ਦੇਸ਼ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 63 ਹਜ਼ਾਰ ਹੋਈ

ਏਜੰਸੀ

ਖ਼ਬਰਾਂ, ਰਾਸ਼ਟਰੀ

ਪਿਛਲੇ 24 ਘੰਟਿਆਂ 'ਚ 128 ਜਣਿਆਂ ਦੀ ਮੌਤ

ਪਿਛਲੇ 24 ਘੰਟਿਆਂ 'ਚ 128 ਜਣਿਆਂ ਦੀ ਮੌਤ

ਨਵੀਂ ਦਿੱਲੀ, 10ਮਈ: ਦੇਸ਼ ਅੰਦਰ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਐਤਵਾਰ ਨੂੰ 2109 ਹੋ ਗਈ ਅਤੇ ਲਾਗ ਦੇ ਕੁਲ ਮਾਮਲੇ ਵੱਧ ਕੇ 62,939 'ਤੇ ਪੁੱਜ ਗਏ ਹਨ। ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਪਿਛਲੇ 24 ਘੰਟਿਆਂ 'ਚ 128 ਵਿਅਕਤੀਆਂ ਦੀ ਮੌਤ ਹੋ ਗਈ ਅਤੇ 3277 ਨਵੇਂ ਮਾਮਲੇ ਸਾਹਮਣੇ ਆਏ ਹਨ।  ਮੰਤਰਾਲੇ ਨੇ ਕਿਹਾ ਕਿ ਦੇਸ਼ ਅੰਦਰ 41,472 ਲੋਕ ਅਜੇ ਵੀ ਲਾਗ ਦੀ ਮਾਰ 'ਚ ਹਨ ਜਿਨ੍ਹਾਂ ਦਾ ਇਲਾਜ ਚਲ ਰਿਹਾ ਹੈ,ਜਦਕਿ 19357 ਲੋਕ ਕੋਰੋਨਾ ਵਾਇਰਸ ਨੂੰ ਹਰਾ ਕੇ ਸਿਹਤਮੰਦ ਹੋ ਚੁੱਕੇ ਹਨ। ਸਿਹਤਮੰਦ ਹੋਣ ਦੀ ਦਰ 30.75 ਫ਼ੀ ਸਦੀ ਹੈ।

ਕੁਲ 2109 ਮ੍ਰਿਤਕਾਂ 'ਚੋਂ ਸੱਭ ਤੋਂ ਜ਼ਿਆਦਾ 779 ਲੋਕਾਂ ਦੀ ਮੌਤ ਮਹਾਰਾਸ਼ਟਰ 'ਚ ਹੋਈ ਹੈ। ਗੁਜਰਾਤ 'ਚ 472, ਮੱਧ ਪ੍ਰਦੇਸ਼ 'ਚ 215, ਪਛਮੀ ਬੰਗਾਲ 'ਚ 171, ਰਾਜਸਥਾਨ 'ਚ 106, ਉੱਤਰ ਪ੍ਰਦੇਸ਼ 'ਚ 74, ਦਿੱਲੀ 'ਚ 73 ਅਤੇ ਆਂਧਰ ਪ੍ਰਦੇਸ਼ ਤੇ ਤਾਮਿਲਨਾਡੂ 'ਚ 44-44 ਲੋਕਾਂ ਦੀ ਮੌਤ ਹੋਈ ਹੈ। ਪੰਜਾਬ 'ਚ ਮ੍ਰਿਤਕਾਂ ਦੀ ਗਿਣਤੀ 31 ਅਤੇ ਕਰਨਾਟਕ ਤੇ ਤੇਲੰਗਾਨਾ 'ਚ 30-30 ਹੈ।

ਜੰਮੂ-ਕਸ਼ਮੀਰ ਅਤੇ ਹਰਿਆਣਾ 'ਚ ਕੋਰੋਨਾ ਵਾਇਰਸ ਕਰ ਕੇ 9-9 ਜਣਿਆਂ ਦੀ ਮੌਤ ਹੋਈ ਹੈ ਜਦਕਿ ਬਿਹਾਰ 'ਚ ਇਹ ਗਿਣਤੀ ਪੰਜ ਅਤੇ ਕੇਰਲ 'ਚ ਚਾਰ ਹੈ। ਝਾਰਖੰਡ 'ਚ ਤਿੰਨ ਲੋਕਾਂ ਨੇ ਇਸ ਬਿਮਾਰੀ ਕਰ ਕੇ ਅਪਣੀ ਜਾਨ ਗੁਆਈ। ਮੇਘਾਲਿਆ ਅਤੇ ਉੱਤਰਾਖੰਡ 'ਚ ਇਕ-ਇਕ ਵਿਅਕਤੀ ਦੀ ਮੌਤ ਹੋਈ ਹੈ। ਸਿਹਤ ਮੰਤਰਾਲੇ ਮੁਤਾਬਕ ਐਤਵਾਰ ਸਵੇਰ ਤਕ ਇਕੱਠੇ ਅੰਕੜਿਆਂ ਅਨੁਸਾਰ ਦੇਸ਼ ਅੰਦਰ ਕੋਰੋਨਾ ਵਾਇਰਸ ਦੇ ਸੱਭ ਤੋਂ ਜ਼ਿਆਦਾ ਕੇਸ ਮਹਾਰਾਸ਼ਟਰ 'ਚ ਹਨ।

ਇਸ ਤੋਂ ਬਾਅਦ ਗੁਜਰਾਤ 'ਚ 7796, ਦਿੱਲੀ 'ਚ 6542, ਤਾਮਿਲਨਾਡੂ 'ਚ 6535, ਰਾਜਸਥਾਨ 'ਚ 3708, ਮੱਧ ਪ੍ਰਦੇਸ਼ 'ਚ 3614 ਅਤੇ ਉੱਤਰ ਪ੍ਰਦੇਸ਼ 'ਚ 3373 ਮਾਮਲੇ ਹਨ। ਆਂਧਰ ਪ੍ਰਦੇਸ਼ 'ਚ ਕੋਰੋਨਾ ਵਾਇਰਸ ਦੇ ਮਾਮਲੇ ਵੱਧ ਕੇ 1930, ਪਛਮੀ ਬੰਗਾਲ 'ਚ 1786 ਅਤੇ ਪੰਜਾਬ 'ਚ 1762 ਹੋ ਗਏ ਹਨ।

ਕੇਰਲ 'ਚ ਹੁਣ ਤਕ ਕੋਰੋਨਾ ਵਾਇਰਸ ਦੇ 505 ਮਾਮਲੇ, ਜਦਕਿ ਉੜੀਸਾ 'ਚ 294 ਮਾਮਲੇ ਸਾਹਮਣੇ ਆਏ ਹਨ। ਚੰਡੀਗੜ੍ਹ 'ਚ ਵਾਇਰਸ ਦੇ ਕੁਲ 169 ਅਤੇ ਝਾਰਖੰਡ 'ਚ 156 ਲੋਕ ਕੋਰੋਨਾ ਵਾਇਰਸ ਤੋਂ ਪੀੜਤ ਹਨ। (ਪੀਟੀਆਈ)