Arvind Kejriwal: ਤਿਹਾੜ ਜੇਲ੍ਹ ਤੋਂ ਬਾਹਰ ਆਏ ਅਰਵਿੰਦ ਕੇਜਰੀਵਾਲ, ਕਿਹਾ, ਜਨਤਾ ਤਾਨਾਸ਼ਾਹੀ ਦਾ ਅੰਤ ਕਰੇਗੀ
ਉਨ੍ਹਾਂ ਨੂੰ 2 ਜੂਨ ਨੂੰ ਕਿਸੇ ਵੀ ਹਾਲਤ ਵਿਚ ਆਤਮ ਸਮਰਪਣ ਕਰਨ ਲਈ ਕਿਹਾ ਗਿਆ ਹੈ।
Arvind Kejriwal : ਨਵੀਂ ਦਿੱਲੀ - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 40 ਦਿਨਾਂ ਬਾਅਦ ਸ਼ੁੱਕਰਵਾਰ (10 ਮਈ) ਸ਼ਾਮ 6.55 ਵਜੇ ਤਿਹਾੜ ਜੇਲ੍ਹ ਤੋਂ ਬਾਹਰ ਆ ਗਏ ਹਨ। ਸੁਪਰੀਮ ਕੋਰਟ ਨੇ ਉਨ੍ਹਾਂ ਨੂੰ 1 ਜੂਨ ਤੱਕ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਉਨ੍ਹਾਂ ਨੂੰ 2 ਜੂਨ ਨੂੰ ਕਿਸੇ ਵੀ ਹਾਲਤ ਵਿਚ ਆਤਮ ਸਮਰਪਣ ਕਰਨ ਲਈ ਕਿਹਾ ਗਿਆ ਹੈ।
ਉਨ੍ਹਾਂ ਦੇ ਸਵਾਗਤ ਲਈ ਤਿਹਾੜ ਜੇਲ੍ਹ ਦੇ ਬਾਹਰ ਵੱਡੀ ਗਿਣਤੀ 'ਚ 'ਆਪ' ਵਰਕਰ ਮੌਜੂਦ ਰਹੇ। ਕੇਜਰੀਵਾਲ ਆਪਣੀ ਗੱਡੀ ਦੀ ਸਨਰੂਫ ਖੋਲ੍ਹ ਕੇ ਬਾਹਰ ਆਏ ਅਤੇ 'ਆਪ' ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ, 'ਤੁਹਾਡੇ ਵਿਚਕਾਰ ਆ ਕੇ ਚੰਗਾ ਲੱਗ ਰਿਹਾ ਹੈ। ਮੈਂ ਕਿਹਾ ਸੀ ਕਿ ਮੈਂ ਜਲਦੀ ਆਵਾਂਗਾ, ਲਓ ਆ ਗਿਆ।' ਉਨ੍ਹਾਂ ਕਿਹਾ, 'ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਸੁਪਰੀਮ ਕੋਰਟ ਦੇ ਜੱਜਾਂ ਦਾ ਧੰਨਵਾਦ ਕਰਦਾ ਹਾਂ।'
ਕੇਜਰੀਵਾਲ ਨੇ ਅਪਣਾ ਭਲਕੇ ਦਾ ਪਲਾਨ ਵੀ ਦੱਸਿਆ। ਉਨ੍ਹਾਂ ਕਿਹਾ ਕਿ ਸ਼ਨੀਵਾਰ ਨੂੰ ਯਾਨੀ ਕੱਲ 11 ਵਜੇ ਉਹ ਕਨਾਟ ਪਲੇਸ 'ਤੇ ਹਨੂੰਮਾਨ ਮੰਦਰ ਦੇ ਦਰਸ਼ਨ ਕਰਨਗੇ ਅਤੇ ਦੁਪਹਿਰ 1 ਵਜੇ ਪਾਰਟੀ ਦਫ਼ਤਰ ਪ੍ਰੈੱਸ ਕਾਨਫ਼ਰੰਸ ਕੀਤੀ ਜਾਵੇਗੀ।
ਦਿੱਲੀ ਸ਼ਰਾਬ ਨੀਤੀ ਮਾਮਲੇ 'ਚ ਕੇਜਰੀਵਾਲ 1 ਅਪ੍ਰੈਲ (40 ਦਿਨ) ਤੋਂ ਤਿਹਾੜ ਜੇਲ 'ਚ ਬੰਦ ਹਨ। ਅਦਾਲਤ ਨੇ ਅੱਜ ਦੁਪਹਿਰ 2 ਵਜੇ ਇੱਕ ਲਾਈਨ ਵਿਚ ਆਪਣਾ ਫ਼ੈਸਲਾ ਸੁਣਾ ਦਿੱਤਾ ਸੀ। ਹਾਲਾਂਕਿ, ਉਹਨਾਂ ਦੇ ਵਕੀਲ ਨੇ 5 ਜੂਨ ਤੱਕ ਰਿਹਾਈ ਦੀ ਬੇਨਤੀ ਕੀਤੀ, ਜਿਸ ਨੂੰ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ। ਅਦਾਲਤ ਨੇ ਕਿਹਾ ਕਿ ਚੋਣ ਪ੍ਰਕਿਰਿਆ 1 ਜੂਨ ਨੂੰ ਖ਼ਤਮ ਹੋ ਜਾਵੇਗੀ।
ਜਸਟਿਸ ਸੰਜੀਵ ਖੰਨਾ ਨੇ ਕਿਹਾ ਕਿ 'ਈਡੀ ਨੇ ਅਗਸਤ 2022 ਵਿਚ ਕੇਸ ਦਰਜ ਕੀਤਾ ਸੀ। ਉਹਨਾਂ ਨੂੰ ਮਾਰਚ (2024) ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹ ਡੇਢ ਸਾਲ ਕਿੱਥੇ ਸਨ? ਗ੍ਰਿਫਤਾਰੀ ਬਾਅਦ ਵਿੱਚ ਜਾਂ ਪਹਿਲਾਂ ਵੀ ਹੋ ਸਕਦੀ ਸੀ। 22 ਦਿਨ ਇੱਥੇ ਜਾਂ ਉੱਥੇ ਕੋਈ ਫਰਕ ਨਹੀਂ ਪੈਣਾ ਚਾਹੀਦਾ। ਖਬਰਾਂ ਮੁਤਾਬਕ ਕੇਜਰੀਵਾਲ ਨੂੰ ਜ਼ਮਾਨਤੀ ਰਕਮ ਦੇ ਨਾਲ 50,000 ਰੁਪਏ ਦਾ ਜ਼ਮਾਨਤੀ ਬਾਂਡ ਦੇਣਾ ਹੋਵੇਗਾ। ਤਿਹਾੜ ਜੇਲ੍ਹ ਤੋਂ ਰਿਹਾਅ ਹੋਣ ਲਈ ਇਸ ਰਕਮ ਦਾ ਬਾਂਡ ਦੇਣਾ ਹੋਵੇਗਾ। ਹੇਠਲੀ ਅਦਾਲਤ ਵਿਚ ਜਾਣ ਦੀ ਲੋੜ ਨਹੀਂ ਹੈ।