ਕੋਰੋਨਾ ਵਾਇਰਸ : ਕੇਂਦਰ ਵਲੋਂ ਰਾਜਾਂ ਲਈ ਐਮਰਜੈਂਸੀ ਪੈਕੇਜ ਮਨਜ਼ੂਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਂਦਰ ਸਰਕਾਰ ਨੇ ਜ਼ਰੂਰੀ ਇਲਾਜ ਉਪਕਰਨਾਂ ਅਤੇ ਦਵਾਈਆਂ ਦੀ ਖ਼ਰੀਦ ਤੇ ਨਿਗਰਾਨੀ ਗਤੀਵਿਧੀਆਂ ਨੂੰ ਮਜ਼ਬੂਤ ਕਰਨ ਵਿਚ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਮਦਦ

File Photo

ਨਵੀਂ ਦਿੱਲੀ  : ਕੇਂਦਰ ਸਰਕਾਰ ਨੇ ਜ਼ਰੂਰੀ ਇਲਾਜ ਉਪਕਰਨਾਂ ਅਤੇ ਦਵਾਈਆਂ ਦੀ ਖ਼ਰੀਦ ਤੇ ਨਿਗਰਾਨੀ ਗਤੀਵਿਧੀਆਂ ਨੂੰ ਮਜ਼ਬੂਤ ਕਰਨ ਵਿਚ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਮਦਦ ਵਾਸਤੇ 'ਕੋਵਿਡ-19 ਐਮਰਜੈਂਸੀ ਪ੍ਰਤੀਕਰਮ ਅਤੇ ਸਿਹਤ ਪ੍ਰਣਾਲੀ ਤਿਆਰੀ ਪੈਕੇਜ' ਨੂੰ ਮਨਜ਼ੂਰੀ ਦਿਤੀ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਵਧੀਕ ਮੁੱਖ ਸਕੱਤਰਾਂ ਅਤੇ ਹੋਰ ਅਧਿਕਾਰੀਆਂ ਨੂੰ ਲਿਖੇ ਪੱਤਰ ਵਿਚ ਕਿਹਾ ਹੈ ਕਿ ਕੇਂਦਰ ਦੁਆਰਾ 100 ਫ਼ੀ ਸਦੀ ਵਿੱਤੀ ਮਦਦ ਵਾਲਾ ਆਰਥਕ ਪੈਕੇਜ ਜਨਵਰੀ 2020 ਤੋਂ ਮਾਰਚ 2024 ਤਕ ਤਿੰਨ ਗੇੜਾਂ ਵਿਚ ਲਾਗੂ ਕੀਤਾ ਜਾਵੇਗਾ।

ਕੇਂਦਰੀ ਸਿਹਤ ਮੰਤਰਾਲਾ ਜੂਨ 2020 ਤਕ ਦੇ ਪਹਿਲੇ ਗੇੜ ਦੇ ਲਾਗੂਕਰਨ ਤਕ ਕੌਮੀ ਸਿਹਤ ਮਿਸ਼ਨ ਤਹਿਤ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ ਪੈਸਾ ਜਾਰੀ ਕਰ ਰਿਹਾ ਹੈ। ਪਹਿਲੇ ਗੇੜ ਵਿਚ ਜਿਹੜੀਆਂ ਗਤੀਵਿਧੀਆਂ ਨੂੰ ਲਾਗੂ ਕੀਤਾ ਜਾਵੇਗਾ, ਉਨ੍ਹਾਂ ਵਿਚ ਕੋਵਿਡ-19 ਪੱਖੋਂ ਵਿਸ਼ੇਸ਼ ਹਸਪਤਾਲਾਂ, ਆਈਸੋਲੇਸ਼ਨ ਬਲਾਕ ਵੈਂਟੀਲੇਟਰ ਵਾਲੇ ਆਈਸੀਯੂ ਦੇ ਵਿਕਾਸ ਲਈ, ਲੈਬਾਂ ਨੂੰ ਮਜ਼ਬੂਤੀ ਦੇਣ ਲਈ, ਵਾਧੂ ਮੁਲਾਜ਼ਮਾਂ ਦੀ ਭਰਤੀ ਆਦਿ ਲਈ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸਹਿਯੋਗ ਦੇਣਾ ਸ਼ਾਮਲ ਹੈ।

ਮੰਤਰਾਲੇ ਨੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਕੇਂਦਰ ਦੁਆਰਾ ਦਿਤੇ ਜਾ ਰਹੇ ਸਾਧਨਾਂ ਦੇ ਵਾਧੂ ਨਿਜੀ ਸੁਰੱਖਿਆ ਉਪਕਰਨਾਂ, ਐਨ 95 ਮਾਸਕਾਂ ਅਤੇ ਵੈਂਟੀਲੇਟਰਾਂ ਦੀ ਖ਼ਰੀਦ ਵਿਚ ਇਸ ਪੈਸੇ ਦੀ ਵਰਤੋਂ ਕਰਨ ਵਾਸਤੇ ਕਿਹਾ ਹੈ। ਪਹਿਲੇ ਗੇੜ ਵਿਚ ਪ੍ਰਾਜੈਕਟ ਨੂੰ ਜਨਵਰੀ 2020 ਤੋਂ ਜੂਨ 2020 ਤਕ, ਦੂਜੇ ਗੇੜ ਵਿਚ ਜੁਲਾਈ ਤੋਂ ਮਾਰਚ 2020 ਤਕ ਅਤੇ ਤੀਜੇ ਗੇੜ ਵਿਚ ਅਪ੍ਰੈਨ 2021 ਤੋਂ ਮਾਰਚ 2024 ਤਕ ਲਾਗੂ ਕੀਤਾ ਜਾਵੇਗਾ।