35 ਸਾਲ ਪੁਰਾਣੇ ਦਿੱਲੀ ਬੰਬ ਧਮਾਕਿਆਂ ਚੋਂ 30 ਪੰਜਾਬੀ ਬਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

49 ਮੁਲਜ਼ਮਾਂ ਵਿੱਚੋਂ 30 ਨੂੰ ਬਰੀ ਕਰ ਦਿੱਤਾ ਹੈ

File

ਨਵੀਂ ਦਿੱਲੀ- ਉੱਤਰੀ ਭਾਰਤ ’ਚ ਹੋਏ ਟ੍ਰਾਂਜ਼ਿਸਟਰ ਬੰਬ ਧਮਾਕਿਆਂ ਦੇ ਲਗਭਗ 35 ਸਾਲਾਂ ਪਿੱਛੋਂ ਦਿੱਲੀ ਦੀ ਇੱਕ ਅਦਾਲਤ ਨੇ ‘ਦੋਸ਼–ਪੂਰਨ, ਇੱਕ ਤਰਫ਼ਾ, ਅਣਉਚਿਤ’ ਅਤੇ ‘ਦੋਸ਼–ਪੂਰਨ’ ਜਾਂਚ ਕਾਰਨ 49 ਮੁਲਜ਼ਮਾਂ ਵਿੱਚੋਂ 30 ਨੂੰ ਬਰੀ ਕਰ ਦਿੱਤਾ ਹੈ ਤੇ ਉਹ ਲਗਭਗ ਸਾਰੇ ਹੀ ਪੰਜਾਬੀ ਹਨ।

ਵਧੀਕ ਸੈਸ਼ਨਜ਼ ਜੱਜ ਸੰਦੀਪ ਯਾਦਵ ਨੇ ਕਿਹ ਕਿ ਜਾਂਚ ਵਿੱਚ ਬਹੁਤ ਸਾਰੀਆਂ ਖ਼ਾਮੀਆਂ ਰਹੀਆਂ ਤੇ ਇੰਝ ਦੋਸ਼–ਪੂਰਨ ਜਾਂਚ ਦੌਰਾਨ ਇਕੱਠੇ ਕੀਤੇ ਗਏ ਸਬੂਤ ਦੇ ਆਧਾਰ ’ਤੇ 35 ਸਾਲ ਪੁਰਾਣੇ ਮਾਮਲੇ ’ਚ ਮੁਲਜ਼ਮਾਂ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਇੱਥੇ ਵਰਨਣਯੋਗ ਹੈ ਕਿ ਦਿੱਲੀ ’ਚ ਬੱਸਾਂ ਤੇ ਹੋਰ ਜਨਤਕ ਸਥਾਨਾਂ ਅਤੇ ਉੱਤਰ ਪ੍ਰਦੇਸ਼ ਅਤੇ ਹਰਿਆਣਾ ਲਾਗਲੇ ਖੇਤਰਾਂ ’ਚ 10 ਮਈ, 1985 ਨੂੰ ਟ੍ਰਾਂਜ਼ਿਸਟਰਾਂ ’ਚ ਲਾਏ ਬੰਬਾਂ ਵਿੱਚ ਧਮਾਕੇ ਹੋਏ ਸਨ।

ਉਨ੍ਹਾਂ ਧਮਾਕਿਆਂ ’ਚ ਸਿਰਫ਼ ਦਿੱਲੀ ’ਚਚ ਹੀ 49 ਵਿਅਕਤੀ ਮਾਰੇ ਗਏ ਸਨ ਤੇ 127 ਹੋਰ ਜ਼ਖ਼ਮੀ ਹੋ ਗਏ ਸਨ। ਦਿੱਲੀ ਪੁਲਿਸ ਦੇ ਤਤਕਾਲੀਨ ਡੀਸੀਪੀ (ਕੇਂਦਰੀ) ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਜਾਂਚ ਟੀਮ ਨੇ ਦੋਸ਼–ਪੱਤਰ ਵਿੱਚ 59 ਮੁਲਜ਼ਮਾਂ ਦੇ ਨਾਂਅ ਸ਼ਾਮਲ ਕੀਤੇ ਸਨ। ਉਨ੍ਹਾਂ ਵਿੱਚੋਂ ਪੰਜ ਤਾਂ ਐਲਾਨੇ ਹੋਏ ਅਪਰਾਧੀ ਹਨ ਤੇ ਉਹ ਕਦੇ ਵੀ ਸੁਣਵਾਈ ਦੌਰਾਨ ਪੇਸ਼ ਨਹੀਂ ਹੋਏ।

ਹੇਠਲੀ ਅਦਾਲਤ ਨੇ ਜੁਲਾਈ 2006 ’ਚ ਪੰਜ ਮੁਲਜ਼ਮਾਂ ਨੂੰ ਲੋੜੀਂਦੇ ਸਬੂਤ ਨਾ ਹੋਣ ਕਾਰਨ ਉਨ੍ਹਾਂ ਨੂੰ ਦੋਸ਼ਾਂ ਤੋਂ ਮੁਕਤ ਕਰ ਦਿੱਤਾ ਸੀ। ਬਾਕੀ ਦੇ 49 ਮੁਲਜ਼ਮਾਂ ਵਿੱਚੋਂ 19 ਜਣਿਆਂ ਦੀ ਸੁਣਵਾਈ ਦੌਰਾਨ ਮੌਤ ਹੋ ਗਈ ਸੀ; ਜਦ ਕਿ 30 ਮੁਲਜ਼ਮ 1986 ਤੋਂ ਜ਼ਮਾਨਤ ’ਤੇ ਚੱਲ ਰਹੇ ਹਨ। ਅਦਾਲਤ ਨੇ ਹੁਣ ਆਪਣੇ 120 ਪੰਨਿਆਂ ਦੇ ਫ਼ੈਸਲੇ ’ਚ ਕਿਹਾ ਹੈ ਕਿ ਕੁਝ ਮਾਮਲਿਆਂ ’ਚ ਸਰਕਾਰੀ ਗਵਾਹ ਜਾਂਚ ਨਾਲ ਜੁੜੇ ਹੋਏ ਸਨ ਪਰ ਅਦਾਲਤ ਵਿੱਚ ਉਨ੍ਹਾ ਨਾਲ ਬਹਿਸ ਨਹੀਂ ਕੀਤੀ ਗਈ।

ਬਰੀ ਕੀਤੇ ਗਏ ਮੁਲਜ਼ਮਾਂ ਦੇ ਨਾਂਅ ਇਸ ਪ੍ਰਕਾਰ ਹਨ: ਸੁਰਜੀਤ ਕੌਰ, ਮਨਮੋਹਨ ਸਿੰਘ, ਗੁਰਦੇਵ ਸਿੰਘ, ਬੂਟਾ ਸਿੰਘ, ਕੁਲਬੀਰ ਸਿੰਘ ਉਰਫ਼ ਭੋਲਾ, ਇੰਦਰਜੀਤ ਸਿੰਘ ਉਰਫ਼ ਹੈਪੀ, ਹਰਦੀਪ ਸਿੰਘ, ਤੀਰਥ ਸਿੰਘ, ਮੁਖਤਿਆਰ ਸਿੰਘ, ਭੁਪਿੰਦਰ ਸਿੰਘ ਭੁਰਫ਼ ਭਿੰਦਾ, ਅਰਵਿੰਦਰ ਸਿੰਘ ਉਰਫ਼ ਨੀਟੂ, ਅਨੂਪ ਸਿੰਘ, ਮਨਜੀਤ ਸਿੰਘ, ਜੋਗਿੰਦਰਪਾਲ ਸਿੰਘ ਭਾਟੀਆ, ਤਰਜੀਤ ਸਿੰਘ, ਸਰਬਜੀਤ ਸਿੰਘ, ਸੁਰਿੰਦਰਪਾਲ ਸਿੰਘ, ਦਲਜੀਤ ਸਿੰਘ, ਰਾਜਿੰਦਰ ਸਿੰਘ, ਸੇਵਾ ਸਿੰਘ, ਸੁਰਿੰਦਰਪਾਲ ਸਿੰਘ ਉਰਫ਼ ਡੌਲੀ, ਸ਼ਹਿਬਾਜ਼ ਸਿੰਘ, ਸੁਖਦੇਵ ਸਿੰਘ, ਜਸਪਾਲ ਸਿੰਘ, ਦਲਵਿੰਦਰ ਸਿੰਘ ਉਰਫ਼ ਪੱਪਾ, ਨਰਿੰਦਰ ਸਿੰਘ, ਗੁਰਮੀਤ ਸਿੰਘ, ਹਰਚਰਨ ਸਿੰਘ, ਗੁਰਦੀਪ ਸਿੰਘ ਸਹਿਗਲ ਤੇ ਗੁਰਮੀਤ ਸਿੰਘ ਉਰਫ਼ ਹੈਪੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।