ਕੋਰੋਨਾ ਦੇ ਪੀੜਤਾਂ ਦੀ ਪਛਾਣ ਲਈ ਸਮੂਹਕ ਜਾਂਚ ਹੋਵੇ, ਪਟੀਸ਼ਨ ਦਾਖ਼ਲ
ਕੋਰੋਨਾ ਦੇ ਪੀੜਤਾਂ ਦੀ ਪਛਾਣ ਲਈ ਸਮੂਹਕ ਜਾਂਚ ਹੋਵੇ, ਪਟੀਸ਼ਨ ਦਾਖ਼ਲ
ਨਵੀਂ ਦਿੱਲੀ, 10 ਅਪ੍ਰੈਲ: ਕੋਰੋਨਾ ਵਾਇਰਸ ਮਹਾਮਾਰੀ ਤੋਂ ਪੀੜਤ ਵਿਅਕਤੀਆਂ ਦੀ ਪਛਾਣ ਕਰਨ ਲਈ ਪੂਰੇ ਦੇਸ਼ ਖ਼ਾਸਕਰ ਮਹਾਮਾਰੀ ਦੇ ਗੜ੍ਹ ਬਣੇ ਇਲਾਕਿਆਂ ਵਿਚ ਤਰਜੀਹ ਦੇ ਆਧਾਰ 'ਤੇ ਲਾਗ ਦੀ ਜਾਂਚ ਲਈ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਖ਼ਲ ਕੀਤੀ ਗਈ ਹੈ। ਪਟੀਸ਼ਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਵਿਚ ਇਸ ਬੀਮਾਰੀ ਦੀ ਜਾਂਚ ਦੀ ਦਰ ਦੁਨੀਆਂ ਭਰ ਦੇ ਦੇਸ਼ਾਂ ਦੀ ਤੁਲਨਾ ਵਿਚ ਸੱਭ ਤੋਂ ਘੱਟ ਹੈ ਜਦਕਿ ਪਿਛਲੇ ਕੁੱਝ ਦਿਨਾਂ ਵਿਚ ਇਸ ਲਾਗ ਤੋਂ ਪ੍ਰਭਾਵਤ ਵਿਅਕਤੀਆਂ ਦੀ ਗਿਣਤੀ ਵਿਚ ਜ਼ਬਰਦਸਤ ਵਾਧਾ ਹੋਇਆ ਹੈ। ਇਸ ਤੋਂ ਪਤਾ ਚਲਦਾ ਹੈ ਕਿ ਇਹ ਸ਼ਾਇਦ ਵੰਨਗੀ ਹੀ ਹੈ ਅਤੇ ਹੋਰ ਮਾੜਾ ਸਮਾਂ ਹਾਲੇ ਆਉਣ ਵਾਲਾ ਹੈ।
law
ਪਟੀਸ਼ਨ ਤਿੰਨ ਵਕੀਲਾਂ ਅਤੇ ਕਾਨੂੰਨ ਦੇ ਵਿਦਿਆਰਥੀ ਨੇ ਦਾਖ਼ਲ ਕੀਤੀ ਹੈ। ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਇਸ ਵਾਇਰਸ ਦੇ ਲਾਗ ਦੀ ਕੜੀ ਨੂੰ ਤੋੜਨ ਲਈ ਜ਼ਰੂਰੀ ਹੈ ਕਿ ਇਸ ਤੋਂ ਪ੍ਰਭਾਵਤ ਵਿਅਕਤੀਆਂ ਦਾ ਪਤਾ ਲਾਉਣ, ਉਨ੍ਹਾਂ ਦੀ ਪਛਾਣ ਕਰਨ, ਉਨ੍ਹਾਂ ਨੂੰ ਅਲੱਗ-ਥਲੱਗ ਕਰਨ ਅਤੇ ਉਨ੍ਹਾਂ ਦਾ ਇਲਾਜ ਕਰਨ ਲਈ ਸਮੂਹਕ ਜਾਂਚ ਦੀ ਕਵਾਇਦ ਅਪਣਾਈ ਜਾਵੇ। ਪਟੀਸ਼ਨ ਮੁਤਾਬਕ ਇਹ ਕਦਮ ਤਰਜੀਹ ਦੇ ਆਧਾਰ 'ਤੇ ਚੁਕਿਆ ਜਾਣਾ ਚਾਹੀਦਾ ਹੈ ਅਤੇ ਸੱਭ ਤੋਂ ਪਹਿਲਾਂ ਉਨ੍ਹਾਂ ਰਾਜਾਂ ਅਤੇ ਸ਼ਹਿਰਾਂ ਵਿਚ ਸਮੂਹਕ ਜਾਂਚ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ ਜਿਥੇ ਇਸ ਮਹਾਮਾਰੀ ਤੋਂ ਪ੍ਰਭਾਵਤ ਵਿਅਕਤੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਇਸ ਤਰ੍ਹਾਂ ਦਾ ਕਦਮ ਚੁੱਕ ਕੇ ਹੀ ਇਸ ਮਹਾਮਾਰੀ ਨੂੰ ਪੂਰੇ ਦੇਸ਼ ਵਿਚ ਫੈਲਣ ਤੋਂ ਰੋਕਣ ਵਿਚ ਮਦਦ ਮਿਲੇਗੀ। (ਏਜੰਸੀ)