ਮੱਧ ਪ੍ਰਦੇਸ਼ ਦੀ ਕਮਲਨਾਥ ਸਰਕਾਰ ਡੂੰਘੇ ਸੰਕਟ 'ਚ, ਜੋਤੀਰਾਦਿੱਤਿਆ ਸਿੰਧੀਆ ਨੇ ਦਿੱਤਾ ਅਸਤੀਫ਼ਾ
ਮੱਧ ਪ੍ਰਦੇਸ਼ ਵਿਚ ਕਮਲਨਾਥ ਸਰਕਾਰ ਦੇ ਡੂੰਘੇ ਸੰਕਟ ਵਿਚਕਾਰ 20 ਮੰਤਰੀਆਂ ਨੇ ਸੋਮਵਾਰ ਦੇਰ ਰਾਤ ਅਪਣੇ ਅਸਤੀਫ਼ੇ ਦੇ ਦਿੱਤੇ ਹਨ। ਸਾਰਿਆਂ ਨੇ ਅਪਣੇ-ਅਪਣੇ ਅਸਤੀਫ਼ੇ
ਨਵੀਂ ਦਿੱਲੀ: ਮੱਧ ਪ੍ਰਦੇਸ਼ ਵਿਚ ਕਮਲਨਾਥ ਸਰਕਾਰ ਦੇ ਡੂੰਘੇ ਸੰਕਟ ਵਿਚਕਾਰ 20 ਮੰਤਰੀਆਂ ਨੇ ਸੋਮਵਾਰ ਦੇਰ ਰਾਤ ਅਪਣੇ ਅਸਤੀਫ਼ੇ ਦੇ ਦਿੱਤੇ ਹਨ। ਸਾਰਿਆਂ ਨੇ ਅਪਣੇ-ਅਪਣੇ ਅਸਤੀਫ਼ੇ ਮੁੱਖ ਮੰਤਰੀ ਨੂੰ ਸੌਂਪੇ ਹਨ। ਜੋਤੀਰਾਦਿੱਤਿਆ ਸਿੰਧੀਆ, ਜੋ ਕਿ ਮੱਧ ਪ੍ਰਦੇਸ਼ ਦੇ ਸ਼ਾਹੀ ਪਰਿਵਾਰ ਤੋਂ ਆਏ ਹਨ, ਨੇ ਆਪਣੀ ਪਾਰਟੀ ਯਾਨੀ ਕਾਂਗਰਸ ਨੂੰ ਸਭ ਤੋਂ ਵੱਡਾ ਝਟਕਾ ਦਿੱਤਾ ਹੈ।
ਮੁੱਖ ਮੰਤਰੀ ਕਮਲਨਾਥ ਤੋਂ ਨਾਰਾਜ਼ ਸਿੰਧੀਆ ਨੇ ਮੰਗਲਵਾਰ ਨੂੰ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ। ਸਿੰਧੀਆ ਨੇ ਖੁਦ ਟਵੀਟ ਕਰਕੇ ਆਪਣੇ ਅਸਤੀਫੇ ਦੀ ਜਾਣਕਾਰੀ ਦਿੱਤੀ ਹੈ। ਕਾਂਗਰਸ ਨੇ ਸਿੰਧੀਆ ਦੇ ਇਸ ਫੈਸਲੇ ਨੂੰ ਦੇਸ਼ਧ੍ਰੋਹੀ ਕਰਾਰ ਦਿੱਤਾ ਹੈ ਅਤੇ ਕਿਹਾ ਹੈ ਕਿ ਹੁਣ ਸਾਡੀ ਸਰਕਾਰ ਮੱਧ ਪ੍ਰਦੇਸ਼ ਵਿੱਚ ਨਹੀਂ ਬਚੇਗੀ।
ਅਸਤੀਫਾ ਦੇਣ ਤੋਂ ਪਹਿਲਾਂ ਸਿੰਧੀਆ ਦਿੱਲੀ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਪਹੁੰਚੇ ਅਤੇ ਇਸ ਤੋਂ ਬਾਅਦ ਅਮਿਤ ਸ਼ਾਹ ਦੇ ਨਾਲ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਿਹਾਇਸ਼ ਤੇ ਪਹੁੰਚੇ। ਪੀਐਮ ਦੀ ਰਿਹਾਇਸ਼ ਤੇ ਸਿੰਧੀਆ ਦੀ ਬੈਠਕ ਸਵੇਰੇ 10:45 ਵਜੇ ਸ਼ੁਰੂ ਹੋਈ।
ਇਸ ਦੇ ਨਾਲ ਹੀ ਦੱਸ ਦਈਏ ਕਿ ਸਰਕਾਰ ਤੇ ਮੰਡਰਾਅ ਰਹੇ ਸੰਕਟ ਦੌਰਾਨ ਮੁੱਖ ਮੰਤਰੀ ਕਮਲਨਾਥ ਨੇ ਅੱਜ ਅਪਣੇ ਮੰਤਰੀਆਂ ਦਾ ਅਸਤੀਫ਼ਾ ਲੈ ਲਿਆ। ਉਹਨਾਂ ਨੇ ਸੋਮਵਾਰ ਦੁਪਹਿਰ ਨੂੰ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ ਸੀ ਅਤੇ ਉਸ ਤੋਂ ਤੁਰੰਤ ਬਾਅਦ ਭੋਪਾਲ ਰਵਾਨਾ ਹੋ ਗਏ ਸਨ। ਇੱਧਰ ਕਾਂਗਰਸ ਦੇ ਸੀਨੀਅਰ ਆਗੂ ਦਿਗਵਿਜੈ ਸਿੰਘ ਨੇ ਕਿਹਾ ਹੈ ਕਿ ਜੋ ਸਹੀ ਕਾਂਗਰਸੀ ਹੋਵੇਗਾ ਉਹੀ ਕਾਂਗਰਸ ਵਿਚ ਰਹੇਗਾ।