ਕੋਰੋਨਾ ਵਾਇਰਸ ਨਾਲ ਦੇਸ਼ 'ਚ ਮ੍ਰਿਤਕਾਂ ਦੀ ਗਿਣਤੀ 1981 ਹੋਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ 'ਚ ਕੋਰੋਨਾ ਵਾਇਰਸ ਕਰ ਕੇ ਮਰਨ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ ਸਨਿਚਰਵਾਰ ਨੂੰ 1981 ਹੋ ਗਈ ਅਤੇ ਪੀੜਤਾਂ ਦੀ ਗਿਣਤੀ 59,662 'ਤੇ ਪੁੱਜ ਗਈ ਹੈ।

File Photo

ਨਵੀਂ ਦਿੱਲੀ, 9 ਮਈ: ਦੇਸ਼ 'ਚ ਕੋਰੋਨਾ ਵਾਇਰਸ ਕਰ ਕੇ ਮਰਨ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ ਸਨਿਚਰਵਾਰ ਨੂੰ 1981 ਹੋ ਗਈ ਅਤੇ ਪੀੜਤਾਂ ਦੀ ਗਿਣਤੀ 59,662 'ਤੇ ਪੁੱਜ ਗਈ ਹੈ। ਪਿਛਲੇ 24 ਘੰਟਿਆਂ 'ਚ ਇਸ ਵਾਇਰਸ ਕਰ ਕੇ 95 ਲੋਕਾਂ ਦੀ ਮੌਤ ਹੋ ਗਈ ਅਤੇ 3320 ਨਵੇਂ ਮਾਮਲੇ ਸਾਹਮਣੇ ਆਏ ਹਨ।
ਸੂਬਿਆਂ 'ਚ ਕੋਰੋਨਾ ਵਾਇਰਸ ਦੇ ਸਾਹਮਣੇ ਆ ਰਹੇ ਮਾਮਲਿਆਂ ਅਤੇ ਕੌਮਾਂਤਰੀ ਪੱਧਰ 'ਤੇ ਤਾਲਾਬੰਦੀ 'ਚ ਢਿੱਲ ਦੇਣ ਵਾਲੇ ਅਰਥਚਾਰਿਆਂ 'ਚ ਲਾਗ ਦੇ ਵਧਦੇ ਮਾਮਲਿਆਂ ਨੇ ਸਰਕਾਰਾਂ ਦੀਆਂ ਚਿੰਤਾਵਾਂ ਵਧਾ ਦਿਤੀਆਂ ਹਨ।

ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਕਿਹਾ ਕਿ ਕੋਰੋਨਾ ਵਾਇਰਸ ਦੀ ਜਾਂਚ ਵੱਧ ਕੇ ਹਰ ਰੋਜ਼ ਲਗਭਗ 95,000 ਹੋ ਗਈ ਹੈ, ਜਦਕਿ 332 ਸਰਕਾਰੀ ਅਤੇ 121 ਨਿਜੀ ਪ੍ਰਯੋਗਸ਼ਾਲਾਵਾਂ 'ਚ ਹੁਣ ਤਕ ਕੁਲ 15 ਲੱਖ 25 ਹਜ਼ਾਰ 631 ਜਾਂਚ ਕੀਤੀ ਜਾ ਚੁੱਕੀ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਦਸਿਆ ਕਿ ਦੇਸ਼ 'ਚ 39,834 ਲੋਕਾਂ ਦਾ ਇਲਾਜ ਚਲ ਰਿਹਾ ਹੈ ਜਦਕਿ 17,846 ਲੋਕ ਸਿਹਤਮੰਦ ਹੋ ਗਏ ਹਨ ਅਤੇ ਇਕ ਮਰੀਜ਼ ਵਿਦੇਸ਼ ਚਲਾ ਗਿਆ ਹੈ। ਹਾਲਾਂਕਿ ਖ਼ਬਰ ਏਜੰਸੀ ਪੀ.ਟੀ.ਆਈ. ਦੀ ਗਿਣਤੀ ਮੁਤਾਬਕ ਸਨਿਚਰਵਾਰ ਰਾਤ ਤਕ 60,266 ਮਾਮਲੇ ਸਾਹਮਣੇ ਆ ਚੁੱਕੇ ਹਨ। ਇਹ ਸ਼ੁਕਰਵਾਰ ਸਵੇਰ ਤੋਂ ਲਗਭਗ 4000 ਮਾਮਲਿਆਂ ਦੇ ਵਾਧੇ ਨੂੰ ਦਰਸਾਉਂਦਾ ਹੈ।

ਸ਼ੁਕਰਵਾਰ ਦੀ ਸਵੇਰ ਤੋਂ ਲੈ ਕੇ ਹੁਣ ਤਕ ਕੁਲ 95 ਵਿਅਕਤੀਆਂ ਦੀ ਮੌਤ ਹੋਈ ਹੈ। ਇਨ੍ਹਾਂ 'ਚ 37 ਦੀ ਮਹਾਰਾਸ਼ਟਰ, 24 ਦੀ ਗੁਜਰਾਤ, 9 ਦੀ ਪਛਮੀ ਬੰਗਾਲ, 7 ਦੀ ਮੱਧ ਪ੍ਰਦੇਸ਼, ਚਾਰ-ਚਾਰ ਵਿਅਕਤੀਆਂ ਦੀ ਰਾਜਸਥਾਨ ਅਤੇ ਉੱਤਰ ਪ੍ਰਦੇਸ਼, ਤਿੰਨ-ਤਿੰਨ ਵਿਅਕਤੀਆਂ ਦੀ ਆਂਧਰ ਪ੍ਰਦੇਸ਼ ਅਤੇ ਤਾਮਿਲਨਾਡੂ, ਦੋ ਵਿਅਕਤੀਆਂ ਦੀ ਦਿੱਲੀ ਅਤੇ ਇਕ-ਇਕ ਵਿਅਕਤੀ ਦੀ ਮੌਤ ਪੰਜਾਬ ਅਤੇ ਹਰਿਆਣਾ 'ਚ ਹੋਈ। ਝਾਰਖੰਡ 'ਚ ਕੋਰੋਨਾ ਵਾਇਰਸ ਨਾਲ ਤਿੰਨ ਲੋਕਾਂ ਦੀ ਜਾਨ ਗਈ। ਉੜੀਸਾ ਅਤੇ ਹਿਮਾਚਲ ਪ੍ਰਦੇਸ਼ 'ਚ ਦੋ-ਦੋ ਵਿਅਕਤੀਆਂ ਨੇ ਇਸ ਲਾਗ ਕਰ ਕੇ ਦਮ ਤੋਡਿਆ। ਜਦਕਿ ਘੇਮਾਲਿਆ, ਚੰਡੀਗੜ੍ਹ, ਆਸਾਮ ਅਤੇ ਉਤਰਾਖੰਡ 'ਚ ਇਕ-ਇਕ ਵਿਅਕਤੀ ਦੀ ਮੌਤ ਹੋ ਗਈ ਹੈ।

ਮੰਤਰਾਲੇ ਦੀ ਵੈੱਬਸਾਈਟ ਅਨੁਸਾਰ 70 ਫ਼ੀ ਸਦੀ ਲੋਕਾਂ ਦੀ ਮੌਤ ਕੋਰੋਨਾ ਵਾਇਰਸ ਨਾਲ ਹੋਰ ਬਿਮਾਰੀਆਂ ਕਰ ਕੇ ਹੋਈ। ਦੇਸ਼ ਅੰਦਰ ਪੀੜਤਾਂ ਦੀ ਸੱਭ ਤੋਂ ਜ਼ਿਆਦਾ ਗਿਣਤੀ ਮਹਾਰਾਸ਼ਟਰ 'ਚ ਹੈ ਜਿੱਥੇ 19063 ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਬਾਅਦ ਗੁਜਰਾਤ 'ਚ 7402, ਦਿੱਲੀ 'ਚ 6318, ਤਾਮਿਲਨਾਡੂ 'ਚ 6009, ਰਾਜਸਥਾਨ 'ਚ 3579, ਮੱਧ ਪ੍ਰਦੇਸ਼ 'ਚ 3341 ਅਤੇ ਉੱਤਰ ਪ੍ਰਦੇਸ਼ 'ਚ 3214 ਲੋਕ ਕੋਰੋਨਾ ਵਾਇਰਸ ਪਾਜ਼ੇਟਿਵ ਹਨ। ਆਂਧਰ ਪ੍ਰਦੇਸ਼ 'ਚ ਕੋਰੋਨਾ ਵਾਇਰਸ ਦੇ ਮਾਮਲੇ ਵੱਧ ਕੇ 1887 ਅਤੇ ਪੰਜਾਬ 'ਚ 1762 ਹੋ ਗਏ ਹਨ। ਚੰਡੀਗੜ੍ਹ 'ਚ ਇਸ ਜਾਨਲੇਵਾ ਵਾਇਰਸ ਦੇ 1500 ਲੋਕ ਅਤੇ ਹਿਮਾਚਲ ਪ੍ਰਦੇਸ਼ 'ਚ 50 ਮਰੀਜ਼ ਹਨ।  (ਪੀਟੀਆਈ)