ਮਹਾਰਾਸ਼ਟਰ 'ਚ ਹਸਪਤਾਲ ਨੂੰ ਲੱਗੀ ਭਿਆਨਕ ਅੱਗ,ਚਾਰ ਲੋਕਾਂ ਦੀ ਹੋਈ ਮੌਤ
ਪ੍ਰਧਾਨ ਮੰਤਰੀ ਮੋਦੀ ਨੇ ਜ਼ਾਹਰ ਕੀਤਾ ਦੁੱਖ
ਨਾਗਪੁਰ : ਮਹਾਰਾਸ਼ਟਰ ਦੇ ਨਾਗਪੁਰ ਵਿੱਚ ਸ਼ੁੱਕਰਵਾਰ ਰਾਤ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਅੱਗ ਲੱਗਣ ਨਾਲ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਕੁਝ ਜ਼ਖਮੀ ਹੋ ਗਏ। ਇਕ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹਿਰ ਦੇ ਵਾਦੀ ਖੇਤਰ ਦੇ ਇੱਕ ਹਸਪਤਾਲ ਵਿੱਚ ਰਾਤ 8.10 ਵਜੇ ਅੱਗ ਲੱਗੀ।
ਨਾਗਪੁਰ ਮਿਊਂਸਪਲ ਕਾਰਪੋਰੇਸ਼ਨ (ਐਨਐਮਸੀ) ਦੇ ਮੁੱਖ ਫਾਇਰ ਅਫਸਰ ਰਾਜੇਂਦਰ ਉਚਕੇ ਨੇ ਦੱਸਿਆ ਕਿ ਅੱਗ ਹਸਪਤਾਲ ਦੀ ਦੂਸਰੀ ਮੰਜ਼ਲ ‘ਤੇ ਸਥਿਤ ਆਈਸੀਯੂ ਦੇ ਏਸੀਯੂ ਯੂਨਿਟ ਤੋਂ ਲੱਗੀ। ਅੱਗ ਦੂਜੀ ਮੰਜ਼ਿਲ ਤੱਕ ਸੀਮਤ ਰਹੀ ਅਤੇ ਹੋਰ ਨਹੀਂ ਫੈਲ ਸਕੀ। ਉਹਨਾਂ ਨੇ ਕਿਹਾ ਕਿ ਇਸ ਘਟਨਾ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਕੁਝ ਹੋਰ ਜ਼ਖਮੀ ਹੋ ਗਏ। ਅੱਗ 'ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ' ਤੇ ਪਹੁੰਚੀਆਂ।
ਉਚਕੇ ਨੇ ਦੱਸਿਆ ਕਿ ਅੱਗ ਲੱਗਣ ਵੇਲੇ ਦੂਸਰੀ ਮੰਜ਼ਿਲ ਤੇ 10 ਮਰੀਜ਼ ਸਨ। ਅੱਗ ਲੱਗਣ ਤੋਂ ਬਾਅਦ ਛੇ ਮਰੀਜ਼ ਆਪਣੇ ਆਪ ਬਾਹਰ ਚਲੇ ਗਏ, ਜਦੋਂ ਕਿ ਚਾਰ ਮਰੀਜ਼ਾਂ ਨੂੰ ਅੱਗ ਬੁਝਾਊ ਅਮਲੇ ਨੇ ਬਚਾ ਲਿਆ।
ਹਸਪਤਾਲ ਵਿਚ 27 ਮਰੀਜ਼ਾਂ ਦਾ ਚੱਲ ਰਿਹਾ ਸੀ ਇਲਾਜ
ਪੁਲਿਸ ਅਨੁਸਾਰ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। 30 ਬਿਸਤਰਿਆਂ ਵਾਲੇ ਹਸਪਤਾਲ ਵਿਚ ਸ਼ੁੱਕਰਵਾਰ ਨੂੰ 3 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ। ਅੱਗ ਲੱਗਣ ਵੇਲੇ ਹਸਪਤਾਲ ਵਿਚ ਭਰਤੀ 27 ਮਰੀਜ਼ਾਂ ਵਿਚੋਂ 10 ਆਈ ਸੀ ਯੂ ਵਿਚ ਸਨ। ਇਸ ਦੇ ਨਾਲ ਹੀ ਪੁਲਿਸ ਦਾ ਕਹਿਣਾ ਹੈ ਕਿ ਸਾਰੇ ਮਰੀਜ਼ਾਂ ਨੂੰ ਹੋਰ ਹਸਪਤਾਲ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ।
ਹਸਪਤਾਲ ਵਿਚ ਅੱਗ ਲੱਗਣ ਨਾਲ ਲੋਕਾਂ ਦੀ ਮੌਤ ‘ਤੇ ਪ੍ਰਧਾਨ ਮੰਤਰੀ ਮੋਦੀ ਨੇ ਦੁੱਖ ਜ਼ਾਹਰ ਕੀਤਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਸਪਤਾਲ ਵਿਚ ਅੱਗ ਲੱਗਣ ਕਾਰਨ ਲੋਕਾਂ ਦੀ ਮੌਤ ‘ਤੇ ਦੁੱਖ ਜ਼ਾਹਰ ਕੀਤਾ। ਪੀਐਮ ਮੋਦੀ ਨੇ ਟਵੀਟ ਕੀਤਾ, 'ਮੈਂ ਨਾਗਪੁਰ ਦੇ ਹਸਪਤਾਲ ਵਿਚ ਲੱਗੀ ਅੱਗ ਤੋਂ ਦੁਖੀ ਹਾਂ। ਇਸ ਹਾਦਸੇ ਵਿਚ ਜਾਨ ਗਵਾਉਣ ਵਾਲਿਆਂ ਦੇ ਰਿਸ਼ਤੇਦਾਰਾਂ ਨਾਲ ਮੇਰੀ ਹਮਦਰਦੀ ਹੈ। ਇਸ ਘਟਨਾ ਵਿੱਚ ਜ਼ਖਮੀ ਲੋਕਾਂ ਦੇ ਜਲਦੀ ਠੀਕ ਹੋਣ ਦੀਆਂ ਦੁਆਵਾਂ ਕਰਦਾ ਹਾਂ।