਜੁਆਨਾਂ ਦੇ ਇਕੱਠ ਨੂੰ ਸੰਬੋਧਨ ਕਰਨ ਦੇ ਸੱਦੇ ਤੋਂ ਹੈਰਾਨ ਰਹਿ ਗਏ। ਉਨ੍ਹਾਂ ਕਿਹਾ, ‘ਸੁਪਨੇ ਜ਼ਿੰਦਗੀ ਨਹੀਂ ਬਣਾਉਂਦੇ, ਉਹ ਸਿਰਫ ਇਸ ਨੂੰ ਦਿਸ਼ਾ ਦਿੰਦੇ ਹਨ। ਸੁਪਨਿਆਂ ਨੂੰ ਸੱਚ ਕਰਨ ਲਈ, ਤੁਹਾਨੂੰ ਅਪਣੇ ਫੈਸਲਿਆਂ ਨੂੰ ਸਹੀ ਸਾਬਤ ਕਰਨਾ ਪਏਗਾ। ਨਾਲ ਹੀ, ਪ੍ਰੇਰਣਾ ਅਸਥਾਈ ਹੈ, ਪਰ ਅਨੁਸ਼ਾਸਨ ਸਥਾਈ ਹੈ। ਇਸ ਲਈ, ਨਾ ਛੱਡੋ, ਦ੍ਰਿੜ੍ਹਤਾ ਬਹੁਤ ਮਹੱਤਵਪੂਰਨ ਹੈ। ਅਪਣੇ ਆਪ ਉਤੇ ਵਿਸ਼ਵਾਸ ਨਾ ਗੁਆਓ।’’ ਉਨ੍ਹਾਂ ਕਿਹਾ ਕਿ ਨੌਜੁਆਨਾਂ ਨੂੰ ਤਕਨਾਲੋਜੀ ਅਤੇ ਵਿਗਿਆਨ ਵਿਚ ਨਵੀਨਤਾ ਉਤੇ ਧਿਆਨ ਦੇਣਾ ਚਾਹੀਦਾ ਹੈ।