ਪ੍ਰਧਾਨ ਮੰਤਰੀ ਨਰਿੰਦਰ ਮੋਦੀ : ਰਾਹੁਲ ਜਿਹੇ ਨਾਕਾਬਲ ਨੂੰ ਵੀ ਪ੍ਰਧਾਨ ਮੰਤਰੀ ਵਜੋਂ ਪ੍ਰਵਾਨ ਕਰੇਗਾ? 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ, ਕਰਨਾਟਕ ਵਿਚੋਂ ਕਾਂਗਰਸ ਦੀ ਵਿਦਾਈ ਦਾ ਸਮਾਂ ਆ ਗਿਐ

Narendra Modi

ਚਿਕਮੰਗਲੂਰ,  ਬੰਗਲੌਰ ਵਿਚ ਕਰੀਬ ਦਸ ਹਜ਼ਾਰ 'ਫ਼ਰਜ਼ੀ' ਮਤਦਾਤਾ ਪਛਾਣ ਪੱਤਰ ਦੀ ਜ਼ਬਤੀ ਮਗਰੋਂ ਉਠੇ ਵਿਵਾਦ ਨੂੰ ਵੇਖਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰਨਾਟਕ ਦੇ ਵੋਟਰਾਂ ਨੂੰ ਕਿਹਾ ਕਿ ਉਹ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੂੰ ਮਾਫ਼ ਨਾ ਕਰੇ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਫ਼ਰਜ਼ੀ ਮਤਦਾਤਾ ਪਛਾਣ ਪੱਤਰਾਂ ਦੀ ਵਰਤੋਂ ਕਰ ਕੇ ਚੋਣ ਜਿੱਤਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ 12 ਮਈ ਨੂੰ ਲੋਕ ਵੋਟਾਂ ਪਾਉਣ ਜਾਣ ਤਾਂ ਕਾਂਗਰਸ ਨੂੰ ਮਾਫ਼ ਨਾ ਕਰਨ। ਮੋਦੀ ਨੇ ਕਿਹਾ ਕਿ ਕਰਨਾਟਕ ਵਿਚੋਂ ਕਾਂਗਰਸ ਦੀ ਵਿਦਾਈ ਦਾ ਸਮਾਂ ਆ ਗਿਆ ਹੈ। ਪ੍ਰਧਾਨ ਮੰਤਰੀ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਪ੍ਰਧਾਨ ਮੰਤਰੀ ਬਣਨ ਸਬੰਧੀ ਬਿਆਨ 'ਤੇ ਪ੍ਰਤੀਕਰਮ ਦਿੰਦਿਆਂ ਹੈਰਾਨੀ ਪ੍ਰਗਟ ਕੀਤੀ ਕਿ ਕੀ ਦੇਸ਼ ਕਦੇ ਅਜਿਹੇ 'ਅਸਮਰੱਥ ਅਤੇ ਨਾਮਦਾਰ' ਨੇਤਾ ਨੂੰ ਇਸ ਅਹੁਦੇ ਲਈ ਪ੍ਰਵਾਨ ਕਰੇਗਾ?  ਰਾਹੁਲ ਗਾਂਧੀ ਨੇ ਕਲ ਕਿਹਾ ਸੀ ਕਿ ਜੇ ਕਾਂਗਰਸ ਨੂੰ ਬਹੁਮਤ ਮਿਲਿਆ ਤਾਂ ਉਹ ਪ੍ਰਧਾਨ ਮੰਤਰੀ ਬਣਨ ਲਈ ਤਿਆਰ ਹਨ। 

ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ,'ਅਜਿਹਾ ਨਾਮਦਾਰ ਜੋ ਅਪਣੇ ਗਠਜੋੜ ਸਾਥੀਆਂ 'ਤੇ ਵਿਸ਼ਵਾਸ ਨਹੀਂ ਕਰਦਾ... ਜੋ ਕਾਂਗਰਸ ਦੇ ਅੰਦਰੂਨੀ ਲੋਕਤੰਤਰ ਦੀ ਪ੍ਰਵਾਹ ਨਹੀਂ ਕਰਦਾ, ਜਿਸ ਦੀ ਹੈਂਕੜ ਸਤਵੇਂ ਅਸਮਾਨ ਉਤੇ ਪਹੁੰਚ ਗਈ ਹੈ ਅਤੇ ਜੋ ਅਪਣੇ ਆਪ ਇਹ ਐਲਾਨ ਕਰ ਰਿਹਾ ਹੈ ਕਿ ਉਹ 2019 ਵਿਚ ਪ੍ਰਧਾਨ ਮੰਤਰੀ ਬਣੇਗਾ, ਉਹ ਪ੍ਰਧਾਨ ਮੰਤਰੀ ਬਣਨ ਦੇ ਕਾਬਲ ਹੈ?' 
ਮੋਦੀ ਨੇ ਕਿਹਾ ਕਿ ਰਾਹੁਲ ਦਾ ਇਹ ਬਿਆਨ ਇਸ ਅਹੁਦੇ ਲਈ ਉਨ੍ਹਾਂ ਦੀ ਲਾਲਸਾ ਨੂੰ ਦਰਸਾਉਂਦਾ ਹੈ।  ਉਨ੍ਹਾਂ ਕਿਹਾ, ''ਕਲ ਕਰਨਾਟਕ ਅਤੇ ਭਾਰਤ ਦੀ ਰਾਜਨੀਤੀ ਵਿਚ ਕੁੱਝ ਹੋਇਆ। ਅਚਾਨਕ ਇਕ ਵਿਅਕਤੀ ਆਇਆ ਅਤੇ ਉਸ ਨੇ ਐਲਾਨ ਕੀਤਾ ਕਿ ਉਸ ਨੂੰ ਦੂਜਿਆਂ ਦੀ ਪ੍ਰਵਾਹ ਨਹੀਂ ਜੋ ਪਹਿਲਾਂ ਤੋਂ ਹੀ ਇਸ ਲਾਈਨ ਵਿਚ ਖੜੇ ਹਨ। ਸਾਥੀਆਂ ਦੀ ਵੀ ਕੋਈ ਪ੍ਰਵਾਹ ਨਹੀਂ। (ਏਜੰਸੀ)