ਕਸ਼ਮੀਰ: ਕੁੱਝ ਸ਼ਾਂਤੀਪੂਰਨ ਇਲਾਕਿਆਂ ’ਚ ਪਾਬੰਦੀਆਂ ’ਚ ਢਿਲ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿਚ ਹਿਜਬੁਲ ਮੁਜਾਹਿਦੀਨ ਦੇ ਕਮਾਂਡਰ ਰਿਆਜ਼ ਨਾਇਕੂ ਦੀ ਮੌਤ ਦੇ ਮੱਦੇਨਜ਼ਰ ਸਨਿਚਰਵਾਰ ਨੂੰ ਕਸ਼ਮੀਰ ਵਿਚ ਪਾਬੰਦੀਆਂ ਲਾਗੂ ਰਹੀਆਂ।

File Photo

ਜੰਮੂ, 9 ਮਈ (ਸਰਬਜੀਤ ਸਿੰਘ): ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿਚ ਹਿਜਬੁਲ ਮੁਜਾਹਿਦੀਨ ਦੇ ਕਮਾਂਡਰ ਰਿਆਜ਼ ਨਾਇਕੂ ਦੀ ਮੌਤ ਦੇ ਮੱਦੇਨਜ਼ਰ ਸਨਿਚਰਵਾਰ ਨੂੰ ਕਸ਼ਮੀਰ ਵਿਚ ਪਾਬੰਦੀਆਂ ਲਾਗੂ ਰਹੀਆਂ। ਅਧਿਕਾਰੀਆਂ ਨੇ ਕਿਹਾ ਕਿ ਵਾਦੀ ਦੇ ਉਨ੍ਹਾਂ ਇਲਾਕਿਆਂ ਵਿਚ ਪਾਬੰਦੀਆਂ ਵਿਚ ਢਿਲ ਦਿਤੀ ਗਈ ਹੈ ਜਿਥੇ ਸਥਿਤੀ ਸ਼ਾਂਤੀਪੂਰਨ ਸੀ। ਅਧਿਕਾਰੀਆਂ ਨੇ ਦਸਿਆ ਕਿ ਬੁਧਵਾਰ ਨੂੰ ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲੇ੍ਹ ਵਿਚ ਨਾਇਕੂ ਦੀ ਹਤਿਆ ਕਰਨ ਤੋਂ ਬਾਅਦ ਸਨਿਚਰਵਾਰ ਨੂੰ ਘਾਟੀ ਵਿਚ ਲਗਾਤਾਰ ਚੌਥੇ ਦਿਨ ਵੀ ਲੋਕਾਂ ਦਾ ਇਕੱਠ ਕਰਨ ਉਤੇ ਪਾਬੰਦੀ ਜਾਰੀ ਹੈ। 

ਉਨ੍ਹਾਂ ਕਿਹਾ ਕਿ ਵਾਦੀ ਵਿਚ ਸਥਿਤੀ ਸ਼ਾਂਤੀਪੂਰਨ ਹੋਣ ਵਾਲੇ  ਇਲਾਕਿਆਂ ਵਿਚ ਪਾਬੰਦੀਆਂ ਹਟਾ ਦਿਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਕੁਝ ਖੇਤਰਾਂ ਵਿੱਚ ਲੋਕਾਂ ਨੂੰ ਆਵਾਜਾਈ ਦੀ ਆਗਿਆ ਦੇਣ ਅਤੇ ਦੁਕਾਨਾਂ ਖੋਲ੍ਹਣ ਦੇ ਮਾਮਲੇ ਵਿਚ ਕੁਝ ਰਾਹਤ ਦਿਤੀ ਗਈ ਹੈ। ਅਧਿਕਾਰੀਆਂ ਨੇ ਕਿਹਾ ਕਿ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਸੰਵੇਦਨਸ਼ੀਲ ਖੇਤਰਾਂ ਵਿੱਚ ਸੁਰੱਖਿਆ ਬਲਾਂ ਦੀ ਤਾਇਨਾਤੀ ਜਾਰੀ ਹੈ। ਜਦੋਂ ਕਿ ਸਰਕਾਰ ਕੋਵਿਦ -19 ਦੇ ਬੰਦ ਨੂੰ ਸਖ਼ਤੀ ਨਾਲ ਲਾਗੂ ਕਰ ਰਹੀ ਹੈ, ਬੁਧਵਾਰ ਨੂੰ ਪੂਰੀ ਵਾਦੀ ਵਿਚ ਪਾਬੰਦੀਆਂ ਲਗਾ ਦਿਤੀਆਂ ਗਈਆਂ ਸਨ ਕਿਉਂਕਿ ਨਾਇਕੂ ਅਤੇ ਉਸ ਦੇ ਸਾਥੀ ਇਸ ਦਿਨ ਪੁਲਵਾਮਾ ਦੇ ਅਵੰਤੀਪੁਰਾ ਦੇ ਬੇਗਪੋਰਾ ਪਿੰਡ ਵਿਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿਚ ਮਾਰੇ ਗਏ ਸਨ। 

ਅਧਿਕਾਰੀਆਂ ਨੇ ਬੀ.ਐਸ.ਐਨ.ਐਲ. ਦੀਆਂ ਪੋਸਟਪੇਡ ਸੇਵਾਵਾਂ ਨੂੰ ਛੱਡ ਕੇ ਸਾਰੀਆਂ ਮੋਬਾਈਲ ਨੈਟਵਰਕ ਅਤੇ ਮੋਬਾਈਲ ਇੰਟਰਨੈੱਟ ਸੇਵਾਵਾਂ ਉਤੇ ਪਾਬੰਦੀ ਲਗਾ ਦਿੱਤੀ ਸੀ। ਸ਼ੁਕਰਵਾਰ ਰਾਤ ਨੂੰ ਮੋਬਾਈਲ ਫ਼ੋਨ ਸੇਵਾਵਾਂ ਬਹਾਲ ਕੀਤੀਆਂ ਗਈਆਂ ਸਨ ਪਰ ਮੋਬਾਈਲ ਇੰਟਰਨੈੱਟ ਸੇਵਾਵਾਂ ਲਗਾਤਾਰ ਚੌਥੇ ਦਿਨ ਬੰਦ ਰਹੀਆਂ। ਸ਼ੁਕਰਵਾਰ ਨੂੰ ਪੁਲਵਾਮਾ ਅਤੇ ਬਡਗਾਮ ਜ਼ਿਲ੍ਹੇ ਦੇ ਕੁੱਝ ਇਲਾਕਿਆਂ ਵਿਚ ਨੌਜਵਾਨਾਂ ਅਤੇ ਸੁਰੱਖਿਆ ਬਲਾਂ ਦਰਮਿਆਨ ਹੋਈਆਂ ਝੜਪਾਂ ਨੂੰ ਛੱਡ ਕੇ ਸਥਿਤੀ ਵੱਡੇ ਪੱਧਰ ’ਤੇ ਸ਼ਾਂਤ ਰਹੀ।