ਦਿੱਲੀ ਆਬਕਾਰੀ ਨੀਤੀ : ਈ.ਡੀ. ਨੇ ਦਾਇਰ ਕੀਤੀ ਨਵੀਂ ਚਾਰਜਸ਼ੀਟ, ਕੇ. ਕਵਿਤਾ ਮੁਲਜ਼ਮ ਵਜੋਂ ਨਾਮਜ਼ਦ
ਇਸ ਮਾਮਲੇ ’ਚ ਈ.ਡੀ. ਵਲੋਂ ਦਾਇਰ ਕੀਤੀ ਗਈ ਇਹ ਸੱਤਵੀਂ ਚਾਰਜਸ਼ੀਟ ਹੈ
ਨਵੀਂ ਦਿੱਲੀ: ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਸ਼ੁਕਰਵਾਰ ਨੂੰ ਦਿੱਲੀ ਆਬਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ’ਚ ਨਵੀਂ ਚਾਰਜਸ਼ੀਟ ਦਾਇਰ ਕੀਤੀ, ਜਿਸ ’ਚ ਭਾਰਤ ਰਾਸ਼ਟਰ ਸਮਿਤੀ (ਬੀ.ਆਰ.ਐੱਸ.) ਦੀ ਨੇਤਾ ਕੇ. ਕਵਿਤਾ ਨੂੰ ਦੋਸ਼ੀ ਬਣਾਇਆ ਗਿਆ ਹੈ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿਤੀ।
ਤੇਲੰਗਾਨਾ ਦੇ ਸਾਬਕਾ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਦੀ ਬੇਟੀ ਕਵਿਤਾ ਨੂੰ ਸੰਘੀ ਏਜੰਸੀ ਨੇ 15 ਮਾਰਚ ਨੂੰ ਹੈਦਰਾਬਾਦ ਦੇ ਬੰਜਾਰਾ ਹਿੱਲ ਸਥਿਤ ਉਸ ਦੇ ਘਰ ਤੋਂ ਗ੍ਰਿਫਤਾਰ ਕੀਤਾ ਸੀ। ਅਧਿਕਾਰਤ ਸੂਤਰਾਂ ਨੇ ਦਸਿਆ ਕਿ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀ.ਐੱਮ.ਐੱਲ.ਏ.) ਦੀ ਧਾਰਾ 45 ਅਤੇ 44 (1) ਤਹਿਤ ਇਕ ਵਿਸ਼ੇਸ਼ ਅਦਾਲਤ ’ਚ ਦੋਸ਼ ਚਿੱਠੀ ਦਾਇਰ ਕੀਤਾ ਗਿਆ ਹੈ। ਇਸੇ ਤਰ੍ਹਾਂ ਦੀ ਚਾਰਜਸ਼ੀਟ ਅਗਲੇ ਹਫਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਿਰੁਧ ਦਾਇਰ ਕੀਤੇ ਜਾਣ ਦੀ ਸੰਭਾਵਨਾ ਹੈ।
ਇਸ ਮਾਮਲੇ ’ਚ ਈ.ਡੀ. ਵਲੋਂ ਦਾਇਰ ਕੀਤੀ ਗਈ ਇਹ ਸੱਤਵੀਂ ਚਾਰਜਸ਼ੀਟ ਹੈ। ਈ.ਡੀ. ਨੇ ਇਸ ਮਾਮਲੇ ’ਚ ਹੁਣ ਤਕ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਮੇਤ 18 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਸੁਪਰੀਮ ਕੋਰਟ ਨੇ ਸ਼ੁਕਰਵਾਰ ਨੂੰ ਕੇਜਰੀਵਾਲ ਨੂੰ ਅੰਤਰਿਮ ਜ਼ਮਾਨਤ ਦੇ ਦਿਤੀ ਸੀ।
ਈ.ਡੀ. ਨੇ ਦੋਸ਼ ਲਾਇਆ ਸੀ ਕਿ ਆਮ ਆਦਮੀ ਪਾਰਟੀ (ਆਪ) ਨੂੰ ਸਾਊਥ ਗਰੁੱਪ ਤੋਂ ਮਿਲੀ 100 ਕਰੋੜ ਰੁਪਏ ਦੀ ਰਿਸ਼ਵਤ ਵਿਚੋਂ 45 ਕਰੋੜ ਰੁਪਏ ਦੀ ਵਰਤੋਂ 2022 ਵਿਚ ਗੋਆ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਲਈ ਕੀਤੀ ਗਈ ਸੀ। ਸਾਊਥ ਗਰੁੱਪ ਆਬਕਾਰੀ ਲਾਬੀ ’ਚ ਕਵਿਤਾ ਓਂਗੋਲੇ ਲੋਕ ਸਭਾ ਉਮੀਦਵਾਰ ਮਗੁੰਤਾ ਸ਼੍ਰੀਨਿਵਾਸੁਲੂ ਰੈੱਡੀ, ਉਨ੍ਹਾਂ ਦੇ ਬੇਟੇ ਰਾਘਵ ਰੈਡੀ ਅਤੇ ਹੋਰ ਸ਼ਾਮਲ ਹਨ।
ਆਬਕਾਰੀ ਮਾਮਲਾ 2021-22 ਲਈ ਦਿੱਲੀ ਸਰਕਾਰ ਦੀ ਆਬਕਾਰੀ ਨੀਤੀ ਬਣਾਉਣ ਅਤੇ ਲਾਗੂ ਕਰਨ ’ਚ ਕਥਿਤ ਭ੍ਰਿਸ਼ਟਾਚਾਰ ਅਤੇ ਮਨੀ ਲਾਂਡਰਿੰਗ (ਕਾਲੇ ਧਨ ਨੂੰ ਚਿੱਟਾ ਕਰਨ) ਨਾਲ ਸਬੰਧਤ ਹੈ। ਆਬਕਾਰੀ ਨੀਤੀ ਨੂੰ ਹੁਣ ਖਤਮ ਕਰ ਦਿਤਾ ਗਿਆ ਹੈ।