ਔਰਤਾਂ 'ਤੇ ਡਿੱਗਿਆ ਚਿੱਕੜ ਦਾ ਢੇਰ, 10 ਔਰਤਾਂ ਦੀ ਮੌਤ
ਕੰਮ ਵਾਲੀ ਥਾਂ 'ਤੇ ਖਾਣਾ ਖਾ ਰਹੀਆਂ ਸਨ ਔਰਤਾਂ
ਹੈਦਰਾਬਾਦ : ਤੇਲੰਗਾਨਾ ਦੇ ਨਾਰਾਇਣਪੇਟ ਜ਼ਿਲ੍ਹੇ 'ਚ ਬੁਧਵਾਰ ਨੂੰ ਮਨਰੇਗਾ ਯੋਜਨਾ ਅਧੀਨ ਕੰਮ ਕਰ ਰਹੇ ਮਜ਼ਦੂਰਾਂ ਉੱਪਰ ਚਿੱਕੜ ਦਾ ਇਕ ਵੱਡਾ ਢੇਰ ਡਿੱਗਣ ਕਾਰਨ 10 ਮਹਿਲਾ ਮਜ਼ਦੂਰਾਂ ਦੀ ਮੌਤ ਹੋ ਗਈ। ਮਾਮਲੇ ਦੀ ਜਾਣਕਾਰੀ ਪੁਲਿਸ ਨੇ ਦਿੱਤੀ। ਘਟਨਾ ਉਸ ਸਮੇਂ ਵਾਪਰੀ ਜਦੋਂ ਔਰਤਾਂ ਕੰਮ ਵਾਲੀ ਥਾਂ 'ਤੇ ਖਾਣਾ ਖਾ ਰਹੀਆਂ ਸਨ।
ਪੁਲਿਸ ਨੇ ਦੱਸਿਆ ਕਿ ਇਹ ਘਟਨਾ ਤਿਲੇਰੂ ਪਿੰਡ 'ਚ ਸਵੇਰੇ ਲਗਭਗ 11:15 ਵਜੇ ਵਾਪਰੀ। ਕੰਮ ਵਾਲੀ ਥਾਂ 'ਤੇ 12 ਮਜ਼ਦੂਰ ਔਰਤਾਂ ਖਾਣਾ ਖਾਣ ਲਈ ਬੈਠੀਆਂ ਹੋਈਆਂ ਸਨ। ਉਸ ਸਮੇਂ ਚਿੱਕੜ ਦਾ ਵੱਡਾ ਢੇਰ ਉਨ੍ਹਾਂ 'ਤੇ ਡਿੱਗ ਗਿਆ। ਔਰਤਾਂ ਲਗਭਗ 6 ਤੋਂ 8 ਫੁੱਟ ਹੇਠਾਂ ਤੱਕ ਦੱਬ ਗਈਆਂ। ਅਧਿਕਾਰੀ ਅਨੁਸਾਰ 10 ਔਰਤਾਂ ਦੀ ਮੌਤ ਹੋ ਗਈ। ਇਕ ਔਰਤ ਜ਼ਖ਼ਮੀ ਹੋ ਗਈ ਅਤੇ ਇਕ ਹੋਰ ਸੁਰੱਖਿਅਤ ਬਾਹਰ ਨਿਕਲ ਆਈ।
ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਵ ਨੇ ਇਸ ਘਟਨਾ 'ਤੇ ਦੁਖ ਜ਼ਾਹਰ ਕਰਦਿਆਂ ਇਸ ਨੂੰ ਮੰਦਭਾਗੀ ਕਰਾਰ ਦਿੱਤਾ। ਰਾਵ ਨੇ ਸਬੰਧਤ ਅਧਿਕਾਰੀਆਂ ਨੂੰ ਜ਼ਖ਼ਮੀ ਅਤੇ ਸੋਗ ਪੀੜਤ ਪਰਿਵਾਰ ਨੂੰ ਹਰ ਸੰਭਵ ਮਦਦ ਪਹੁੰਚਾਉਣ ਦਾ ਨਿਰਦੇਸ਼ ਦਿੱਤਾ ਹੈ।