ਦੇਸ਼ ਦਾ ਪਹਿਲਾ ਆਪਰੇਸ਼ਨ, ਜਾਨਵਰ ਦੇ ਦਿਲ 'ਚ ਫਿੱਟ ਕੀਤਾ ਗਿਆ ਪੇਸਮੇਕਰ
ਕੌਮੀ ਰਾਜਧਾਨੀ ਦਿੱਲੀ ਵਿਚ ਸਾਢੇ ਸੱਤ ਸਾਲ ਦੀ ਕੌਕਰ ਸਪੇਨੀਅਲ ਨਸਲ ਦੀ ਕੁੱਤੀ ਦੇ ਦਿਲ ਵਿਚ ਪੇਸਮੇਕਰ ਲਾਇਆ ਗਿਆ ਹੈ। ਪਸ਼ੂਆਂ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਇਹ...
ਨਵੀਂ ਦਿੱਲੀ : ਕੌਮੀ ਰਾਜਧਾਨੀ ਦਿੱਲੀ ਵਿਚ ਸਾਢੇ ਸੱਤ ਸਾਲ ਦੀ ਕੌਕਰ ਸਪੇਨੀਅਲ ਨਸਲ ਦੀ ਕੁੱਤੀ ਦੇ ਦਿਲ ਵਿਚ ਪੇਸਮੇਕਰ ਲਾਇਆ ਗਿਆ ਹੈ। ਪਸ਼ੂਆਂ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਇਹ ਦੇਸ਼ ਵਿਚ ਕਿਸੇ ਪਸ਼ੂ ਦਾ ਇਸ ਤਰ੍ਹਾਂ ਦਾ ਪਹਿਲਾ ਆਪਰੇਸ਼ਨ ਹੈ ਜਿਸ ਰਾਹੀਂ ਪੇਸਮੇਕਰ ਫ਼ਿਟ ਕੀਤਾ ਗਿਆ ਹੈ। ਖ਼ੁਸ਼ੀ ਦੇ ਦਿਲ ਦੀ ਹਾਲਤ ਬਹੁਤ ਖ਼ਰਾਬ ਹੋ ਗਈ ਸੀ ਅਤੇ ਦਿਲ ਦੀ ਧੜਕਨ 20 ਬੀਟ ਪ੍ਰਤੀ ਮਿੰਟਾਂ ਤਕ ਡਿੱਗ ਗਈ ਸੀ ਜਦਕਿ ਆਮ ਤੌਰ 'ਤੇ ਇਹ 60-120 ਹੋਣੀ ਚਾਹੀਦੀ ਹੈ।
ਗਰੇਟਰ ਕੈਲਾਸ਼ ਦੇ ਨਿਜੀ ਹਸਪਤਾਲ ਦੇ ਡਾ. ਭਾਨੂ ਦੇਵ ਸ਼ਰਮਾ ਨੇ ਕਿਹਾ, 'ਉੁਸ ਦਾ ਦਿਲ ਉਸ ਗਤੀ ਨਾਲ ਨਹੀਂ ਧੜਕ ਰਿਹਾ ਸੀ ਜੋ ਦਿਲ ਦੇ ਆਮ ਤੌਰ 'ਤੇ ਕੰਮ ਕਰਨ ਲਈ ਜ਼ਰੂਰੀ ਹੁੰਦਾ ਹੈ। ਦਿਲ ਵਿਚੋਂ ਨਿਕਲਣ ਵਾਲੇ ਖ਼ੂਨ ਦੀ ਮਿਕਦਾਰ ਵੀ ਖ਼ਾਸੀ ਘਟ ਗਈ ਸੀ ਅਤੇ ਖ਼ੁਸ਼ੀ ਕਈ ਵਾਰ ਬੇਹੋਸ਼ ਵੀ ਹੋ ਗਈ ਸੀ।' ਉਨ੍ਹਾਂ ਦਸਿਆ ਕਿ ਪਿਛਲੇ ਸਾਲ ਫ਼ਰਵਰੀ ਵਿਚ ਕੰਨ ਦੇ ਆਪਰੇਸ਼ਨ ਦੌਰਾਨ ਉਹ ਮਰਨ ਵਾਲੀ ਸੀ ਪਰ ਡਾਕਟਰਾਂ ਨੇ ਉਸ ਨੂੰ ਬਚਾ ਲਿਆ ਸੀ।
ਇਸ ਤੋਂ ਬਾਅਦ ਖ਼ੁਸ਼ੀ ਨੂੰ ਨਿਗਰਾਨੀ ਵਿਚ ਰਖਿਆ ਗਿਆ ਅਤੇ ਈਸੀਜੀ ਤੋਂ ਪਤਾ ਲੱਗਾ ਕਿ ਰੁਕਾਵਟ ਕਾਰਨ ਉਸ ਦਾ ਦਿਲ ਠੀਕ ਨਾਲ ਕੰਮ ਨਹੀਂ ਕਰ ਰਿਹਾ ਸੀ।
ਡਾਕਟਰ ਭਾਨੂ ਅਤੇ ਡਾਕਟਰ ਕ੍ਰਿਣਾਲ ਦੇਵ ਸ਼ਰਮਾ ਨੇ ਇਸ ਮਾਮਲੇ ਸਬੰਧੀ ਯੂਰਪੀ ਡਾਕਟਰਾਂ ਨਾਲ ਚਰਚਾ ਕੀਤੀ ਅਤੇ ਕੁੱਤੀ ਦੇ ਦਿਲ ਵਿਚ ਪੇਸਮੇਕਰ ਲਾਉਣ ਲਈ ਆਪਰੇਸ਼ਨ ਦੀ ਯੋਜਨਾ ਬਣਾਈ। ਅਜਿਹਾ ਆਪਰੇਸ਼ਨ ਭਾਰਤ ਵਿਚ ਪਹਿਲਾਂ ਕਦੇ ਨਹੀਂ ਹੋਇਆ।
ਪਿਛਲੇ ਸਾਲ 15 ਦਸੰਬਰ ਨੂੰ ਉਸ ਦੇ ਦਿਲ ਵਿਚ ਪੇਸਮੇਕਰ ਲਾਇਆ ਗਿਆ ਸੀ। ਇਸ ਆਪਰੇਸ਼ਨ ਵਿਚ ਡੇਢ ਘੰਟੇ ਦਾ ਵਕਤ ਲੱਗਾ ਸੀ। ਪੇਸਮੇਕਰ ਛੋਟਾ ਜਿਹਾ ਡਾਕਟਰੀ ਉਪਕਰਨ ਹੁੰਦਾ ਹੈ ਜਿਹੜੇ ਦਿਲ ਦੀ ਧੜਕਣ ਨੂੰ ਕੰਟਰੋਲ ਕਰਨ ਲਈ ਛਾਤੀ ਜਾਂ ਪੇਟ ਵਿਚ ਫ਼ਿਟ ਕੀਤਾ ਜਾਂਦਾ ਹੈ।