ਇੰਦੌਰ ਵਿਚ ਡਾਕਟਰ ਦੀ ਮੌਤ, ਇਲਾਜ ਕਰਾਉਣ ਵਾਲਿਆਂ ਦੀ ਭਾਲ ਸ਼ੁਰੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੋਰੋਨਾ ਵਾਇਰਸ ਦੀ ਲਾਗ ਕਾਰਨ ਇਥੋਂ ਦੇ 62 ਸਾਲਾ ਡਾਕਟਰ ਦੀ ਵੀਰਵਾਰ ਸਵੇਰੇ ਮੌਤ ਹੋ ਗਈ ਜਿਸ ਤੋਂ ਬਾਅਦ ਸਿਹਤ ਵਿਭਾਗ ਨੇ ਉਨ੍ਹਾਂ ਮਰੀਜ਼ਾਂ ਦੀ ਭਾਲ ਸ਼ੁਰੂ ਕਰ ਦਿਤੀ ਹੈ

File Photo

ਇੰਦੌਰ : ਕੋਰੋਨਾ ਵਾਇਰਸ ਦੀ ਲਾਗ ਕਾਰਨ ਇਥੋਂ ਦੇ 62 ਸਾਲਾ ਡਾਕਟਰ ਦੀ ਵੀਰਵਾਰ ਸਵੇਰੇ ਮੌਤ ਹੋ ਗਈ ਜਿਸ ਤੋਂ ਬਾਅਦ ਸਿਹਤ ਵਿਭਾਗ ਨੇ ਉਨ੍ਹਾਂ ਮਰੀਜ਼ਾਂ ਦੀ ਭਾਲ ਸ਼ੁਰੂ ਕਰ ਦਿਤੀ ਹੈ ਜਿਨ੍ਹਾਂ ਨੇ ਪਿਛਲੇ ਦਿਨਾਂ ਵਿਚ ਇਸ ਜਨਰਲ ਫ਼ਿਜ਼ੀਸ਼ੀਅਨ ਕੋਲੋਂ ਇਲਾਜ ਕਰਾਇਆ ਸੀ। ਸੂਬੇ ਵਿਚ ਇਸ ਮਹਾਮਾਰੀ ਕਾਰਨ ਡਾਕਟਰ ਦੀ ਮੌਤ ਦਾ ਇਹ ਪਹਿਲਾ ਮਾਮਲਾ ਹੈ। ਸਿਹਤ ਅਧਿਕਾਰੀ ਡਾ. ਪ੍ਰਵੀਨ ਜੜੀਆ ਨੇ ਦਸਿਆ ਕਿ ਕੋਰੋਨਾ ਵਾਇਰਸ ਤੋਂ ਪੀੜਤ ਡਾਕਟਰ ਨੇ ਨਿਜੀ ਹਸਪਤਾਲ ਵਿਚ ਇਲਾਜ ਦੌਰਾਨ ਆਖ਼ਰੀ ਸਾਹ ਲਿਆ।

ਉਨ੍ਹਾਂ ਕਿਹਾ, 'ਪਹਿਲੀ ਨਜ਼ਰ ਵਿਚ ਸ਼ੱਕ ਹੈ ਕਿ ਉਸ ਕੋਲ ਕਈ ਮਰੀਜ਼ ਇਲਾਜ ਕਰਾਉਣ ਆਏ ਹੋਣਗੇ। ਅਸੀਂ ਪਤਾ ਲਾ ਰਹੇ ਹਾਂ ਕਿ ਇਹ ਡਾਕਟਰ ਇਸ ਬੀਮਾਰੀ ਦੀ ਲਪੇਟ ਵਿਚ ਕਿਵੇਂ ਆਇਆ ਸੀ।' ਉਨ੍ਹਾਂ ਦਸਿਆ ਕਿ ਡਾਕਟਰ ਨੇ ਅਪਣੇ ਕਲੀਨਿਕ ਵਿਚ 28 ਮਾਰ ਤਕ ਮਰੀਜ਼ ਵੇਖੇ ਸਨ। ਇਨ੍ਹਾਂ ਮਰੀਜ਼ਾਂ ਦਾ ਰੀਕਾਰਡ ਇਕੱਠਾ ਕੀਤਾ ਜਾ ਰਿਹਾ ਹੈ।

ਉਨ੍ਹਾਂ ਨੂੰ ਲੱਭ ਕੇ ਉਨ੍ਹਾਂ ਦੀ ਜਾਂਚ ਕੀਤੀ ਜਾਵੇਗੀ। ਡਾਕਟਰ ਪੰਜ ਅਪ੍ਰੈਲ ਨੂੰ ਨਿਜੀ ਹਸਪਤਾਲ ਵਿਚ ਦਾਖ਼ਲ ਹੋਇਆ ਸੀ। ਜਾਂਚ ਦੀ ਅੱਠ ਅਪ੍ਰੈਲ ਨੂੰ ਆਈ ਰੀਪੋਰਟ ਵਿਚ ਉਹ ਕੋਰੋਨਾ ਵਾਇਰਸ ਤੋਂ ਪੀੜਤ ਸੀ। ਡਾਕਟਰ ਨੂੰ ਸ਼ੂਗਰ ਅਤੇ ਹਾਈ ਬੀ.ਪੀ. ਦੀ ਵੀ ਸਮੱਸਿਆ ਸੀ। ਪਰਵਾਰਕ ਸੂਤਰਾਂ ਨੇ ਦਸਿਆ ਕਿ ਡਾਕਟਰ ਦੇ ਪਰਵਾਰ ਵਿਚ ਪਤਨੀ ਅਤੇ ਤਿੰਨ ਬੇਟੇ ਹਨ। ਬੇਟੇ ਫ਼ਿਲਹਾਲ ਆਸਟਰੇਲੀਆ ਵਿਚ ਹਨ। ਡਾਕਟਰ ਦਾ ਵੀਰਵਾਰ ਸ਼ਾਮ ਦਾਹ ਸਸਕਾਰ ਕਰ ਦਿਤਾ ਗਿਆ।