Digital arrest scam: ਸੀ.ਬੀ.ਆਈ. ਨੇ ਗੈਰ-ਕਾਨੂੰਨੀ ਸਿਮ ਕਾਰਡ ਵੇਚਣ ਦੇ ਦੋਸ਼ ’ਚ 42 ਥਾਵਾਂ ’ਤੇ ਛਾਪੇਮਾਰੀ
5 ਜਣਿਆਂ ਨੂੰ ਗ੍ਰਿਫਤਾਰ ਕੀਤਾ
ਨਵੀਂ ਦਿੱਲੀ : ਸੀ.ਬੀ.ਆਈ. ਨੇ ਡਿਜੀਟਲ ਗ੍ਰਿਫਤਾਰੀ ਘਪਲੇ ਦੇ ਮਾਮਲਿਆਂ ’ਚ ਕਥਿਤ ਤੌਰ ’ਤੇ ਵਰਤੇ ਗਏ ਸਿਮ ਕਾਰਡਾਂ ਦੀ ਗੈਰ-ਕਾਨੂੰਨੀ ਵਿਕਰੀ ਦੇ ਮਾਮਲੇ ’ਚ ਸਨਿਚਰਵਾਰ ਨੂੰ 8 ਸੂਬਿਆਂ ’ਚ 42 ਥਾਵਾਂ ’ਤੇ ਛਾਪੇਮਾਰੀ ਕੀਤੀ ਅਤੇ 5 ਲੋਕਾਂ ਨੂੰ ਗ੍ਰਿਫਤਾਰ ਕੀਤਾ।
ਅਧਿਕਾਰੀਆਂ ਨੇ ਦਸਿਆ ਕਿ ਸਾਈਬਰ ਅਪਰਾਧ ਅਤੇ ਡਿਜੀਟਲ ਗ੍ਰਿਫਤਾਰੀ ਨਾਲ ਜੁੜੇ ਧੋਖਾਧੜੀ ਨੂੰ ਰੋਕਣ ਦੇ ਉਦੇਸ਼ ਨਾਲ ਚੱਲ ਰਹੇ ਆਪਰੇਸ਼ਨ ਚੱਕਰ 5 ਦੇ ਹਿੱਸੇ ਵਜੋਂ ਛਾਪੇਮਾਰੀ ਕੀਤੀ ਗਈ।
ਸੀ.ਬੀ.ਆਈ. ਦੇ ਇਕ ਬੁਲਾਰੇ ਨੇ ਦਸਿਆ ਕਿ ਅਸਾਮ, ਪਛਮੀ ਬੰਗਾਲ, ਬਿਹਾਰ, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਤੇਲੰਗਾਨਾ, ਕਰਨਾਟਕ ਅਤੇ ਤਾਮਿਲਨਾਡੂ ਵਿਚ ਦੂਰਸੰਚਾਰ ਆਪਰੇਟਰਾਂ ਦੇ ਵੱਖ-ਵੱਖ ਪੁਆਇੰਟ ਆਫ ਸੇਲ ਏਜੰਟਾਂ ਦੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਗਈ।
ਬੁਲਾਰੇ ਨੇ ਦਸਿਆ ਕਿ ਇਹ ਏਜੰਟ ਕਥਿਤ ਤੌਰ ’ਤੇ ਸਾਈਬਰ ਅਪਰਾਧੀਆਂ ਅਤੇ ਦੂਰਸੰਚਾਰ ਸੇਵਾ ਪ੍ਰਦਾਤਾਵਾਂ ਦੇ ਅਣਪਛਾਤੇ ਅਧਿਕਾਰੀਆਂ ਨਾਲ ਮਿਲ ਕੇ ਡਿਜੀਟਲ ਗ੍ਰਿਫਤਾਰੀ ਘਪਲੇ, ਜਾਅਲੀ ਇਸ਼ਤਿਹਾਰ, ਨਿਵੇਸ਼ ਧੋਖਾਧੜੀ ਅਤੇ ਯੂ.ਪੀ.ਆਈ. ਧੋਖਾਧੜੀ ਵਰਗੇ ਅਪਰਾਧਾਂ ’ਚ ਵਰਤੇ ਜਾਂਦੇ ਸਿਮ ਕਾਰਡ ਜਾਰੀ ਕਰਨ ਲਈ ਕੰਮ ਕਰ ਰਹੇ ਸਨ।
ਬੁਲਾਰੇ ਨੇ ਦਸਿਆ ਕਿ ਛਾਪੇਮਾਰੀ ਦੌਰਾਨ ਮੋਬਾਈਲ ਫੋਨ, ਇਲੈਕਟ੍ਰਾਨਿਕ ਉਪਕਰਣ, ਕੇ.ਵਾਈ.ਸੀ. ਦਸਤਾਵੇਜ਼ਾਂ ਦੀਆਂ ਕਾਪੀਆਂ ਅਤੇ ਅਣਅਧਿਕਾਰਤ ਸਿਮ ਕਾਰਡ ਵੰਡਣ ’ਚ ਸ਼ਾਮਲ ਵਿਚੋਲਿਆਂ ਸਮੇਤ ਵਿਅਕਤੀਆਂ ਦੀ ਪਛਾਣ ਅਤੇ ਅਪਰਾਧ ਤੋਂ ਪ੍ਰਾਪਤ ਕੀਤੀ ਗਈ ਚੱਲ ਜਾਇਦਾਦ ਜ਼ਬਤ ਕਰਨ ਵਰਗੇ ਅਪਰਾਧਕ ਦਸਤਾਵੇਜ਼/ਚੀਜ਼ਾਂ ਜ਼ਬਤ ਕੀਤੀਆਂ ਗਈਆਂ।
ਏਜੰਸੀ ਨੇ ਕਿਹਾ ਕਿ ਕੇ.ਵਾਈ.ਸੀ. ਨਿਯਮਾਂ ਦੀ ਉਲੰਘਣਾ ਕਰ ਕੇ ਅਣਅਧਿਕਾਰਤ ਸਿਮ ਕਾਰਡ ਜਾਰੀ ਕਰਨ ’ਚ ਕਥਿਤ ਭੂਮਿਕਾ ਲਈ ਚਾਰ ਸੂਬਿਆਂ ਤੋਂ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।