ਮਨੀ ਲਾਂਡਰਿੰਗ ਮਾਮਲੇ ਵਿਚ ਤੀਜੀ ਵਾਰ ਈ.ਡੀ. ਸਾਹਮਣੇ ਪੇਸ਼ ਹੋਏ ਰਾਬਰਟ ਵਾਡਰਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਜੀਜੇ ਰਾਬਰਵਾਡਰਾ ਵਿਦੇਸ਼ 'ਚ ਜਾਇਦਾਦ ਖ਼ਰੀਦਣ 'ਚ ਕਾਲੇ ਧਨ ਨੂੰ ਚਿੱਟਾ ਕਰਨ ਨਾਲ ਜੁੜੇ ਇਕ ਮਾਮਲੇ ਵਿਚ ਸਨਿਚਰਵਾਰ ਨੂੰ ਤੀਜੀ ਵਾਰ.....

Robert Vadra

ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਜੀਜੇ ਰਾਬਰਟ ਵਾਡਰਾ ਵਿਦੇਸ਼ 'ਚ ਜਾਇਦਾਦ ਖ਼ਰੀਦਣ 'ਚ ਕਾਲੇ ਧਨ ਨੂੰ ਚਿੱਟਾ ਕਰਨ ਨਾਲ ਜੁੜੇ ਇਕ ਮਾਮਲੇ ਵਿਚ ਸਨਿਚਰਵਾਰ ਨੂੰ ਤੀਜੀ ਵਾਰ ਇਨਫ਼ੋਰਸਮੈਂਟ ਡਾਇਰੈਕਟੋਰੇਟ ਕੋਲ ਪੇਸ਼ ਹੋਏ। ਵਾਡਰਾ ਮੱਧ ਦਿੱਲੀ ਦੇ ਜਾਮਨਗਰ ਹਾਊਸ ਸਥਿਤ ਕੇਂਦਰੀ ਜਾਂਚ ਏਜੰਸੀ ਦੇ ਦਫ਼ਤਰ ਵਿਚ ਅਪਣੀ ਨਿਜੀ ਗੱਡੀ 'ਤੇ ਸਵੇਰੇ ਕਰੀਬ 10.45 'ਤੇ ਪਹੁੰਚੇ। ਅਧਿਕਾਰੀਆਂ ਨੇ ਦਸਿਆ ਕਿ ਜਾਂਚ ਅਧਿਕਾਰੀ ਨੇ ਵਾਡਰਾ ਤੋਂ ਹੋਰ ਸਵਾਲ ਪੁਛਣੇ ਸਨ ਇਸ ਲਈ ਉਨ੍ਹਾਂ ਨੂੰ ਸਨਿਚਰਵਾਰ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ। ਇਸ ਤੋਂ ਪਹਿਲਾਂ ਉਨ੍ਹਾਂ ਤੋਂ ਛੇ ਅਤੇ ਸੱਤ ਫ਼ਰਵਰੀ ਨੂੰ ਪੁਛਗਿਛ ਕੀਤੀ ਗਈ ਸੀ। 

ਵਾਡਰਾ ਤੋਂ ਪਹਿਲੀ ਵਾਰ ਕਰੀਬ ਸਾਢੇ 5 ਘੰਟੇ ਅਤੇ ਦੂਜੀ ਵਾਰ ਕਰੀਬ 9 ਘੰਟੇ ਤਕ ਪੁੱਛ-ਪੜਤਾਲ ਕੀਤੀ ਗਈ ਸੀ। ਮੰਨਿਆ ਜਾ ਰਿਹਾ ਹੈ ਕਿ ਪਿਛਲੀ ਵਾਰ ਪੁੱਛ-ਪੜਤਾਲ ਦੌਰਾਨ ਵਾਡਰਾ ਦਾ 'ਸਾਹਮਣਾ' ਉਨ੍ਹਾਂ ਦਸਤਾਵੇਜ਼ਾਂ ਨਾਲ ਕਰਵਾਇਆ ਗਿਆ ਜੋ ਏਜੰਸੀ ਨੇ ਮਾਮਲੇ ਦੀ ਜਾਂਚ ਦੌਰਾਨ ਹਾਸਲ ਜਾਂ ਜ਼ਬਤ ਕੀਤੇ ਹਨ। ਉਨ੍ਹਾਂ ਵਿਚ ਫ਼ਰਾਰ ਰਖਿਆ ਡੀਲਰ ਸੰਜੇ ਭੰਡਾਰੀ ਨਾਲ ਜੁੜੇ ਦਸਤਾਵੇਜ਼ ਵੀ ਸ਼ਾਮਲ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਵਾਡਰਾ ਨੇ ਜਾਂਚ ਅਧਿਕਾਰੀ ਨਾਲ ਦਸਤਾਵੇਜ਼ ਸਾਂਝੇ ਕੀਤੇ ਅਤੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਹੋਰ ਦਸਤਾਵੇਜ਼ ਮਿਲਣਗੇ, ਉਨ੍ਹਾਂ ਨੂੰ ਵੀ ਸਾਂਝਾ ਕੀਤਾ ਜਾਵੇਗਾ। 

ਜ਼ਿਕਰਯੋਗ ਹੈ ਕਿ ਇਹ ਮਾਮਲਾ ਲੰਡਨ 'ਚ ਬ੍ਰਾਇਨਸਟਨ ਸੁਕੇਅਰ 'ਤੇ 19 ਲੱਖ ਬ੍ਰਿਟਿਸ਼ ਪਾਊਂਡ ਦੀ ਜਾਇਦਾਦ ਖ਼ਰੀਦਣ ਵਿਚ ਕਥਿਤ ਰੂਪ ਵਿਚ ਕਾਲੇ ਧਨ ਨੂੰ ਚਿੱਟਾ ਕਰਨ ਨਾਲ ਸਬੰਧਤ ਹੈ। ਇਹ ਜਾਇਦਾਦ ਕਥਿਤ ਤੌਰ 'ਤੇ ਰਾਬਰਟ ਵਾਡਰਾ ਦੀ ਹੈ। ਇਸ ਜਾਂਚ ਏਜੰਸੀ ਨੇ ਦਿੱਲੀ ਦੀ ਇਕ ਅਦਾਲਤ ਨੂੰ ਇਹ ਵੀ ਕਿਹਾ ਸੀ ਕਿ ਉਸ ਨੂੰ ਲੰਡਨ 'ਚ ਕਈ ਨਵੀਆਂ ਜਾਇਦਾਦਾਂ ਬਾਰੇ ਸੂਚਨਾ ਮਿਲੀ ਹੈ ਜੋ ਵਾਡਰਾ ਦੀਆਂ ਹਨ। ਉਨ੍ਹਾਂ ਵਿਚ 50 ਅਤੇ 40 ਲੱਖ ਬ੍ਰਿਟਿਸ਼ ਪਾਊਂਡ ਦੇ ਦੋ ਘਰ ਅਤੇ ਛੇ ਹੋਰ ਫ਼ਲੈਟ ਅਤੇ ਹੋਰ ਜਾਇਦਾਦਾਂ ਹਨ। ਵਾਡਰਾ ਨੇ ਅਪਣੇ 'ਤੇ ਲੱਗੇ ਦੋਸ਼ਾਂ ਨੂੰ ਨਕਾਰਿਆ ਹੈ ਅਤੇ ਦੋਸ਼ ਲਾਇਆ ਹੈ ਕਿ ਸਿਆਸੀ ਹਿਤ ਕਾਰਨ ਉਨ੍ਹਾਂ ਨੂੰ 'ਪ੍ਰੇਸ਼ਾਨ'

ਕੀਤਾ ਜਾ ਰਿਹਾ ਹੈ।  ਈ.ਡੀ. ਸਾਹਮਣੇ ਵਾਡਰਾ ਦੀ ਪੇਸ਼ੀ ਨੇ ਸਿਆਸੀ ਰੰਗ ਲੈ ਲਿਆ ਹੈ। ਕਾਂਗਰਸ ਦੀ ਜਨਰਲ ਸਕੱਤਰ ਅਤੇ ਪੂਰਬੀ ਉੱਤਰ ਪ੍ਰਦੇਸ਼ ਦੀ ਇੰਚਾਰਜ ਨਿਯੁਕਤ ਕੀਤੀ ਉਨ੍ਹਾਂ ਦੀ ਪਤਨੀ ਪ੍ਰਿਅੰਕਾ ਗਾਂਧੀ ਬੁਧਵਾਰ ਨੂੰ ਉਨ੍ਹਾਂ ਨਾਲ ਈ.ਡੀ. ਦਫ਼ਤਰ ਤਕ ਗਈ ਸੀ ਜਦਕਿ ਵੀਰਵਾਰ ਨੂੰ ਉਹ ਪੁੱਛ-ਪੜਤਾਲ ਮਗਰੋਂ ਉਨ੍ਹਾਂ ਨਾਲ ਘਰ ਵਾਪਸ ਆਈ। ਦਸਿਆ ਜਾ ਰਿਹਾ ਹੈ ਕਿ ਵਾਡਰਾ ਨੇ ਬੀਕਾਨੇਰ 'ਚ ਇਕ ਜ਼ਮੀਨੀ ਘਪਲੇ ਸਬੰਧੀ ਮਨੀ ਲਾਂਡਰਿੰਗ ਮਾਮਲੇ 'ਚ ਜੈਪੁਰ ਵਿਖੇ 12 ਫ਼ਰਵਰੀ ਨੂੰ ਈ.ਡੀ. ਸਾਹਮਣੇ ਪੇਸ਼ ਹੋਣਾ ਹੈ। ਰਾਜਸਥਾਨ ਹਾਈ ਕੋਰਟ ਨੇ ਉਨ੍ਹਾਂ ਨੂੰ ਮਾਮਲੇ ਵਿਚ ਏਜੰਸੀ ਨਾਲ ਸਹਿਯੋਗ ਕਰਨ ਦਾ ਹੁਕਮ ਦਿਤਾ ਸੀ। (ਪੀਟੀਆਈ)