ਅਸੀਂ ਮਿਲ ਕੇ ਜਿੱਤਾਂਗੇ : ਮੋਦੀ ਨੇ ਟਰੰਪ ਨੂੰ ਕਿਹਾ
ਭਾਰਤ ਕੋਰੋਨਾ ਵਾਇਰਸ ਦੇ ਮੁਕਾਬਲੇ ਲਈ ਇਨਸਾਨੀਅਤ ਦੀ ਹਰ ਸੰਭਵ ਮਦਦ ਕਰੇਗਾ
ਨਵੀਂ ਦਿੱਲੀ, 9 ਅਪ੍ਰੈਲ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ 'ਧਨਵਾਦ' ਦੇ ਜਵਾਬ ਵਿਚ ਵੀਰਵਾਰ ਨੂੰ ਕਿਹਾ ਕਿ ਕੋਵਿਡ-19 ਨਾਲ ਨਜਿੱਠਣ ਵਿਚ ਭਾਰਤ ਮਾਨਵਤਾ ਦੀ ਹਰ ਸੰਭਵ ਮਦਦ ਕਰੇਗਾ। ਉਨ੍ਹਾਂ ਅਮਰੀਕੀ ਰਾਸ਼ਟਰਪਤੀ ਨੂੰ ਭੇਜੇ ਸੁਨੇਹੇ ਵਿਚ ਇਹ ਗੱਲ ਕਹੀ ਜਿਨ੍ਹਾਂ ਮਲੇਰੀਆ ਵਿਰੋਧੀ ਦਵਾਈ ਹਾਈਡਰੋਕਸੀਕਲੋਰੋਕਵੀਨ ਦੇ ਨਿਰਯਾਤ ਦੀ ਆਗਿਆ ਦੇਣ ਦੇ ਫ਼ੈਸਲੇ ਲਈ ਭਾਰਤ ਦਾ ਧਨਵਾਦ ਕੀਤਾ ਹੈ। ਇਸ ਦਵਾਈ ਨੂੰ ਕੋਰੋਨਾ ਵਾਇਰਸ ਲਾਗ ਦੇ ਸੰਭਾਵੀ ਇਲਾਜ ਦੇ ਬਦਲ ਵਜੋਂ ਵੇਖਿਆ ਜਾ ਰਿਹਾ ਹੈ।
ਮੋਦੀ ਨੇ ਟਰੰਪ ਦੁਆਰਾ ਟਵਿਟਰ 'ਤੇ ਪਾਈ ਟਿਪਣੀ ਦੇ ਜਵਾਬ ਵਿਚ ਕਿਹਾ, 'ਅਸੀਂ ਮਿਲ ਕੇ ਜਿੱਤਾਂਗੇ।' ਉਨ੍ਹਾਂ ਕਿਹਾ, 'ਰਾਸ਼ਟਰਪਤੀ ਟਰੰਪ ਅਸੀਂ ਤੁਹਾਡੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ। ਇਸ ਤਰ੍ਹਾਂ ਦਾ ਸਮਾਂ ਦੋਸਤਾਂ ਨੂੰ ਹੋਰ ਨੇੜੇ ਲਿਆਉਂਦਾ ਹੈ।' ਉਨ੍ਹਾਂ ਕਿਹਾ ਕਿ ਭਾਰਤ ਅਮਰੀਕਾ ਦੀ ਭਾਈਵਾਲੀ ਪਹਿਲਾਂ ਹੀ ਮਜ਼ਬੂਤ ਹੈ। ਮੋਦੀ ਨੇ ਲਿਖਿਆ, 'ਭਾਰਤ ਕੋਰੋਨਾਵਾਇਰਸ ਦੇ ਮੁਕਾਬਲੇ ਲਈ ਇਨਸਾਨੀਅਤ ਦੀ ਹਰ ਸੰਭਵ ਮਦਦ ਕਰੇਗਾ।'
ਇਸ ਤੋਂ ਪਹਿਲਾਂ ਟਰੰਪ ਨੇ ਉਕਤ ਦਵਾਈ ਸਬੰਧੀ ਕੀਤੇ ਗਏ ਭਾਰਤ ਦੇ ਫ਼ੈਸਲੇ ਲਈ ਭਾਰਤ ਅਤੇ ਭਾਜਪਾ ਦਾ ਧਨਵਾਦ ਕੀਤਾ ਅਤੇ ਕਿਹਾ ਕਿ ਇਸ ਨੂੰ ਭੁਲਾਇਆ ਨਹੀਂ ਜਾ ਸਕਦਾ। ਟਰੰਪ ਨੇ ਕਿਹਾ, 'ਪ੍ਰਧਾਨ ਮੰਤਰੀ ਮੋਦੀ, ਤੁਹਾਡਾ ਇਸ ਲੜਾਈ ਵਿਚ ਨਾ ਸਿਰਫ਼ ਭਾਰਤ ਸਗੋਂ ਪੂਰੀ ਇਨਸਾਨੀਅਤ ਦੀ ਮਦਦ ਕਰਨ ਵਿਚ ਮਜ਼ਬੂਤ ਅਗਵਾਈ ਦੇਣ ਲਈ ਧਨਵਾਦ।' ਟਰੰਪ ਅਤੇ ਮੋਦੀ ਨੇ ਪਿਛਲੇ ਹਫ਼ਤੇ ਫ਼ੋਨ 'ਤੇ ਗੱਲਬਾਤ ਕੀਤੀ ਸੀ। ਟਰੰਪ ਨੇ ਉਦੋਂ ਮੋਦੀ ਨੂੰ ਉਕਤ ਦਵਾਈ ਦੇ ਅਮਰੀਕਾ ਦੇ ਆਰਡਰ ਮੁਤਾਬਕ ਨਿਰਯਾਤ 'ਤੇ ਲੱਗੀ ਪਾਬੰਦੀ ਹਟਾਉਣ ਦੀ ਬੇਨਤੀ ਕੀਤੀ ਸੀ। ਭਾਰਤ ਇਸ ਦਵਾਈ ਦਾ ਵੱਡਾ ਉਤਪਾਦਕ ਮੁਲਕ ਹੈ।