ਸਕੂਲੀ ਬੱਸ ਖੱਡ ਵਿਚ ਡਿੱਗੀ, 26 ਬੱਚਿਆਂ ਸਮੇਤ 29 ਮੌਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਂਗੜਾ ਲਾਗੇ ਵਾਪਰਿਆ ਦਰਦਨਾਕ ਹਾਦਸਾ

Kangra Bus Accident

ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਵਿਚ ਸਕੂਲ ਬੱਸ 150 ਫ਼ੁਟ ਡੂੰਘੀ ਖੱਡ ਵਿਚ ਡਿੱਗ ਗਈ ਜਿਸ ਕਾਰਨ 27 ਸਕੂਲੀ ਬੱਚਿਆਂ, ਦੋ ਮਾਸਟਰਨੀਆਂ ਸਮੇਤ 30 ਜਣਿਆਂ ਦੀ ਮੌਤ ਹੋ ਗਈ ਜਦਕਿ ਕਈ ਹੋਰ ਜ਼ਖ਼ਮੀ ਹੋ ਗਏ। ਇਹ ਦਰਦਨਾਕ ਹਾਦਸਾ ਅੱਜ ਦੁਪਹਿਰ ਸਮੇਂ ਵਾਪਰਿਆ ਜਦ ਬੱਸ ਬੱਚਿਆਂ ਨੂੰ ਘਰ ਛੱਡਣ ਜਾ ਰਹੀ ਸੀ। ਬੱਸ ਵਿਚ 35 ਬੱਚਿਆਂ ਸਮੇਤ 45 ਜਣੇ ਸਵਾਰ ਸਨ। ਮਾਰੇ ਗਏ ਬੱਚੇ ਨਰਸਰੀ ਤੇ ਪੰਜਵੀਂ ਜਮਾਤ ਦੇ ਸਨ। ਸਾਰੇ ਬੱਚਿਆਂ ਦੀ ਉਮਰ 10 ਸਾਲ ਤੋਂ ਘੱਟ ਹੈ। ਛੇ ਜ਼ਖ਼ਮੀਆਂ ਨੂੰ ਪਠਾਨਕੋਟ ਦੇ ਪ੍ਰਾਈਵੇਟ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਇਹ ਹਾਦਸਾ ਧਰਮਸ਼ਾਲਾ ਤੋਂ 100 ਕਿਲੋਮੀਟਰ ਦੂਰ ਨੂਰਪੁਰ-ਚੰਬਾ ਰਾਜਮਾਰਗ 'ਤੇ ਪੈਂਦੇ ਗੁਰਚਲ ਪਿੰਡ ਲਾਗੇ ਵਾਪਰਿਆ। ਮ੍ਰਿਤਕ ਬੱਚੇ ਰਾਮ ਸਿੰਘ ਪਠਾਨੀਆ ਮੈਮੋਰੀਅਲ ਸਕੂਲ ਦੇ ਸਨ। ਹਿਮਾਚਲ ਪ੍ਰਦੇਸ਼ ਦੇ ਆਵਾਜਾਈ ਮੰਤਰੀ ਗੋਵਿੰਦਰ ਸਿੰਘ ਠਾਕੁਰ ਨੇ ਦਸਿਆ ਕਿ 27 ਬੱਚਿਆਂ ਸਮੇਤ 30 ਵਿਅਕਤੀਆਂ ਦੀ ਜਾਨ ਚਲੀ ਗਈ ਹੈ।

ਬੱਸ ਨੂੰ 67 ਸਾਲਾ ਮਦਨ ਲਾਲ ਚਲਾ ਰਿਹਾ ਸੀ। ਮਦਨ ਲਾਲ ਸਮੇਤ ਦੋ ਮਾਸਟਰਨੀਆਂ ਦੀ ਵੀ ਮੌਤ ਹੋ ਗਈ। ਸਥਾਨਕ ਭਾਜਪਾ ਵਿਧਾਇਕ ਰਾਕੇਸ਼ ਪਠਾਨੀਆ ਨੇ ਦਸਿਆ ਕਿ 27 ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਬੱਸ ਵਿਚ 40-45 ਜਣੇ ਸਵਾਰ ਸਨ। ਪੂਰੇ ਇਲਾਕੇ ਵਿਚ ਮਾਤਮੀ ਸਨਾਟਾ ਪਸਰਿਆ ਹੋਇਆ ਹੈ। ਨਿਜੀ ਸਕੂਲ ਦੀ ਬੱਸ ਛੁੱਟੀ ਮਗਰੋਂ ਬੱਚਿਆਂ ਨੂੰ ਘਰ ਛੱਡਣ ਜਾ ਰਹੀ ਸੀ ਕਿ ਨੂਰਪੁਰ-ਮਲਕਵਾਲ ਲਾਗੇ ਪਲਟ ਗਈ ਅਤੇ ਲਗਭਗ 150 ਫ਼ੁਟ ਡੂੰਘੀ ਖੱਡ ਵਿਚ ਡਿੱਗ ਗਈ।  ਮੁੱਖ ਮੰਤਰੀ ਜੈਰਾਮ ਠਾਕੁਰ ਨੇ ਹਾਦਸੇ 'ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਕਰਵਾਈ ਜਾਵੇਗੀ। ਉਨ੍ਹਾਂ ਮ੍ਰਿਤਕਾਂ ਦੇ ਵਾਰਸਾਂ ਨੂੰ ਪੰਜ-ਪੰਜ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ।  (ਏਜੰਸੀ)