ਕਿਸਾਨ ਨੇ ਖੁਦਕੁਸ਼ੀ ਨੋਟ ਵਿਚ ਲਿਖਿਆ ‘ਬੀਜੇਪੀ ਨੂੰ ਵੋਟ ਨਾ ਪਾਓ’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਸਾਨ ਨੇ ਆਪਣੇ ਖੁਦਕੁਸ਼ੀ ਨੋਟ ਵਿਚ ਲਿਖਿਆ ਕਿ ਬੀਜੇਪੀ ਨੇ ਪਿਛਲੇ ਪੰਜ ਸਾਲਾਂ ਦੌਰਾਨ ਕਿਸਾਨਾਂ ਨੂੰ ਤਬਾਹ ਕਰ ਦਿੱਤਾ ਹੈ, ਇਸ ਲਈ ਬੀਜੇਪੀ ਨੂੰ ਵੋਟ ਨਾ ਪਾਓ।

Farmer suicide

ਦੇਹਰਾਦੂਨ:  ਹਰਿਦੁਆਰ ਜ਼ਿਲ੍ਹੇ ਦੇ ਦਾਦਕੀ ਪਿੰਡ ਵਿਚ ਇਕ ਕਿਸਾਨ ਵੱਲੋਂ ਕੀਤੀ ਖੁਦਕੁਸ਼ੀ ਦੀ ਜਾਂਚ ਕਰ ਰਹੀ ਪੁਲਿਸ ਨੇ ਕਿਹਾ ਕਿ ਕਿਸਾਨ ਦੇ ਖੁਦਕੁਸ਼ੀ ਨੋਟ ਵਿਚ ਲਿਖਿਆ ਸੀ, ‘ਭਾਜਪਾ ਨੂੰ ਵੋਟ ਨਾ ਪਾਓ’। ਇਸ਼ਵਰ ਚੰਦ ਸ਼ਰਮਾ (65) ਨਾਂਅ ਦੇ ਕਿਸਾਨ ਨੇ ਜ਼ਹਿਰ ਪੀ ਕੇ ਸੋਮਵਾਰ ਸਵੇਰੇ ਹੀ ਖੁਦਕੁਸ਼ੀ ਕਰ ਲਈ ਸੀ। ਹਸਪਤਾਲ ਨੂੰ ਜਾਂਦੇ ਸਮੇਂ ਰਸਤੇ ਵਿਚ ਹੀ ਉਸਦੀ ਮੌਤ ਹੋ ਗਈ।

ਉਸਨੇ ਆਪਣੇ ਖੁਦਕੁਸ਼ੀ ਨੋਟ ਵਿਚ ਲਿਖਿਆ ਸੀ ਕਿ ਬੀਜੇਪੀ ਨੇ ਪੰਜ ਸਾਲਾਂ ਦੌਰਾਨ ਕਿਸਾਨਾਂ ਨੂੰ ਤਬਾਹ ਕਰ ਦਿੱਤਾ ਹੈ, ਇਸ ਲਈ ਬੀਜੇਪੀ ਨੂੰ ਵੋਟ ਨਾ ਪਾਓ। ਪੁਲਿਸ ਅਜੇ ਵੀ ਚਿੱਠੀ ਦੀ ਸੱਚਾਈ ਦੀ ਪੁਸ਼ਟੀ ਕਰ ਰਹੀ ਹੈ। ਕਿਸਾਨ ਨੇ ਆਪਣੇ ਨੋਟ ਵਿਚ ਲਿਖਿਆ ਸੀ ਕਿ ਜਿਸ ਵਿਅਕਤੀ ਦੀ ਸਹਾਇਤਾ ਨਾਲ ਉਸਨੇ ਬੈਂਕ ਤੋਂ ਕਰਜ਼ਾ ਲਿਆ ਸੀ ਉਹ ਉਸ ਨੂੰ ਪੈਸਿਆਂ ਲਈ ਧਮਕੀ ਦੇ ਰਿਹਾ ਸੀ। ਕਿਸਾਨ ਨੇ ਕਿਹਾ ਕਿ ਕਰਜ਼ਾ ਦੇਣ ਦੌਰਾਨ ਗਰੰਟੀ ਦੇ ਤੌਰ ‘ਤੇ ਉਸ ਤੋਂ ਇਕ ਖਾਲੀ ਚੈੱਕ ‘ਤੇ ਅਣਜਾਣ ਵਿਅਕਤੀ ਨੇ ਦਸਤਖਤ ਕਰਵਾਏ ਸੀ।

ਉਸਨੇ ਕਿਹਾ ਕਿ ਬੈਂਕ ਨੂੰ ਪੈਸੇ ਮੋੜਨ ਤੋਂ ਬਾਅਦ ਵੀ ਉਸ ਵਿਅਕਤੀ ਨੇ ਉਸ ਨੂੰ ਚੈੱਕ ਵਾਪਿਸ ਨਹੀਂ ਕੀਤਾ ਅਤੇ ਇਸ ਨੂੰ  ਧਮਕਾਉਣ ਲੱਗਿਆ ਤਾਂ ਜੋ ਉਸ ਦੀ ਫਸਲ ਨੂੰ ਵੇਚ ਕੇ ਕੀਤੀ ਕਮਾਈ ਨੂੰ ਆਪ ਲੈ ਸਕੇ। ਉਸ ਤੋਂ ਬਾਅਦ ਉਸ ਨੂੰ ਚੈੱਕ ਦੇਣ ਦੇ ਬਦਲੇ 4 ਲੱਖ ਦੀ ਮੰਗ ਕਰਨ ਲੱਗਿਆ।

ਲਕਸਰ ਸਟੇਸ਼ਨ ਹਾਊਸ ਦੇ ਅਫਸਰ ਵਿਰੇਂਦਰ ਸਿੰਘ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਵਿਚ ਸਿਰਫ ਇੰਨਾ ਹੀ ਪਤਾ ਚੱਲਿਆ ਸੀ ਕਿ ਕਿਸਾਨ ਨੇ ਮਿਡਲ ਮੈਨ ਦੀ ਸਹਾਇਤਾ ਨਾਲ 5 ਲੱਖ ਦਾ ਕਰਜ਼ਾ ਲਿਆ ਸੀ। ਕਿਸਾਨ ਨੇ ਖੁਦਕੁਸ਼ੀ ਨੋਟ ਵਿਚ ਲਿਖਿਆ ਸੀ ਕਿ ਮਾਮਲੇ ਨੂੰ ਸਹੀ ਕਰਨ ਲਈ ਮਿਡਲ ਮੈਨ ਉਸ ਕੋਲੋਂ 4 ਲੱਖ ਦੀ ਮੰਗ ਕਰ ਰਿਹਾ ਸੀ।

ਖੁਦਕੁਸ਼ੀ ਨੋਟ ਦੀ ਜਾਂਚ ਦੌਰਾਨ ਅਫਸਰਾਂ ਦਾ ਕਹਿਣਾ ਹੈ ਕਿ ਨੋਟ ਦੀ ਜਾਂਚ ਕੀਤੀ ਜਾਵੇਗੀ ਕਿ ਇਹ ਸੱਚ ਵਿਚ ਹੀ ਕਿਸਾਨ ਵੱਲੋਂ ਲਿਖਿਆ ਗਿਆ ਹੈ ਜਾਂ ਨਹੀਂ।ਕਾਂਗਰਸ ਨੇ ਭਾਜਪਾ ਦੀ ਅਲੋਚਨਾ ਕਰਦੇ ਹੋਏ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਰਹੇ, ਪਿਛਲੇ 2 ਸਾਲਾਂ ਦੌਰਾਨ ਸੂਬੇ ਵਿਚ ਇਹ 17ਵੇਂ ਕਿਸਾਨ ਦੀ ਖੁਦਕੁਸ਼ੀ ਹੈ।

ਕਾਂਗਰਸ ਦੇ ਮੀਤ ਪ੍ਰਧਾਨ ਸੁਰਿਆਕਾਂਤ ਧਮਸਾਨਾ ਨੇ ਕਿਹਾ ਕਿ ਨਰੇਂਦਰ ਮੋਦੀ ਨੇ ਮਨੋਰਥ ਪੱਤਰ ਵਿਚ ਕਿਸਾਨਾਂ ਲਈ ਮੁਆਵਜ਼ੇ ਦੀ ਘੋਸ਼ਣਾ ਕੀਤੀ ਸੀ, ਉਹਨਾਂ ਦੀ ਗਲਤ ਰਾਜਨੀਤੀ ਕਾਰਨ ਹੀ ਲਕਸਰ ਵਿਚ ਕਿਸਾਨ ਖੁਦਕੁਸ਼ੀ ਕਰ ਰਹੇ ਹਨ। ਹਾਲਾਂਕਿ ਭਾਜਪਾ ਦੇ ਬੁਲਾਰੇ  ਦੇਵੇਂਦਰ ਭਸੀਨ ਨੇ ਕਾਂਗਰਸ ਦੇ ਦੋਸ਼ਾਂ ਨੂੰ ਗਲਤ ਦੱਸਿਆ ਹੈ।