ਦਿੱਲੀ ਦੀ ਗੁਰਦਵਾਰਾ ਸਿਆਸਤ ਕੋਰੋਨਾ ਨੂੰ ਲੈ ਕੇ ਇਕ-ਦੂਜੇ ਵਿਰੁਧ ਡਟੀ
ਇਕ ਧੜਾ ਕਹਿੰਦੈ, ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਅਪਮਾਨ ਕੀਤੈ
ਇਕ ਧੜਾ ਕਹਿੰਦੈ, ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਅਪਮਾਨ ਕੀਤੈ
ਨਵੀਂ ਦਿੱਲੀ (ਅਮਨਦੀਪ ਸਿੰਘ) : 'ਜਾਗੋ' ਪਾਰਟੀ ਦੇ ਪ੍ਰਧਾਨ ਸ.ਮਨਜੀਤ ਸਿੰਘ ਜੀ ਕੇ ਨੇ ਦੋਸ਼ ਲਾਇਆ ਹੈ ਕਿ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ ਵਲੋਂ ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਲਿਖੀ ਚਿੱਠੀ ਵਿਚ ਗੁਮਰਾਹਕੁਨ ਹਵਾਲਾ ਦੇ ਕੇ ਆਖਿਆ ਹੈ ਕਿ ਜਦੋਂ ਅੱਠਵੇਂ ਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਚੇਚਕ ਦੀ ਲਾਗ ਲੱਗ ਗਈ ਸੀ, ਉਦੋਂ ਉਹ ਵੀ ਗੁਰਦਵਾਰਾ ਬਾਲਾ ਸਾਹਿਬ ਵਾਲੀ ਥਾਂ 'ਤੇ ਇਕੱਲ ਵਿਚ ਰਹੇ ਸਨ, ਜੋ ਗੁਰੂ ਸਾਹਿਬ ਦੀ ਸ਼ਖ਼ਸੀਅਤ ਦੀ ਹੇਠੀ ਕਰਨ ਦੇ ਤੁਲ ਹੈ।
ਇਸ ਲਈ ਸਿਰਸਾ ਦੇ ਨਾਲ ਜਨਰਲ ਸਕੱਤਰ ਸ.ਹਰਮੀਤ ਸਿੰਘ ਕਾਲਕਾ ਨੂੰ ਵੀ ਤਲਬ ਕਰ ਕੇ, ਸਪਸ਼ਟੀਕਰਨ ਲਿਆ ਜਾਵੇ। ਇਹ ਦੋਵੇਂ ਗੁਰਬਾਣੀ ਤੇ ਗੁਰੂ ਇਤਿਹਾਸ ਬਾਰੇ ਅਖੌਤੀ ਤੌਰ 'ਤੇ ਗੁਮਰਾਹਕੁਨ ਦਾਅਵੇ ਕਰਦੇ ਆ ਰਹੇ ਹਨ। ਜਦਕਿ ਗੁਰੂ ਸਾਹਿਬ ਨੇ ਚੇਚਕ ਦੇ ਰੋਗੀਆਂ ਦੀ ਬੰਗਲਾ ਸਾਹਿਬ ਗੁਰਦਵਾਰੇ ਵਿਖੇ ਸੇਵਾ ਕਰ ਕੇ ਉਨਾਂ ਦੇ ਦੁੱਖ ਦੂਰ ਕੀਤੇ ਸਨ। ਸਿਰਸਾ ਵਲੋਂ ਕੇਜਰੀਵਾਲ ਨੂੰ ਗੁਰਦਵਾਰਾ ਬਾਲਾ ਸਾਹਿਬ ਵਿਚਲੀ ਹਸਪਤਾਲ ਦੀ ਥਾਂ ਨੂੰ ਕਰੋਨਾ ਮਰੀਜ਼ਾਂ ਲਈ ਇਕੱਲ ਦੀ ਥਾਂ ਵਜੋਂ ਦੇਣ ਦੀ ਪੇਸ਼ਕਸ਼ ਕੀਤੀ ਹੈ ਜਿਸ ਵਿਚ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਵੀ ਹਵਾਲਾ ਦਿਤਾ ਸੀ। ਜਿਸ ਪਿਛੋਂ ਮਸਲੇ ਨੇ ਤੂਲ ਫੜ ਲਿਆ।
ਦੂਜਾ ਧੜਾ ਕਹਿੰਦੈ ਦਿੱਲੀ ਸਰਕਾਰ ਨੂੰ ਖ਼ੁਸ਼ ਕਰਨ ਲਈ ਗੁਰਦਵਾਰਾ ਜਾਇਦਾਦ ਨੂੰ ਵਰਤਿਆ ਜਾ ਰਿਹੈ
ਨਵੀਂ ਦਿੱਲੀ (ਸੁਖਰਾਜ ਸਿੰਘ) : ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਵਲੋਂ ਅਪਮਾਨਜਨਕ, ਸ਼ਰਾਰਤ ਭਰਪੂਰ ਤੇ ਮੰਦਭਾਵਨਾ ਨਾਲ ਲਗਾਏ ਦੋਸ਼ਾਂ ਦਾ ਗੰਭੀਰ ਨੋਟਿਸ ਲੈਂਦਿਆਂ ਆਖਿਆ ਹੈ ਕਿ ਦੁਸ਼ਟ ਦਿਮਾਗਾਂ ਤੋਂ ਮਹਾਂਮਾਰੀ ਵੇਲੇ ਸਿੱਖਾਂ ਵਲੋਂ ਕੀਤੀ ਜਾ ਰਹੀ ਸੇਵਾ ਦੀ ਵਿਸ਼ਵ ਵਿਆਪੀ ਵਡਿਆਈ ਬਰਦਾਸ਼ਤ ਨਹੀਂ ਹੋ ਰਹੀ।
ਸ. ਸਿਰਸਾ ਨੇ ਕਿਹਾ ਕਿ ਇਹ ਵੇਖ ਕੇ ਹੈਰਾਨੀ ਹੋ ਰਹੀ ਹੈ ਕਿ ਮਨੁੱਖਤਾ ਦੀ ਸੇਵਾ ਵਿਚ ਸ਼ਾਮਲ ਹੋਣ ਦੀ ਥਾਂ ਇਹ ਲੋਕ ਦਿੱਲੀ ਕਮੇਟੀ ਵਰਗੀਆਂ ਸਿੱਖ ਸੰਸਥਾਵਾਂ ਵਿਰੁਧ ਨਾਪਾਕ ਯੋਜਨਾਵਾਂ 'ਤੇ ਕੰਮ ਕਰ ਰਹੇ ਹਨ ਤੇ ਸਿਆਸਤ ਵਿਚ ਚਮਕਣ ਵਾਸਤੇ ਹਮੇਸ਼ਾ ਮਾੜੇ ਮਨਸੂਬੇ ਘੜਦੇ ਰਹਿੰਦੇ ਹਨ। ਸ. ਸਿਰਸਾ ਨੇ ਸਰਨਾ ਭਰਾਵਾਂ ਨੂੰ ਆਖਿਆ ਕਿ ਉਹ ਸੰਗਤ ਨੂੰ ਦੱਸਣ ਕਿ 50 ਬੈਡਾਂ ਦਾ ਗੁਰੂ ਹਰਿਕ੍ਰਿਸ਼ਨ ਹਸਪਤਾਲ ਤੇ 500 ਬੈਡਾਂ ਵਾਲੀ ਹਸਪਤਾਲ ਦੀ ਇਮਾਰਤ ਆਈਸੋਲੇਸ਼ਨ ਤੇ ਇਲਾਜ ਸਹੂਲਤ ਵਜੋਂ ਵਰਤਣ ਵਾਸਤੇ ਪੇਸ਼ਕਸ਼ ਕਰ ਕੇ ਦਿੱਲੀ ਕਮੇਟੀ ਨੇ ਕੀ ਗੁਨਾਹ ਕੀਤਾ ਹੈ?
ਉਨ੍ਹਾਂ ਕਿਹਾ ਕਿ ਸਰਨਾ ਭਰਾਵਾਂ ਵੱਲੋਂ ਲਗਾਏ ਗਏ ਤਾਜ਼ਾ ਇਲਜ਼ਾਮ ਸਿੱਖ ਸੰਸਥਾਵਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹਨ। ਉਨ੍ਹਾਂ ਕਿਹਾ ਕਿ ਉਹ ਦਿੱਲੀ ਦੇ ਮੁੱਖ ਮੰਤਰੀ ਨੂੰ ਲਿਖੇ ਪੱਤਰ ਦੀ ਕਾਪੀ ਗਿਆਨੀ ਹਰਪ੍ਰੀਤ ਸਿੰਘ ਹੁਰਾਂ ਨੂੰ ਭੇਜ ਰਹੇ ਹਨ। ਉਨ੍ਹਾਂ ਸਰਨਿਆਂ ਦੀਆਂ ਕੋਝੀਆਂ ਚਾਲਾਂ ਦਾ ਤੁਰਤ ਨੋਟਿਸ ਲੈਣ ਤੇ ਇਨ੍ਹਾਂ ਵਿਰੁਧ ਕਾਰਵਾਈ ਕਰਨ ਲਈ ਜਥੇਦਾਰ ਸਾਹਿਬ ਨੂੰ ਅਪੀਲ ਕੀਤੀ। ਸ. ਸਿਰਸਾ ਨੇ ਕਿਹਾ ਕਿ ਦੋਵੇਂ ਸਰਨਾ ਭਰਾ ਹੁਣ ਗੁਰਧਾਮਾਂ ਦੀ ਬਦਨਾਮੀ ਕਰਨ ਵਾਸਤੇ ਮਨਜੀਤ ਸਿੰਘ ਜੀ.ਕੇ. ਦੇ ਨਾਲ ਰਲ ਗਏ ਹਨ।
ਉਨ੍ਹਾਂ ਕਿਹਾ ਕਿ ਇਹੀ ਸਰਨਾ ਭਰਾ ਪਹਿਲਾਂ ਸ. ਜੀ.ਕੇ. ਵਿਰੁਧ ਦੋਸ਼ ਲਗਾਉਂਦੇ ਸਨ ਤੇ ਹੁਣ ਉਹ ਧਾਰਮਕ ਸੰਸਥਾਵਾਂ ਨੂੰ ਬਦਨਾਮ ਕਰਨ 'ਤੇ ਤੁਲੇ ਹਨ। ਉਨ੍ਹਾਂ ਕਿਹਾ ਕਿ ਅਸੀਂ ਇਨ੍ਹਾਂ ਆਧਾਰਹੀਣ ਤੇ ਦੁਸ਼ਪ੍ਰਚਾਰ ਵਾਲੇ ਦੋਸ਼ਾਂ ਦੀ ਪ੍ਰਵਾਹ ਨਹੀਂ ਕਰਦੇ ਤੇ ਸੰਗਤ ਖ਼ੁਦ ਹੀ ਸ਼ਰਾਰਤੀ ਸਾਜਸ਼ਾਂ ਨੂੰ ਅਸਫ਼ਲ ਬਣਾਏਗੀ।