ਸੋਨੂ ਸੂਦ ਲਈ ਪ੍ਰਸ਼ੰਸਕਾਂ ਦਾ ਪਿਆਰ, 2500 ਕਿਲੋ ਚੌਲਾਂ ਨਾਲ ਬਣਾਈ ਅਦਾਕਾਰ ਦੀ ਤਸਵੀਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਗ਼ਰੀਬ ਪਰਿਵਾਰਾਂ ਨੂੰ ਦਾਨ ਕੀਤੇ ਜਾਣਗੇ ਇਹ 2500 ਕਿਲੋ ਚੌਲ

Fans' love for Sonu Sood, the actor's picture made with 2500 kg of rice

ਮੱਧ ਪ੍ਰਦੇਸ਼ : ਹਰ ਕੋਈ ਫਿਲਮ ਅਭਿਨੇਤਾ ਸੋਨੂੰ ਸੂਦ ਦੇ ਸਮਾਜ ਸੇਵੀ ਕੰਮਾਂ ਦੀ ਸ਼ਲਾਘਾ ਕਰ ਰਿਹਾ ਹੈ। ਕੋਰੋਨਾ ਦੇ ਦੌਰ ਵਿੱਚ ਜਦੋਂ ਹਰ ਕੋਈ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਸੋਨੂ ਸੂਦ ਇੱਕ ਕੋਰੋਨਾ ਯੋਧਾ ਬਣ ਕੇ ਉਭਰੇ ਸਨ।

ਇਸ ਕੜੀ ਵਿੱਚ, ਦੇਵਾਸ ਦੀ ਹੈਲਪਿੰਗ ਹੈਂਡਸ ਸੰਸਥਾ ਨੇ ਇੱਕ ਅਨੋਖਾ ਰਿਕਾਰਡ ਬਣਾਇਆ ਅਤੇ  ਦੇਵਾਸ ਦੇ ਤੁਕੋਜੀ ਰਾਵ ਪਵਾਰ ਸਟੇਡੀਅਮ 'ਚ ਚੌਲਾਂ ਦੀ ਵਰਤੋਂ ਕਰ ਕੇ ਅਭਿਨੇਤਾ ਸੋਨੂੰ ਸੂਦ ਦੀ ਵਿਸ਼ਾਲ ਤਸਵੀਰ ਬਣਾਈ। ਫਿਲਮ ਅਦਾਕਾਰ ਸੋਨੂੰ ਸੂਦ ਐਤਵਾਰ ਦੁਪਹਿਰ ਨੂੰ ਇਸ ਤਸਵੀਰ ਨੂੰ ਦੇਖਣ ਲਈ ਮੁੰਬਈ ਤੋਂ ਲਾਈਵ 'ਚ ਸ਼ਾਮਲ ਹੋਏ ਅਤੇ ਸੰਸਥਾ ਦੇ ਯਤਨਾਂ ਦੀ ਸ਼ਲਾਘਾ ਕੀਤੀ।

ਉਨ੍ਹਾਂ ਹਾਜ਼ਰ ਲੋਕਾਂ ਨਾਲ ਵਿਚਾਰ-ਵਟਾਂਦਰਾ ਕਰਦਿਆਂ ਕਿਹਾ ਕਿ ਕੋਰੋਨਾ ਸੰਕਟ ਦੌਰਾਨ ਅਸੀਂ ਇਕ ਟੀਮ ਬਣ ਕੇ ਲੋਕਾਂ ਦੀ ਸੇਵਾ ਕੀਤੀ ਹੈ। ਮੌਜੂਦਾ ਸਮੇਂ ਵਿੱਚ ਵੀ ਮੇਰੀ ਇਹ ਕੋਸ਼ਿਸ਼ ਹੈ ਕਿ ਜੇਕਰ ਕੋਈ ਲੋੜਵੰਦ ਮੇਰੇ ਜਾਂ ਮੇਰੀ ਟੀਮ ਤੱਕ ਪਹੁੰਚਦਾ ਹੈ ਤਾਂ ਉਸ ਦੀ ਢੁਕਵੀਂ ਮਦਦ ਕੀਤੀ ਜਾ ਸਕੇ।

ਦੱਸ ਦੇਈਏ ਕਿ 2500 ਕਿਲੋ ਚੌਲਾਂ ਨਾਲ ਇੱਕ ਏਕੜ ਜ਼ਮੀਨ 'ਤੇ ਇਹ ਤਸਵੀਰ ਬਣਾਈ ਗਈ ਹੈ। ਤਸਵੀਰ ਬਣਾਉਣ ਲਈ ਸ਼ਹਿਰ ਵਾਸੀਆਂ ਵਲੋਂ ਚੌਲ ਦਾਨ ਦਿਤੇ ਗਏ ਸਨ ਜਿਨ੍ਹਾਂ ਨੂੰ ਗ਼ਰੀਬ ਪਰਿਵਾਰਾਂ ਵਿਚ ਵੰਡਿਆ ਜਾਵੇਗਾ।

ਇਹ ਵੀ ਪੜ੍ਹੋ: ਓਰਲੀਨਜ਼ ਮਾਸਟਰਜ਼ ਜਿੱਤਣਾ ਮੇਰੇ ਲਈ ਵੱਡਾ ਪਲ ਹੈ : ਸ਼ਟਲਰ ਪ੍ਰਿਯਾਂਸ਼ੂ ਰਾਜਾਵਤ

ਚੌਲਾਂ ਨਾਲ ਬਣੀ ਆਪਣੀ ਤਸਵੀਰ ਦੇਖ ਕੇ ਸੋਨੂ ਸੂਦ ਬਹੁਤ ਖੁਸ਼ ਹੋਏ ਤੇ ਉਨ੍ਹਾਂ ਨੇ ਇਸ ਕੰਮ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਮੇਰੇ ਅਤੇ ਮੇਰੀ ਟੀਮ ਦੇ ਸੇਵਾ ਕਾਰਜਾਂ ਦੀ ਸ਼ਲਾਘਾ ਕਰਨ ਲਈ ਦੇਵਾਸ ਦਾ ਧੰਨਵਾਦ। ਮੈਂ ਜਲਦੀ ਹੀ ਸੰਸਥਾ ਦੇ ਮੈਂਬਰਾਂ ਅਤੇ ਆਪਣੇ ਪ੍ਰਸ਼ੰਸਕਾਂ ਨੂੰ ਮਿਲਣ ਲਈ ਦੇਵਾਸ ਆਵਾਂਗਾ।

ਅਦਾਕਾਰ ਸੋਨੂੰ ਸੂਦ ਕਰੀਬ 30 ਮਿੰਟ ਲਾਈਵ ਲੋਕਾਂ ਨਾਲ ਜੁੜੇ ਅਤੇ ਚਰਚਾ ਕੀਤੀ। ਨਾਲ ਹੀ ਪੋਰਟਰੇਟ ਬਣਾਉਣ ਵਾਲੇ ਮੈਂਬਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੇ ਕੰਮ ਦੀ ਸ਼ਲਾਘਾ ਕੀਤੀ। ਸਥਾਨਕ ਦੇਵਾਸ ਦੇ ਤੁਕੋਜੀ ਰਾਵ ਪਵਾਰ ਸਟੇਡੀਅਮ ਵਿੱਚ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ ਨਾਹਰ ਦਰਵਾਜਾ ਥਾਣਾ ਇੰਚਾਰਜ ਰਮੇਸ਼ ਕਲਠੀਆ ਤੇ ਹੋਰ ਮਹਿਮਾਨਾਂ ਵਜੋਂ ਹਾਜ਼ਰ ਹੋਏ। ਸੰਸਥਾ ਦੇ ਪ੍ਰਧਾਨ ਸ਼ੁਭਮ ਵਿਜੇਵਰਗੀਆ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਅਦਾਕਾਰ ਸੋਨੂੰ ਸੂਦ ਨੂੰ ਇਸ ਤਸਵੀਰ ਬਾਰੇ ਪੂਰੀ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਪ੍ਰੋਗਰਾਮ ਵਿੱਚ ਪੋਰਟਰੇਟ ਤਿਆਰ ਕਰਨ ਵਾਲੀ ਟੀਮ ਦੇ ਮੈਂਬਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ।