ਲੌਕਡਾਊਨ ਦਾ ਉਲੰਘਣ ਕਰਨ ਵਾਲਿਆਂ ਨੂੰ ਇਸ ਤਰ੍ਹਾਂ ਸਮਝਾ ਰਹੀ ਹੈ ਪੁਲਿਸ, ਪੜ੍ਹੋ ਪੂਰੀ ਖ਼ਬਰ
ਕੋਰੋਨਾ ਵਾਇਰਸ ਦੇ ਚਲਦਿਆਂ ਦੇਸ਼ ਭਰ ਵਿਚ 21 ਦਿਨਾਂ ਦਾ ਲੌਕਡਾਊਨ ਕੀਤਾ ਗਿਆ ਹੈ।
ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਚਲਦਿਆਂ ਦੇਸ਼ ਭਰ ਵਿਚ 21 ਦਿਨਾਂ ਦਾ ਲੌਕਡਾਊਨ ਕੀਤਾ ਗਿਆ ਹੈ। ਕਈ ਥਾਵਾਂ ‘ਤੇ ਪੁਲਿਸ ਲੌਕਡਾਊਨ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖਤੀ ਵਰਤ ਰਹੀ ਹੈ ਤੇ ਕਈ ਥਾਵਾਂ ‘ਤੇ ਨਰਮੀ ਨਾਲ ਪੇਸ਼ ਆ ਰਹੀ ਹੈ। ਇਸ ਦੌਰਾਨ ਮੱਧ ਪ੍ਰਦੇਸ਼ ਵਿਚ ਕੁੱਝ ਵੱਖਰਾ ਹੀ ਦੇਖਣ ਨੂੰ ਮਿਲਿਆ ਹੈ।
ਇੱਥੇ ਲੌਕਡਾਊਨ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ ਪੁਲਿਸ ਨੇ ਨਵਾਂ ਰਸਤਾ ਅਪਣਾਇਆ ਹੈ। ਉੱਥੇ ਹੀ ਪੁਲਿਸ ਦੇ ਫਲੈਗ ਮਾਰਚ ਦੌਰਾਨ ਜੋ ਲੋਕ ਲੌਕਡਾਊਨ ਦਾ ਉਲੰਘਣ ਕਰਦੇ ਦਿਖਾਈ ਦਿੱਤੇ, ਉਹਨਾ ਕੋਲੋਂ ਬੈਠਕਾਂ ਕਢਵਾਈਆਂ ਗਈਆਂ । ਪੁਲਿਸ ਨੇ ਲੋਕਾਂ ਨੂੰ ਤਿੰਨ ਤਰੀਕਿਆਂ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ।
ਪਹਿਲਾਂ ਅਜਿਹੇ ਲੋਕਾਂ ਨੂੰ ਫੁੱਲ ਦਿੱਤੇ ਗਏ, ਆਰਤੀ ਉਤਾਰੀ ਗਈ ਅਤੇ ਅਖਰੀ ਵਿਚ ਕੰਨ ਦੇ ਕੋਲ ਘੰਟੀ ਵਜਾ ਕੇ ਅਹਿਸਾਸ ਕਰਵਾਇਆ ਕਿ ਉਹਨਾਂ ਦਾ ਜੀਵਨ ਕੋਰੋਨਾ ਵਾਇਰਸ ਕਾਰਨ ਖਤਰੇ ਵਿਚ ਪੈ ਸਕਦਾ ਹੈ। ਕੋਤਾਵਾਲੀ ਟੀਆਈ ਰਜਿੰਦਰ ਧੁਰਵੇ ਦਾ ਕਹਿਣਾ ਹੈ ਕਿ ਅਸੀਂ ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਆਉਣ ਲਈ ਹਰ ਤਰੀਕੇ ਨਾਲ ਸਮਝਾਇਆ।
ਪਹਿਲਾਂ ਸਖਤੀ ਵਰਤੀ ਗਈ ਤੇ ਹੁਣ ਉਹਨਾਂ ਦੀ ਆਰਤੀ ਉਤਾਰੀ ਜਾ ਰਹੀ ਹੈ। ਪੁਲਿਸ ਲੋਕਾਂ ਨੂੰ ਸਮਝਾ ਕੇ ਉਹਨਾਂ ਨੂੰ ਗੁਲਾਬ ਦੇ ਫੁੱਲ਼ ਦੇ ਰਹੀ ਹੈ ਤਾਂ ਜੋ ਉਹ ਦੁਬਾਰਾ ਬਿਨਾਂ ਕਿਸੇ ਕਾਰਨ ਸੜਕ ‘ਤੇ ਦਿਖਾਈ ਨਾ ਦੇਣ। ਜ਼ਿਕਰਯੋਗ ਹੈ ਕਿ ਦੁਨੀਆ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ।
ਭਾਰਤ ਵਿਚ ਵੀ ਇਸ ਵਾਇਰਸ ਕਾਰਨ ਲੌਕਡਾਊਨ ਕੀਤਾ ਗਿਆ ਹੈ। ਇਸ ਦੌਰਾਨ ਸਰਕਾਰ ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਅਪੀਲ ਕਰ ਰਹੀ ਹੈ। ਵੱਖ-ਵੱਖ ਥਾਵਾਂ ‘ਤੇ ਪੁਲਿਸ ਵੱਲੋਂ ਵੀ ਲੋਕਾਂ ਨੂੰ ਘਰੋਂ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਜਾ ਰਹੀ ਹੈ।