ਸਾਹ ਦੀ ਬੀਮਾਰੀ ਤੋਂ ਪੀੜਤ ਮਰੀਜ਼ਾਂ ਵਿਚ ਮਿਲਿਆ ਕੋਰੋਨਾ ਵਾਇਰਸ : ਅਧਿਐਨ
104 ਮਰੀਜ਼ਾਂ ਵਿਚੋਂ 40 ਮਰੀਜ਼ ਅਜਿਹੇ ਸਨ ਜਿਨ੍ਹਾਂ ਨੇ ਵਿਦੇਸ਼ ਯਾਤਰਾ ਨਹੀਂ ਕੀਤੀ ਸੀ
ਨਵੀਂ ਦਿੱਲੀ, 10 ਅਪ੍ਰੈਲ: ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਦੁਆਰਾ ਕੀਤੇ ਗਏ ਅਧਿਐਨ ਵਿਚ ਵੇਖਿਆ ਗਿਆ ਹੈ ਕਿ ਗੰਭੀਰ ਸਾਹ ਬੀਮਾਰੀ (ਐਸਆਰਆਈ) ਤੋਂ ਪੀੜਤ ਕੋਰੋਨਾ ਵਾਇਰਸ ਪੀੜਤ ਕੁਲ 104 ਮਰੀਜ਼ਾਂ ਵਿਚੋਂ 40 ਮਰੀਜ਼ ਅਜਿਹੇ ਸਨ ਜਿਨ੍ਹਾਂ ਨੇ ਨਾ ਤਾਂ ਵਿਦੇਸ਼ ਯਾਤਰਾ ਕੀਤੀ ਸੀ ਅਤੇ ਨਾ ਹੀ ਉਹ ਕਿਸੇ ਪੀੜਤ ਵਿਅਕਤੀ ਦੇ ਸੰਪਰਕ ਵਿਚ ਆਏ ਸਨ।
ਸੰਸਥਾ ਨੇ 15 ਫ਼ਰਵਰੀ ਤੋਂ ਦੋ ਅਪ੍ਰੈਲ ਵਿਚਾਲੇ 20 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 52 ਜ਼ਿਲ੍ਹਿਆਂ ਵਿਚ ਉਕਤ ਬੀਮਾਰੀ ਤੋਂ ਪੀੜਤ 5911 ਮਰੀਜ਼ਾਂ ਦੀ ਕੋਰੋਨਾ ਵਾਇਰਸ ਲਾਗ ਵੇਖਣ ਲਈ ਜਾਂਚ ਕੀਤੀ ਜਿਸ ਦਾ ਇਹ ਨਤੀਜਾ ਨਿਕਲਿਆ ਹੈ। ਜਾਂਚ ਲਈ ਲਏ ਗਏ ਕੁਲ ਨਮੂਨਿਆਂ ਵਿਚੋਂ 104 ਲੋਕਾਂ ਵਿਚ (ਦੋ ਫ਼ੀ ਸਦੀ ਤੋਂ ਘੱਟ) ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ। ਆਈਸੀਐਮਆਰ ਦੇ ਅਧਿਐਨ ਮੁਤਾਬਕ ਇਨ੍ਹਾਂ 104 ਲੋਕਾਂ ਵਿਚੋਂ 40 ਅਜਿਹੇ ਸਨ ਜਿਨ੍ਹਾਂ ਨੇ ਹਾਲ ਹੀ ਵਿਚ ਨਾ ਤਾਂ ਵਿਦੇਸ਼ ਯਾਤਰਾ ਕੀਤੀ ਸੀ ਅਤੇ ਨਾ ਹੀ ਉਹ ਕੋਰੋਨਾ ਵਾਇਰਸ ਤੋਂ ਪੀੜਤ ਕਿਸੇ ਵਿਅਕਤੀ ਦੇ ਸੰਪਰਕ ਵਿਚ ਆਏ ਸਨ।
ਅਧਿਐਨ ਰੀਪੋਰਟ ਮੁਤਾਬਕ ਐਸਆਰਆਈ ਤੋਂ ਪੀੜਤ ਮਰੀਜ਼ਾਂ ਦੇ ਕੋਰੋਨਾ ਵਾਇਰਸ ਲਾਗ ਦੀ ਲਪੇਟ ਵਿਚ ਆਉਣ ਦੀ ਸੰਭਾਵਨਾ 14 ਮਾਚਰ ਤੋਂ ਪਹਿਲਾਂ ਸਿਫ਼ਰ ਫ਼ੀ ਸਦੀ ਸੀ ਜਿਹੜੀ ਦੋ ਅਪ੍ਰੈਲ ਤਕ ਵੱਧ ਕੇ 2.6 ਫ਼ੀ ਸਦੀ ਹੋ ਗਈ। ਐਸਆਰਆਈ ਸਾਹ ਦੀ ਗੰਭੀਰ ਬੀਮਾਰੀ ਹੈ ਜਿਸ ਵਿਚ ਮਰੀਜ਼ਾਂ ਨੂੰ ਨਿਮੋਨੀਆ ਹੋ ਸਕਦਾ ਹੈ ਜਾਂ ਸਾਹ ਰੁਕ ਸਕਦਾ ਹੈ। ਮਾਹਰਾਂ ਨੇ ਦਸਿਆ ਕਿ ਮੌਜੂਦਾ ਤੱਥਾਂ ਮੁਤਾਬਕ ਐਸਆਰਆਈ ਤੋਂ ਪੀੜਤ ਸਿਰਫ਼ ਦੋ ਵਿਚੋਂ ਤਿੰਨ ਫ਼ੀ ਸਦੀ ਮਰੀਜ਼ਾਂ ਵਿਚ ਹੀ ਕੋਵਿਡ-19 ਦੀ ਪੁਸ਼ਟੀ ਹੋ ਸਕਦੀ ਹੈ। (ਏਜੰਸੀ)