ਦਿੱਲੀ ਵਿਚ ਨਹੀਂ ਲੱਗੇਗਾ ਲਾਕਡਾਊਨ ਪਰ ਹੋਣਗੀਆਂ ਕੁੱਝ ਪਾਬੰਦੀਆਂ - ਅਰਵਿੰਦ ਕੇਜਰੀਵਾਲ
ਦਿੱਲੀ ਵਿੱਚ 7 ਤੋਂ 10 ਦਿਨਾਂ ਦਾ ਵੈਕਸੀਨ ਦਾ ਸਟਾਕ
ਨਵੀਂ ਦਿੱਲੀ - ਕੋਰੋਨਾ ਕਾਰਨ ਵਿਗੜਦੇ ਹਲਾਤਾਂ ਦੇ ਵਿਚਕਾਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਲੋਕ ਨਾਇਕ ਜੈਪ੍ਰਕਾਸ਼ ਹਸਪਤਾਲ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਸਪੱਸ਼ਟ ਤੌਰ 'ਤੇ ਕਿਹਾ ਕਿ ਦਿੱਲੀ ਵਿਚ ਤਾਲਾਬੰਦੀ ਨਹੀਂ ਹੋਵੇਗੀ ਪਰ ਪਾਬੰਦੀਆਂ ਜ਼ਰੂਰ ਲਗਾਈਆਂ ਜਾਣਗੀਆਂ। ਇਸ ਸਮੇਂ ਦੌਰਾਨ ਮੁੱਖ ਮੰਤਰੀ ਦੇ ਨਾਲ ਸਿਹਤ ਮੰਤਰੀ ਸਤੇਂਦਰ ਜੈਨ ਅਤੇ ਅਧਿਕਾਰੀਆਂ ਦੀ ਟੀਮ ਵੀ ਮੌਜੂਦ ਸੀ।
ਐਲ ਐਨ ਜੇ ਪੀ ਹਸਪਤਾਲ ਵਿਚ ਜਾਇਜ਼ਾ ਲੈਣ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਦਿੱਲੀ ਵਿੱਚ 7 ਤੋਂ 10 ਦਿਨਾਂ ਦਾ ਵੈਕਸੀਨ ਦਾ ਸਟਾਕ ਹੈ। ਇੱਥੇ ਬੈੱਡ ਅਤੇ ਵੈਂਟੀਲੇਂਟਰ ਵੀ ਮੌਜੂਦ ਹਨ। ਦਿੱਲੀ ਵਿਚ ਕੋਈ ਤਾਲਾਬੰਦੀ ਨਹੀਂ ਹੋਵੇਗੀ ਪਰ ਕੁਝ ਪਾਬੰਦੀਆਂ ਦੀ ਜਰੂਰਤ ਹੈ ਜੋ ਅੱਜ ਜਾਂ ਕੱਲ੍ਹ ਲਾਗੂ ਕੀਤੀਆਂ ਜਾਣਗੀਆਂ। ਕੇਜਰੀਵਾਲ ਨੇ ਕਿਹਾ ਕਿ ਅਸੀਂ ਕੋਵਿਡ ਸੈਂਟਰ ਬਣਾਉਣ ਦੀ ਵੀ ਤਿਆਰੀ ਕਰ ਰਹੇ ਹਾਂ, ਜਲਦੀ ਹੀ ਬੈਂਕਵੇਟ ਹਾਲ ਵਿਚ ਵੀ ਇਕ ਸੈਂਟਰ ਵੀ ਸ਼ੁਰੂ ਕੀਤਾ ਜਾਵੇਗਾ।
ਇਸ ਦੇ ਨਾਲ ਹੀ ‘ਆਪ’ ਦੇ ਮੁੱਖ ਦਫ਼ਤਰ ਵਿਖੇ ਇੱਕ ਪ੍ਰੈਸ ਕਾਨਫਰੰਸ ਵਿੱਚ ਰਾਸ਼ਟਰੀ ਬੁਲਾਰੇ ਰਾਘਵ ਚੱਢਾ ਨੇ ਕਿਹਾ ਕਿ ਕੇਂਦਰ ਸਰਕਾਰ ਦੱਸੇ ਕਿ ਕੀ ਪਹਿਲਾਂ ਦੇਸ਼ਵਾਸੀਆਂ ਦੀ ਜਾਨ ਬਚਾਉਣੀ ਜ਼ਰੂਰੀ ਹੈ ਜਾਂ ਕੋਰੋਨਾ ਵੈਕਸੀਨ ਨੂੰ ਪਾਕਿਸਤਾਨ ਨੂੰ ਦੇਣਾ ਜ਼ਿਆਦਾ ਜ਼ਰੂਰੀ ਹੈ। ਉਹਨਾਂ ਕਿਹਾ ਕਿ ਇਕ ਪਾਸੇ ਅਸੀਂ ਕਹਿੰਦੇ ਹਾਂ ਕਿ ਪਾਕਿਸਤਾਨ ਭਾਰਤ ਨੂੰ ਅਤਿਵਾਦੀ ਨਿਰਯਾਤ ਕਰਦਾ ਹੈ ਅਤੇ ਦੂਜੇ ਪਾਸੇ ਟੀਕਾ ਦੇਸ਼ ਤੋਂ ਪਾਕਿਸਤਾਨ ਵਿਚ ਨਿਰਯਾਤ ਕੀਤਾ ਜਾ ਰਿਹਾ ਹੈ।
ਭਾਰਤ ਪਾਕਿਸਤਾਨ ਨੂੰ 60 ਮਿਲੀਅਨ ਵੈਕਸੀਨ ਡੋਜ਼ ਨਿਰਯਾਤ ਕਰਨ ਜਾ ਰਿਹਾ ਹੈ। ਦੇਸ਼ ਭਰ ਵਿੱਚ ਟੀਕਿਆਂ ਦੀ ਘਾਟ ਹੈ, ਫਿਰ ਵੀ ਕੇਂਦਰ ਸਰਕਾਰ ਨੇ ਹੁਣ ਤੱਕ 84 ਦੇਸ਼ਾਂ ਨੂੰ 645 ਲੱਖ ਖੁਰਾਕਾਂ ਦਾ ਨਿਰਯਾਤ ਕੀਤਾ ਹੈ। ਇਸ ਦੇ ਨਾਲ ਹੀ ‘ਆਪ’ ਨੇਤਾ ਅਤਿਸ਼ੀ ਨੇ ਦਿੱਲੀ ਮਾਡਲ ਨੂੰ ਦੇਸ਼ ਦਾ ਸਰਬੋਤਮ ਮਾਡਲ ਦੱਸਿਆ ਹੈ।