Delhi News: ਮਰੀਜ਼ ਦੀ ਮੌਤ ਦੇ ਮਾਮਲੇ ’ਚ ਨਕਲੀ ਡਾਕਟਰ 9 ਸਾਲ ਬਾਅਦ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਔਰਤ ਨੇ ਕਥਿਤ ਤੌਰ ’ਤੇ ਬਿਹਾਰ ਤੋਂ ਜਾਅਲੀ ਬੀ.ਏ.ਐਮ.ਐਸ. ਦੀ ਡਿਗਰੀ ਪ੍ਰਾਪਤ ਕੀਤੀ ਸੀ ਅਤੇ 2008 ਵਿਚ ਰਣਹੋਲਾ ਦੇ ਵਿਕਾਸ ਨਗਰ ਵਿਚ ਇਕ ਕਲੀਨਿਕ ਖੋਲ੍ਹਿਆ ਸੀ

Fake doctor arrested after 9 years in patient death case Delhi News in punjabi

ਨਵੀਂ ਦਿੱਲੀ : ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ 12ਵੀਂ ਪਾਸ ਇਕ ਔਰਤ ਨੂੰ ਗ੍ਰਿਫਤਾਰ ਕੀਤਾ ਹੈ, ਜੋ ਖੁਦ ਨੂੰ ਡਾਕਟਰ ਦੱਸ ਕੇ 9 ਸਾਲ ਤੋਂ ਵੱਧ ਸਮੇਂ ਤੋਂ ਫਰਾਰ ਸੀ। ਸੰਗਮ ਵਿਹਾਰ ਦੀ ਰਹਿਣ ਵਾਲੀ ਮੁਲਜ਼ਮ (48) ਨੂੰ ਗ੍ਰੇਟਰ ਕੈਲਾਸ਼-2 ਤੋਂ ਗ੍ਰਿਫਤਾਰ ਕੀਤਾ ਗਿਆ, ਜਿੱਥੇ ਉਹ ਇਕ ਸੀਨੀਅਰ ਨਾਗਰਿਕ ਦੀ ਦੇਖਭਾਲ ਦਾ ਕੰਮ ਕਰ ਰਹੀ ਸੀ। 

ਕ੍ਰਾਈਮ ਬ੍ਰਾਂਚ ਦੇ ਬਿਆਨ ਵਿਚ ਕਿਹਾ ਗਿਆ ਹੈ ਕਿ ਔਰਤ ਨੇ ਕਥਿਤ ਤੌਰ ’ਤੇ ਬਿਹਾਰ ਤੋਂ ਜਾਅਲੀ ਬੀ.ਏ.ਐਮ.ਐਸ. ਦੀ ਡਿਗਰੀ ਪ੍ਰਾਪਤ ਕੀਤੀ ਸੀ ਅਤੇ 2008 ਵਿਚ ਰਣਹੋਲਾ ਦੇ ਵਿਕਾਸ ਨਗਰ ਵਿਚ ਇਕ ਕਲੀਨਿਕ ਖੋਲ੍ਹਿਆ ਸੀ।  ਪੁਲਿਸ ਨੇ ਅੱਗੇ ਕਿਹਾ ਕਿ ਸਿਰਫ 12ਵੀਂ ਜਮਾਤ ਤਕ ਪੜ੍ਹਾਈ ਕਰਨ ਦੇ ਬਾਵਜੂਦ ਉਹ ਕਥਿਤ ਤੌਰ ’ਤੇ ਇਕ ਡਾਕਟਰ ਵਜੋਂ ਇਕ ਕਲੀਨਿਕ ਚਲਾਉਂਦੀ ਸੀ ਅਤੇ ਮੁੱਖ ਤੌਰ ’ਤੇ ਗਾਇਨੀਕੋਲੋਜੀ ਦੇ ਮਰੀਜ਼ਾਂ ਦੀ ਦੇਖਭਾਲ ਕਰਦੀ ਸੀ। ਸਾਲ 2009 ’ਚ ਰਣਹੋਲਾ ਦੇ ਰਹਿਣ ਵਾਲੇ ਰਮੇਸ਼ ਕੁਮਾਰ ਨੇ ਅਪਣੀ ਗਰਭਵਤੀ ਪਤਨੀ ਨੂੰ ਪੇਟ ’ਚ ਦਰਦ ਦੀ ਸ਼ਿਕਾਇਤ ’ਤੇ ਉਸ ਦੇ ਕਲੀਨਿਕ ’ਚ ਦਾਖਲ ਕਰਵਾਇਆ ਸੀ। 

ਐਫ.ਆਈ.ਆਰ. ਅਨੁਸਾਰ ਦੋਸ਼ੀ ਨੇ ਦਵਾਈ ਦਿਤੀ ਅਤੇ ਮਰੀਜ਼ ਨੂੰ ਛੁੱਟੀ ਦੇ ਦਿਤੀ। ਜਦੋਂ ਦਰਦ ਜਾਰੀ ਰਿਹਾ ਤਾਂ ਅਗਲੇ ਦਿਨ ਉਸ ਨੂੰ ਦੁਬਾਰਾ ਦਾਖਲ ਕਰਵਾਇਆ ਗਿਆ ਅਤੇ ਦੋਸ਼ੀ ਦੀ ਸਿਫਾਰਸ਼ ’ਤੇ ਸਰਜਰੀ ਕੀਤੀ ਗਈ। ਬਿਆਨ ਵਿਚ ਕਿਹਾ ਗਿਆ ਹੈ ਕਿ ਦੁਬਾਰਾ ਛੁੱਟੀ ਮਿਲਣ ਤੋਂ ਬਾਅਦ ਔਰਤ ਦੀ ਹਾਲਤ ਵਿਗੜ ਗਈ ਅਤੇ ਉਸ ਨੂੰ ਡੀ.ਡੀ.ਯੂ. ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। 

ਬਾਅਦ ਦੀ ਜਾਂਚ ਤੋਂ ਪਤਾ ਲੱਗਿਆ ਕਿ ਮੁਲਜ਼ਮ ਕੋਲ ਕੋਈ ਰਸਮੀ ਡਾਕਟਰੀ ਸਿੱਖਿਆ ਨਹੀਂ ਸੀ ਅਤੇ ਕਥਿਤ ਤੌਰ ’ਤੇ ਉਸ ਦੇ ਸਰਟੀਫ਼ੀਕੇਟ ਜਾਅਲੀ ਸਨ। ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਪਰ ਬਾਅਦ ਵਿਚ ਜ਼ਮਾਨਤ ਦੇ ਦਿਤੀ ਗਈ ਸੀ। 2016 ’ਚ ਅਦਾਲਤ ’ਚ ਪੇਸ਼ ਹੋਣ ’ਚ ਅਸਫਲ ਰਹਿਣ ਤੋਂ ਬਾਅਦ ਉਸ ਨੂੰ ਭਗੌੜਾ ਅਪਰਾਧੀ ਐਲਾਨ ਕੀਤਾ ਗਿਆ ਸੀ।     (ਪੀਟੀਆਈ)