ਸਿਕਿਮ ਸੈਕਟਰ 'ਚ ਭਾਰਤੀ ਫ਼ੌਜੀਆਂ ਦੀ ਚੀਨੀ ਫ਼ੌਜੀਆਂ ਨਾਲ ਝੜਪ
ਘਟਨਾ 'ਚ ਕਈ ਫ਼ੌਜੀਆਂ ਨੂੰ ਮਾਮੂਲੀ ਸੱਟਾਂ ਵੀ ਲਗੀਆਂ
ਨਵੀਂ ਦਿੱਲੀ, 10 ਮਈ: ਭਾਰਤ-ਚੀਨ ਸਰਹੱਦ ਨਾਲ ਲੱਗਣ ਵਾਲੇ ਸਿਕਿਮ ਸੈਕਟਰ ਦੇ ਨਾਕੂ ਲਾ ਕੋਲ ਭਾਰਤ ਅਤੇ ਚੀਨ ਦੇ ਫ਼ੌਜੀਆਂ ਵਿਚਕਾਰ ਸਨਿਚਰਵਾਰ ਨੂੰ ਤਿੱਖੀ ਝੜੱਪ ਹੋ ਗਈ। ਸੂਤਰਾਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿਤੀ। ਉਨ੍ਹਾਂ ਕਿਹਾ ਕਿ ਇਸ ਘਟਨਾ 'ਚ ਕਈ ਫ਼ੌਜੀਆਂ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ ਹਨ। ਉਨ੍ਹਾਂ ਕਿਹਾ ਕਿ ਸਥਾਨਕ ਪੱਧਰ 'ਤੇ ਗੱਲਬਾਤ ਮਗਰੋਂ ਫ਼ੌਜੀਆਂ ਨੂੰ ਸਮਝਾ ਕੇ ਵੱਖ ਕੀਤਾ ਗਿਆ।
ਇਕ ਸੂਤਰ ਨੇ ਦਸਿਆ, ''ਫ਼ੌਜੀ ਨਿਰਧਾਰਤ ਪ੍ਰੋਟੋਕਾਲ ਅਨੁਸਾਰ ਆਪਸੀ ਸਮਝ ਦੇ ਅਜਿਹੇ ਮਾਮਲਿਆਂ ਨੂੰ ਹੱਲ ਕਰ ਲੈਂਦੇ ਹਨ। ਇਸ ਤਰ੍ਹਾਂ ਦੀ ਘਟਨਾ ਕਾਫੀ ਸਮੇਂ ਬਾਅਦ ਹੋਈ ਹੈ।''
ਅਗੱਸਤ 2017 'ਚ ਲੱਦਾਖ਼ 'ਚ ਪੇਂਗੋਂਗ ਝੀਲ 'ਚ ਹੋਈ ਇਸ ਤਰ੍ਹਾਂ ਦੀ ਘਟਨਾ ਤੋਂ ਬਾਅਦ ਦੋਹਾਂ ਧਿਰਾਂ ਦੇ ਫ਼ੌਜੀਆਂ ਵਿਚਕਾਰ ਝੜਪ ਦੀ ਇਹ ਪਹਿਲੀ ਘਟਨਾ ਹੈ। ਅਜਿਹਾ ਪਤਾ ਲਗਿਆ ਹੈ ਕਿ ਸਨਿਚਰਵਾਰ ਨੂੰ ਹੋਈ ਇਸ ਝੜਪ 'ਚ ਕੁਲ 150 ਫ਼ੌਜੀ ਸ਼ਾਮਲ ਸਨ। ਭਾਰਤ ਅਤੇ ਚੀਨ ਦੇ ਫ਼ੌਜੀਆਂ ਵਿਚਕਾਰ 2017 'ਚ ਡੋਕਲਾਮ 'ਚ ਸੜਕ ਉਸਾਰੀ ਨੂੰ ਲੈ ਕੇ 73 ਦਿਨਾਂ ਤਕ ਰੇੜਕਾ ਚਲਿਆ ਸੀ ਜਿਸ ਨਾਲ ਦੋਹਾਂ ਗੁਆਂਢੀ ਦੇਸ਼ਾਂ ਵਿਚਕਾਰ ਜੰਗ ਦਾ ਸ਼ੱਕ ਪੈਦਾ ਹੋ ਗਿਆ ਸੀ।
ਭਾਰਤ-ਚੀਨ ਵਿਵਾਦ 3488 ਕਿਲੋਮੀਟਰ ਲੰਮੀ ਅਸਲ ਕੰਟਰੋਲ ਰੇਖਾ (ਐਲ.ਏ.ਸੀ.) ਨੂੰ ਲੈ ਕੇ ਹੈ। ਚੀਨ ਦਾ ਦਾਅਵਾ ਹੈ ਕਿ ਅਰੁਣਾਂਚਲ ਪ੍ਰਦੇਸ਼ ਦਖਣੀ ਤਿੱਬਤ ਦਾ ਹਿੱਸਾ ਹੈ ਜਦਕਿ ਭਾਰਤ ਇਸ ਤੋਂ ਇਨਕਾਰ ਕਰਦਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਚਿਨਫ਼ਿੰਗ ਨੇ ਡੋਕਲਾਮ ਰੇੜਕੇ ਤੋਂ ਕੁੱਝ ਮਹੀਨੇ ਬਾਅਦ ਚੀਨੀ ਸ਼ਹਿਰ ਵੂਹਾਨ 'ਚ ਦਸੰਬਰ, 2018 'ਚ ਪਹਿਲੀ ਗ਼ੈਰਰਸਮੀ ਗੱਲਬਾਤ ਕੀਤੀ ਸੀ।
(ਪੀਟੀਆਈ)