ਸ਼੍ਰੀਲੰਕਾ ਆਰਥਿਕ ਸੰਕਟ: ਭਾਰਤ ਨੇ ਸ਼੍ਰੀਲੰਕਾ ਨੂੰ ਭੇਜਿਆ ਰਾਸ਼ਨ ਤੇ ਸਬਜ਼ੀਆਂ
ਰਾਜਪਕਸ਼ੇ ਨੇ ਭਾਰਤ ਵੱਲੋਂ ਦਿੱਤੀ ਜਾ ਰਹੀ ਆਰਥਿਕ ਮਦਦ ਲਈ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਵੀ ਕੀਤਾ ਸੀ।
ਕੋਲੰਬੋ - ਸ਼੍ਰੀਲੰਕਾ ’ਚ ਆਰਥਿਕ ਸੰਕਟ ਲਗਾਤਾਰ ਵਧਦਾ ਜਾ ਰਿਹਾ ਹੈ। ਲੋਕ ਅਨਾਜ ਅਤੇ ਹੋਰ ਰੋਜ਼ਮੱਰਾ ਦੀਆਂ ਚੀਜ਼ਾਂ ਖਰੀਦਣ ਲਈ ਗਹਿਣੇ ਵੇਚਣ ਲਈ ਮਜਬੂਰ ਹੋ ਗਏ ਹਨ। ਇਸ ਦਰਮਿਆਨ ਆਰਥਿਕ ਸੰਕਟ ’ਚ ਘਿਰੇ ਸ਼੍ਰੀਲੰਕਾ ਨੂੰ ਭਾਰਤ ਵੱਲੋਂ ਲਗਾਤਾਰ ਮਦਦ ਦਿਤੀ ਜਾ ਰਹੀ ਹੈ। ਮੀਡੀਆ ਰਿਪੋਰਟ ਮੁਤਾਬਕ ਭਾਰਤ ਸਰਕਾਰ ਵੱਲੋਂ ਭੇਜੀ ਗਈ ਸਬਜ਼ੀਆਂ ਅਤੇ ਰਾਸ਼ਨ ਦੀ ਖੇਪ ਕੋਲੰਬੋ ਪਹੁੰਚ ਗਈ ਹੈ। ਭਾਰਤ ਹੁਣ ਤੱਕ ਸ਼੍ਰੀਲੰਕਾ ਨੂੰ 2,70,000 ਮੀਟ੍ਰਿਕ ਟਨ ਤੋਂ ਵੱਧ ਈਂਧਨ ਦੀ ਸਪਲਾਈ ਕਰ ਚੁੱਕਾ ਹੈ।
ਇੰਨਾ ਹੀ ਨਹੀਂ, ਭਾਰਤ ਵੱਲੋਂ ਸ਼੍ਰੀਲੰਕਾ ਨੂੰ ਇਕ ਅਰਬ ਡਾਲਰ ਦਾ ਕਰਜ਼ਾ ਦੇਣ ਦਾ ਐਲਾਨ ਕੀਤਾ ਗਿਆ ਹੈ ਤਾਂ ਕਿ ਟਾਪੂ ਦੇਸ਼ ਦੀ ਡੁੱਬਦੀ ਅਰਥਵਿਵਸਥਾ ਨੂੰ ਉਭਾਰਨ ਵਿਚ ਮਦਦ ਕੀਤੀ ਜਾ ਸਕੇ। ਰਿਪੋਰਟ ਮੁਤਾਬਕ ਭਾਰਤ ਵੱਲੋਂ ਮੁਹੱਈਆ ਕਰਵਾਏ ਜਾਣ ਵਾਲੇ ਇਕ ਅਰਬ ਅਮਰੀਕੀ ਡਾਲਰ ਦੀ ਲਾਈਨ ਆਫ ਕ੍ਰੈਡਿਟ ਸ਼੍ਰੀਲੰਕਾ ਨੂੰ ਖਾਧ ਪਦਾਰਥਾਂ ਤੇ ਈਂਧਨ ਦੀਆਂ ਕੀਮਤਾਂ ਨੂੰ ਕਾਬੂ ’ਚ ਰੱਖਣ ਵਿਚ ਮਦਦ ਕਰੇਗੀ।
ਕੋਲੰਬੋ ਦੇ ਸਭ ਤੋਂ ਵੱਡੇ ਸਰਾਫ਼ਾ ਬਾਜ਼ਾਰ, ਕੋਲੰਬੋ ਗੋਲਡ ਸੈਂਟਰ ਦੇ ਕਈ ਵਪਾਰੀਆਂ ਨੇ ਕਿਹਾ ਕਿ ਲੋਕ ਰੋਜ਼ਮੱਰਾ ਦਾ ਸਾਮਾਨ ਖਰੀਦਣ ਲਈ ਗਹਿਣੇ ਵੇਚਣ ਲਈ ਮਜਬੂਰ ਹਨ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਟਬਾਯਾ ਰਾਜਪਕਸ਼ੇ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕੀਤੀ ਸੀ। ਰਾਜਪਕਸ਼ੇ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦੁਵੱਲੇ ਆਰਥਿਕ ਸਹਿਯੋਗ ਨੂੰ ਵਧਾਉਣ ਲਈ ਦੋਵਾਂ ਦੇਸ਼ਾਂ ਵੱਲੋਂ ਕੀਤੀਆਂ ਜਾ ਰਹੀਆਂ ਪਹਿਲਕਦਮੀਆਂ ਬਾਰੇ ਜਾਣਕਾਰੀ ਦਿੱਤੀ ਸੀ। ਰਾਜਪਕਸ਼ੇ ਨੇ ਭਾਰਤ ਵੱਲੋਂ ਦਿੱਤੀ ਜਾ ਰਹੀ ਆਰਥਿਕ ਮਦਦ ਲਈ ਪ੍ਰਧਾਨ ਮੰਤਰੀ ਮੋਦੀ ਦਾ ਵੀ ਧੰਨਵਾਦ ਕੀਤਾ ਸੀ।