Air India Flight: ਬੰਬ ਦੀ ਸੂਚਨਾ ਮਿਲਣ ਤੋਂ ਬਾਅਦ ਨਿਊਯਾਰਕ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ ਵਾਪਸ ਪਰਤੀ ਮੁੰਬਈ 

ਏਜੰਸੀ

ਖ਼ਬਰਾਂ, ਰਾਸ਼ਟਰੀ

ਉਡਾਣ ਦਾ ਸਮਾਂ 11 ਮਾਰਚ ਨੂੰ ਸਵੇਰੇ 5 ਵਜੇ ਕਰ ਦਿੱਤਾ ਗਿਆ ਹੈ।

Air India flight to New York returns to Mumbai after bomb threat

 

Air India Flight:  ਮੁੰਬਈ ਤੋਂ ਨਿਊਯਾਰਕ ਜਾ ਰਹੀ ਏਅਰ ਇੰਡੀਆ ਦੀ ਇੱਕ ਉਡਾਣ ਨੂੰ ਸੋਮਵਾਰ ਨੂੰ ਮੁੰਬਈ ਵਾਪਸ ਲਿਆਂਦਾ ਗਿਆ ਕਿਉਂਕਿ ਉਡਾਣ ਵਿੱਚ ਬੰਬ ਹੋਣ ਦੀ ਖ਼ਬਰ ਮਿਲੀ ਸੀ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।

ਜਹਾਜ਼ ਵਿੱਚ 320 ਤੋਂ ਵੱਧ ਲੋਕ ਸਵਾਰ ਸਨ ਅਤੇ ਇਹ ਮੁੰਬਈ ਵਿੱਚ ਸੁਰੱਖਿਅਤ ਉਤਰ ਗਿਆ। ਸੁਰੱਖਿਆ ਏਜੰਸੀਆਂ ਇਸ ਦੀ ਜਾਂਚ ਕਰ ਰਹੀਆਂ ਹਨ।

ਏਅਰ ਇੰਡੀਆ ਨੇ ਇੱਕ ਬਿਆਨ ਵਿੱਚ ਕਿਹਾ, "ਅੱਜ, 10 ਮਾਰਚ 2025 ਨੂੰ ਮੁੰਬਈ-ਨਿਊਯਾਰਕ (JFK) ਫ਼ਲਾਈਟ AI 119 ਵਿੱਚ ਇੱਕ ਸੰਭਾਵੀ ਸੁਰੱਖਿਆ ਖ਼ਤਰੇ ਦਾ ਪਤਾ ਲੱਗਿਆ ਹੈ। ਜ਼ਰੂਰੀ ਪ੍ਰੋਟੋਕੋਲ ਦੀ ਪਾਲਣਾ ਕਰਨ ਤੋਂ ਬਾਅਦ, ਜਹਾਜ਼ ਵਿੱਚ ਸਵਾਰ ਸਾਰੇ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ, ਜਹਾਜ਼ ਨੂੰ ਵਾਪਸ ਮੁੰਬਈ ਲਿਜਾਇਆ ਗਿਆ।

ਸੂਤਰਾਂ ਨੇ ਦੱਸਿਆ ਕਿ ਜਹਾਜ਼ ਵਿੱਚ ਬੰਬ ਰੱਖੇ ਜਾਣ ਦੀ ਜਾਣਕਾਰੀ ਸੀ ਅਤੇ ਇਸ ਸੰਬੰਧੀ ਇੱਕ ਪੱਤਰ ਜਹਾਜ਼ ਦੇ ਟਾਇਲਟ ਵਿੱਚੋਂ ਮਿਲਿਆ ਹੈ।

ਇੱਕ ਸੂਤਰ ਨੇ ਦੱਸਿਆ ਕਿ ਬੋਇੰਗ 777-300 ਈਆਰ ਜਹਾਜ਼ ਵਿੱਚ 322 ਲੋਕ ਸਵਾਰ ਸਨ, ਜਿਨ੍ਹਾਂ ਵਿੱਚ 19 ਚਾਲਕ ਦਲ ਦੇ ਮੈਂਬਰ ਵੀ ਸ਼ਾਮਲ ਸਨ।
ਏਅਰਲਾਈਨ ਦੇ ਅਨੁਸਾਰ, ਜਹਾਜ਼ ਸਵੇਰੇ 10.25 ਵਜੇ ਮੁੰਬਈ ਵਿੱਚ ਸੁਰੱਖਿਅਤ ਉਤਰਿਆ।

ਬਿਆਨ ਵਿੱਚ ਕਿਹਾ ਗਿਆ ਹੈ, "ਸੁਰੱਖਿਆ ਏਜੰਸੀਆਂ ਦੁਆਰਾ ਜਹਾਜ਼ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਏਅਰ ਇੰਡੀਆ ਅਧਿਕਾਰੀਆਂ ਨੂੰ ਆਪਣਾ ਪੂਰਾ ਸਹਿਯੋਗ ਦੇ ਰਹੀ ਹੈ।"

ਉਡਾਣ ਦਾ ਸਮਾਂ 11 ਮਾਰਚ ਨੂੰ ਸਵੇਰੇ 5 ਵਜੇ ਕਰ ਦਿੱਤਾ ਗਿਆ ਹੈ।

ਏਅਰਲਾਈਨ ਨੇ ਕਿਹਾ ਕਿ ਸਾਰੇ ਯਾਤਰੀਆਂ ਨੂੰ ਹੋਟਲ ਰਿਹਾਇਸ਼, ਖਾਣਾ ਅਤੇ ਹੋਰ ਸਹਾਇਤਾ ਦੀ ਪੇਸ਼ਕਸ਼ ਕੀਤੀ ਗਈ ਹੈ।