ਤਬਲੀਗ਼ੀ ਜਮਾਤ ਦੇ ਨਾਂ 'ਤੇ ਮੁਸਲਮਾਨਾਂ ਵਿਰੁਧ ਭੰਡੀ ਪ੍ਰਚਾਰ 'ਤੇ ਲਗਾਮ ਲਾਉਣ ਦੀ ਮੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਘੱਟ-ਗਿਣਤੀ ਕਮਿਸ਼ਨ ਵਲੋਂ ਕੇਜਰੀਵਾਲ ਸਰਕਾਰ ਨੂੰ ਤਾੜਨਾ

File Photo

ਨਵੀਂ ਦਿੱਲੀ  (ਅਮਨਦੀਪ ਸਿੰਘ) : ਕਰੋਨਾ ਵਾਇਰਸ ਨੂੰ ਫੈਲਾਉਣ ਦੇ ਦੋਸ਼ਾਂ ਕਰ ਕੇ ਤਬਲੀਗ਼ੀ ਜਮਾਤ ਦੇ ਨਾਂ 'ਤੇ ਮੁਲਸਮਾਨਾਂ ਵਿਰੁਧ ਕੀਤੇ ਜਾ ਰਹੇ ਭੰਡੀ ਤੇ ਨਫ਼ਰਤੀ ਪ੍ਰਚਾਰ ਕਰ ਕੇ ਮੁਸਲਮਾਨ ਡਾਢੇ ਸਦਮੇ ਵਿਚ ਹਨ। ਕੇਜਰੀਵਾਲ ਸਰਕਾਰ ਵਲੋਂ ਰੋਜ਼ਾਨਾ ਕੋਰੋਨਾ ਵਾਇਰਸ ਦੇ ਰੋਗੀਆਂ ਬਾਰੇ ਮੀਡੀਆ ਨੂੰ ਜਾਰੀ ਕੀਤੇ ਜਾ ਰਹੇ ਅੰਕੜਿਆਂ ਵਿਚ ਤਬਲੀਗ਼ੀ ਜਮਾਤ ਦਾ ਹਵਾਲਾ ਦਿਤਾ ਜਾ ਰਿਹਾ ਹੈ ਜਿਸ ਤੋਂ ਨਾਰਾਜ਼ ਹੋ ਕੇ, ਦਿੱਲੀ ਘੱਟ-ਗਿਣਤੀ ਕਮਿਸ਼ਨ ਨੇ ਅੱਜ ਦਿੱਲੀ ਸਰਕਾਰ ਤੋਂ ਕੋਰੋਨਾ ਬੁਲੇਟਿਨ 'ਚੋਂ ਤਬਲੀਗ਼ੀ ਜਮਾਤ ਤੇ ਮੁਸਲਮਾਨਾਂ ਦਾ ਹਵਾਲਾ ਹਟਾਉਣ ਦੀ ਮੰਗ ਕੀਤੀ ਹੈ ਤੇ ਕਿਹਾ ਹੈ ਕਿ ਧਰਮ ਆਧਾਰਤ ਅਜਿਹੀ ਵੰਡ ਬੰਦ ਕੀਤੀ ਜਾਣੀ ਚਾਹੀਦੀ ਹੈ ਜਿਸ ਨੂੰ ਕਿਸੇ ਸਿਆਸੀ ਤੇ ਫ਼ਿਰਕੂ ਮੁਫ਼ਾਦਾਂ ਲਈ ਵਰਤਿਆ ਜਾ ਸਕਦਾ ਹੋਵੇ।

ਦਿੱਲੀ ਘੱਟ-ਗਿਣਤੀ ਕਮਿਸ਼ਨ ਦੇ ਚੇਅਰਮੈਨ ਡਾ. ਜ਼ਫ਼ਰਉੱਲ ਇਸਲਾਮ ਖ਼ਾਨ ਨੇ ਅੱਜ ਦਿੱਲੀ ਦੇ ਸਿਹਤ ਨਿਰਦੇਸ਼ਕ/ ਸਕੱਤਰ ਨੂੰ ਚਿੱਠੀ ਲਿਖ ਕੇ, ਕਿਹਾ ਹੈ, “ਕੋਰੋਨਾ ਵਾਇਰਸ ਮਰੀਜ਼ਾਂ ਬਾਰੇ ਤੁਹਾਡੇ ਬੁਲੇਟਿਨ ਵਿਚ ਮਰਕਜ਼ ਮਸਜਿਦ ਦੇ ਨਾਂ 'ਤੇ ਇਕ ਵਖਰਾ ਖ਼ਾਨਾ ਦਰਸਾਇਆ ਜਾ ਰਿਹਾ ਹੈ। ਅਜਿਹੀ ਵਿਚਾਰ ਵਿਹੂਣੀ ਵੰਡ ਸਿੱਧੇ ਤੌਰ 'ਤੇ ਮੀਡੀਆ ਤੇ ਹਿੰਦੂਵਾਦੀ ਤਾਕਤਾਂ ਇਸਲਾਮਕ ਅਤਿਵਾਦ ਦਾ ਹਊਆ ਖੜਾ ਕਰ ਕੇ, ਦੇਸ਼ ਪੱਧਰ 'ਤੇ ਮੁਸਲਮਾਨਾਂ 'ਤੇ ਹਮਲੇ ਦਾ ਕਾਰਨ ਬਣ ਰਿਹਾ ਹੈ। ਇਸ ਦੇ ਸਿੱਟੇ ਵਜੋਂ ਮੁਸਲਮਾਨਾਂ ਦੇ ਵਿਰੋਧ ਦੇ ਸੱਦੇ ਦਿਤੇ ਜਾ ਰਹੇ ਹਨ।

ਇਸੇ ਲੜੀ 'ਚ ਉੱਤਰ ਪੂਰਬੀ ਦਿੱਲੀ ਵਿਚ ਇਕ ਮੁਸਲਮਾਨ ਮੁੰਡੇ ਨੂੰ ਭੀੜ ਵਲੋਂ ਕੁੱਟਿਆ ਜਾ ਚੁਕਾ ਹੈ। ਇਸ ਤਰ੍ਹਾਂ ਕੋਰੋਨਾ ਵਾਇਰਸ ਮਹਾਂਮਾਰੀ ਨੂੰ ਇਕ ਧਰਮ ਨਾਲ ਜੋੜਨ ਦਾ ਵਿਸ਼ਵ ਵਪਾਰ ਸੰਗਠਨ ਨੇ ਵੀ ਨੋਟਿਸ ਲਿਆ ਹੈ ਤੇ ਸਪੱਸ਼ਟ ਕੀਤਾ ਹੈ ਕਿ ਵੱਖ-ਵੱਖ ਦੇਸ਼ਾਂ ਨੂੰ ਕਰੋਨਾ ਮਹਾਂਮਾਰੀ ਨੂੰ ਕਿਸੇ ਖ਼ਾਸ ਧਰਮ ਤੇ ਕਿਸੇ ਹੋਰ ਸਿਰ ਨਹੀਂ ਮੜ੍ਹਨਾ ਚਾਹੀਦਾ। ਦੇਸ਼ਾਂ ਦੀਆਂ ਸਰਕਾਰਾਂ ਨੂੰ ਕੋਰੋਨਾ ਬਾਰੇ ਸਿਆਸਤ ਨਹੀਂ ਖੇਡਨੀ ਚਾਹੀਦੀ ਤੇ ਨਾ ਹੀ ਕਿਸੇ ਧਰਮ ਨੂੰ ਨਿਸ਼ਾਨਾ ਬਣਾਉਣ 'ਤੇ ਰੋਕ ਲਾਉਣੀ ਚਾਹੀਦੀ ਹੈ।''