'ਭਾਰਤ ਬੰਦ' ਦੀ ਅਫ਼ਵਾਹ ਕਾਰਨ ਪੁਲਿਸ ਅਲਰਟ, ਇਹਤਿਆਤ ਵਜੋਂ ਕਈ ਸ਼ਹਿਰਾਂ 'ਚ ਇੰਟਰਨੈੱਟ ਸੇਵਾ ਬੰਦ
ਸੋਸ਼ਲ ਮੀਡੀਆ 'ਤੇ 10 ਅਪ੍ਰੈਲ ਨੂੰ ਬੰਦ ਦੀ ਅਫ਼ਵਾਹ ਦੇ ਚਲਦਿਆਂ ਦੇਸ਼ ਭਰ ਵਿਚ ਚੌਕਸੀ ਵਧਾਈ ਗਈ। ਦੇਸ਼ ਦੇ ਇਤਿਹਾਸ ਵਿਚ ਸ਼ਾਇਦ ਪਹਿਲੀ ...
ਨਵੀਂ ਦਿੱਲੀ : ਸੋਸ਼ਲ ਮੀਡੀਆ 'ਤੇ 10 ਅਪ੍ਰੈਲ ਨੂੰ ਬੰਦ ਦੀ ਅਫ਼ਵਾਹ ਦੇ ਚਲਦਿਆਂ ਦੇਸ਼ ਭਰ ਵਿਚ ਚੌਕਸੀ ਵਧਾਈ ਗਈ। ਦੇਸ਼ ਦੇ ਇਤਿਹਾਸ ਵਿਚ ਸ਼ਾਇਦ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਕਿਸੇ ਵਿਸ਼ੇਸ਼ ਸੰਗਠਨ ਦੇ ਸੱਦੇ ਤੋਂ ਬਿਨਾਂ ਹੀ ਦੇਸ਼ਵਿਆਪੀ ਬੰਦ ਹੋਣ ਦੀ ਇੰਨੇ ਵੱਡੇ ਪੱਧਰ 'ਤੇ ਸਨਸਨੀ ਫ਼ੈਲੀ ਹੋਵੇ। ਸੋਸ਼ਲ ਮੀਡੀਆ 'ਤੇ ਵਾਇਰਲ ਖ਼ਬਰਾਂ ਦੇ ਮੁਤਾਬਕ 10 ਅਪ੍ਰੈਲ ਨੂੰ ਭਾਰਤ ਬੰਦ ਦਸਿਆ ਜਾ ਰਿਹਾ ਹੈ। ਸੰਭਾਵਿਤ ਬੰਦ ਦੇ ਮੱਦੇਨਜ਼ਰ ਕੇਂਦਰੀ ਗ੍ਰਹਿ ਮੰਤਰਾਲੇ ਨੇ ਸੋਮਵਾਰ ਨੂੰ ਦੇਸ਼ ਭਰ ਵਿਚ ਸੁਰੱਖਿਆ ਚੌਕਸੀ ਰੱਖਣ ਅਤੇ ਹਿੰਸਾ ਰੋਕਣ ਲਈ ਸਾਰੇ ਸੂਬਿਆਂ ਨੂੰ ਐਡਵਾਈਜ਼ਰੀ ਜਾਰੀ ਕੀਤੀ ਸੀ।
ਵਾਟਸਐਪ, ਟਵਿੱਟਰ ਅਤੇ ਫੇਸਬੁੱਕ ਰਾਹੀਂ ਫੈਲੀ ਇਸ ਸਨਸਨੀ ਦੇ ਚਲਦਿਆਂ ਕੁੱਝ ਥਾਵਾਂ 'ਤੇ ਹਾਲ ਇਹ ਹੈ ਕਿ ਬੰਦ ਦੇ ਸੱਦੇ ਨੂੰ ਦੇਖਦਿਆਂ ਇਹਤਿਆਤ ਦੇ ਤੌਰ 'ਤੇ ਐਸਐਮਐਸ-ਇੰਟਰਨੈੱਟ ਸੇਵਾਵਾਂ ਬੰਦ ਕਰ ਦਿਤੀਆਂ ਗਈਆਂ ਤਾਂ ਕਿਤੇ ਸਕੂਲ, ਬਜ਼ਾਰ ਬੰਦ ਰੱਖਣ ਦੇ ਐਲਾਨ ਦੇ ਨਾਲ-ਨਾਲ ਧਾਰਾ 144 ਲਾਗੂ ਕਰ ਦਿਤੀ ਗਈ ਹੈ। ਬੰਦ ਦਾ ਸੱਦਾ ਕਿਸ ਸੰਗਠਨ ਨੇ ਦਿਤਾ, ਇਸ ਦੀ ਅਧਿਕਾਰਕ ਜਾਣਕਾਰੀ ਕਿਸੇ ਵੀ ਸੂਬਾ ਸਰਕਾਰ ਜਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਕੋਲ ਨਹੀਂ ਹੈ।
ਬਿਹਾਰ ਦੀ ਗੱਲ ਕਰੀਏ ਤਾਂ ਇਕ ਸੰਗਠਨ ਨੇ ਕਾਰਗਿਲ ਚੌਕ 'ਤੇ ਪ੍ਰਦਰਸ਼ਨ ਦਾ ਐਲਾਨ ਕੀਤਾ ਹੈ। ਹਾਲਾਂਕਿ ਸਾਰੇ ਥਾਣੇ ਅਲਰਟ 'ਤੇ ਰੱਖੇ ਗਏ ਹਨ ਅਤੇ ਕਈ ਸਕੂਲਾਂ ਵਿਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ।
ਇੱਥੇ ਨਜ਼ਰ ਆਇਆ ਸੋਸ਼ਲ ਮੀਡੀਆ ਦੇ ਬੰਦ ਦਾ ਅਸਰ
ਬਿਹਾਰ ਦੇ ਜਹਾਨਾਬਾਦ ਵਿਚ ਬੰਦ ਸਮਰਥਕ ਸੜਕਾਂ 'ਤੇ ਉਤਰੇ, ਜਿਨ੍ਹਾਂ ਨੇ ਪਟਨਾ-ਗਯਾ ਨੈਸ਼ਨਲ ਹਾਈਵੇਅ 83 ਨੂੰ ਬੰਦ ਕਰਵਾਇਆ। ਇੱਥੋਂ ਦੇ ਰੇਲਵੇ ਸਟੇਸ਼ਨ 'ਤੇ ਵੀ ਯਾਤਰੀਆਂ ਦੀ ਗਿਣਤੀ ਘੱਟ ਹੋਣ ਕਾਰਨ ਬੰਦ ਦਾ ਅਸਰ ਨਜ਼ਰ ਆਇਆ ਪਰ ਟ੍ਰੇਨਾਂ ਦੀ ਆਵਾਜਾਈ ਆਮ ਵਾਂਗ ਰਹੀ। ਸੜਕਾਂ 'ਤੇ ਵਾਹਨਾਂ ਦੀ ਗਿਣਤੀ ਵੀ ਕਾਫ਼ੀ ਘੱਟ ਹੈ।
ਰਾਜਸਥਾਨ ਦੇ ਭਰਤਪੁਰ ਵਿਚ ਧਾਰਾ 144 ਨੂੰ 15 ਅਪ੍ਰੈਲ ਤਕ ਵਧਾ ਦਿਤਾ ਗਿਆ ਹੈ। ਇੱਥੇ ਇੰਟਰਨੈੱਟ ਸੇਵਾ ਸਵੇਰੇ 9 ਵਜੇ ਤੋਂ ਬੰਦ ਕਰ ਦਿਤੀ ਗਈ ਹੈ। ਐਸਸੀ-ਐਸਟੀ ਐਕਟ ਪ੍ਰਦਰਸ਼ਨ ਦੇ ਬਾਅਦ ਤੋਂ ਹੀ ਇੱਥੇ ਧਾਰਾ 144 ਲੱਗੀ ਹੋਈ ਹੈ।
ਪੱਛਮੀ ਉੱਤਰ ਪ੍ਰਦੇਸ਼ ਵੀ ਬੰਦ ਦੇ ਸੱਦੇ ਕਾਰਨ ਸਹਿਮਿਆ ਹੋਇਆ ਨਜ਼ਰ ਆ ਰਿਹਾ ਹੈ। ਸਹਾਰਨਪੁਰ ਅਤੇ ਹਾਪੁੜ ਵਿਚ ਪ੍ਰਸ਼ਾਸਨ ਨੇ ਇੰਟਰਨੈੱਟ ਅਤੇ ਐਸਐਮਐਸ ਸੇਵਾ ਬੰਦ ਕਰ ਦਿਤੀ ਹੈ ਤਾਂ ਮੇਰਠ, ਆਗਰਾ, ਮੁਰਾਦਾਬਾਦ, ਬਰੇਲੀ ਵਿਚ ਪੁਲਿਸ ਚੌਕਸੀ ਵਧਾ ਦਿਤੀ ਗਈ ਹੈ। ਹਾਪੁੜ, ਮੁਜ਼ੱਫ਼ਰਨਗਰ, ਫਿ਼ਰੋਜ਼ਾਬਾਦ ਵਿਚ ਪ੍ਰਸ਼ਾਸਨ ਨੇ ਸਕੂਲਾਂ ਵਿਚ ਛੁੱਟੀ ਦਾ ਐਲਾਨ ਕਰ ਦਿਤਾ ਹੈ। ਕਈ ਥਾਵਾਂ 'ਤੇ ਲੋਕਾਂ ਨੇ ਖ਼ੁਦ ਹੀ ਅਪਣੇ ਪ੍ਰੋਗਰਾਮ ਰੱਦ ਕਰ ਦਿਤੇ।
ਉਤਰਾਖੰਡ ਵਿਚ ਵੀ ਬੰਦ ਦੀ ਅਫਵਾਹ ਦੇ ਚਲਦਿਆਂ ਅਲਰਟ ਜਾਰੀ ਕੀਤਾ ਗਿਆ ਹੈ। ਉਤਰਾਖੰਡ ਦੇ ਡੀਜੀਪੀ ਅਨਿਲ ਰਤੂੜੀ ਨੇ ਬੰਦ ਨੂੰ ਲੈ ਕੇ ਜ਼ਿਲ੍ਹਿਆਂ ਦੇ ਪੁਲਿਸ ਮੁਖੀਆਂ ਨੂੰ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਚੌਕਸ ਰਹਿਣ ਦੇ ਨਿਰਦੇਸ਼ ਦਿਤੇ। ਸੂਬੇ ਵਿਚ ਬੰਦ ਨੂੰ ਲੈ ਕੇ ਕੋਈ ਸੰਗਠਨ ਸਾਹਮਣੇ ਨਹੀਂ ਆਇਆ ਹੈ।
ਇਸੇ ਤਰ੍ਹਾਂ ਮੱਧ ਪ੍ਰਦੇਸ਼ ਵਿਚ ਡੀਜੀਪੀ ਰਿਸ਼ੀ ਸ਼ੁਕਲਾ ਵਲੋਂ ਸੰਭਾਵਿਤ ਬੰਦ ਦੇ ਮੱਦੇਨਜ਼ਰ ਚੌਕਸੀ ਵਧਾਈ ਗਈ ਹੈ। ਸਾਰੇ ਜ਼ਿਲ੍ਹਿਆਂ ਵਿਚ ਪੁਲਿਸ ਬਲਾਂ ਦੀ ਤਾਇਨਾਤੀ ਕੀਤੀ ਗਈ। ਗਵਾਲੀਅਰ-ਚੰਬਲ ਅਤੇ ਸਾਗਰ ਦੇ ਕੁੱਝ ਜ਼ਿਲ੍ਹਿਆਂ ਵਿਚ ਧਾਰਾ 144 ਲਾਗੂ ਕਰਨ ਦੇ ਨਾਲ ਸਕੂਲਾਂ ਵਿਚ ਛੁੱਟੀ ਕਰ ਦਿਤੀ ਗਈ।