ਐਨ.ਪੀ.ਪੀ. ਨੇ ਐਨ.ਡੀ.ਏ. ਤੋਂ ਅਲੱਗ ਹੋਣ ਦੀ ਦਿਤੀ ਧਮਕੀ
ਉੱਤਰ ਪੂਰਬ ਵਿਚ ਨਾਗਰਿਕਤਾ ਬਿੱਲ ਦਾ ਵੱਡੇ ਪੱਧਰ 'ਤੇ ਹੋ ਰਹੇ ਵਿਰੋਧ ਦੌਰਾਨ ਨੈਸ਼ਨਲ ਪੀਪਲਜ਼ ਪਾਰਟੀ ਦੇ ਪ੍ਰਧਾਨ ਅਤੇ.....
ਸ਼ਿਲਾਂਗ : ਉੱਤਰ ਪੂਰਬ ਵਿਚ ਨਾਗਰਿਕਤਾ ਬਿੱਲ ਦਾ ਵੱਡੇ ਪੱਧਰ 'ਤੇ ਹੋ ਰਹੇ ਵਿਰੋਧ ਦੌਰਾਨ ਨੈਸ਼ਨਲ ਪੀਪਲਜ਼ ਪਾਰਟੀ ਦੇ ਪ੍ਰਧਾਨ ਅਤੇ ਮੇਘਾਲਿਆ ਦੇ ਮੁੱਖ ਮੰਤਰੀ ਕੋਨਰਾਡ ਕੇ. ਸੰਗਮਾ ਨੇ ਧਮਕੀ ਦਿਤੀ ਕਿ ਜੇਕਰ ਇਹ ਬਿੱਲ ਰਾਜ ਸਭਾ ਵਿਚ ਪਾਸ ਹੁੰਦਾ ਹੈ ਤਾਂ ਉਨ੍ਹਾਂ ਦੀ ਪਾਰਟੀ ਕੇਂਦਰ 'ਚ ਸੱਤਾਧਾਰੀ ਐਨ.ਡੀ.ਏ. ਤੋਂ ਅੱਲਗ ਹੋ ਜਾਏਗੀ। ਸੰਗਮਾ ਨੇ ਕਿਹਾ ਕਿ ਐਨ.ਪੀ.ਪੀ. ਦੀ ਇਥੇ ਸਨਿਚਰਵਾਰ ਨੂੰ ਹੋਈ ਮਹਾਂਸਭਾ ਵਿਚ ਇਸ ਸਬੰਧੀ ਇਕ ਮਤਾ ਪਾਸ ਕੀਤਾ ਗਿਆ। ਉਨ੍ਹਾਂ ਦਸਿਆ ਕਿ ਐਨ.ਪੀ.ਪੀ. ਮੇਘਾਲਿਆ ਤੋਂ ਇਲਾਵਾ ਅਰੁਣਾਚਲ ਪ੍ਰਦੇਸ਼, ਮਣੀਪੁਰ ਅਤੇ ਨਾਗਾਲੈਂਡ ਦੀਆਂ ਸਰਕਾਰਾਂ ਨੂੰ ਸਮੱਰਥਨ ਦੇ ਰਹੀ ਹੈ।
ਮਹਾਂਸਭਾ ਵਿਚ ਇਨ੍ਹਾਂ ਚਾਰਾਂ ਉੱਤਰ-ਪੂਰਬੀ ਰਾਜਾਂ ਦੇ ਪਾਰਟੀ ਨੇਤਾ ਮੌਜੂਦ ਸਨ। ਸੰਗਮਾਂ ਨੇ ਬੈਠਕ ਮਗਰੋਂ ਪੱਤਰਕਾਰਾਂ ਨੂੰ ਦਸਿਆ, 'ਪਾਰਟੀ ਨੇ ਇਕ ਮਤੇ ਤਹਿਤ ਇਸ ਪੇਸ਼ਕਸ਼ ਨੂੰ ਮਨਜ਼ੂਰ ਕੀਤਾ ਹੈ ਜਿਸ ਵਿਚ ਨਾਗਰਿਕਤਾ ਸੋਧ ਬਿੱਲ 2016 ਦਾ ਵਿਰੋਧ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਜੇਕਰ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਐਨ.ਪੀ.ਪੀ. ਐਨ.ਡੀ.ਏ. ਨਾਲੋਂ ਅਪਣਾ ਗਠਬੰਧਨ ਤੋੜ ਦੇਵੇਗਾ। ' ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਮਹਾਂਸਭਾ ਵਿਚ ਕੀਤਾ ਗਿਆ। (ਪੀਟੀਆਈ)