PIB Fact Check: ਭਾਰਤੀ ਮਹਿਲਾ ਹਵਾਈ ਫ਼ੌਜ ਦੀ ਪਾਇਲਟ ਨੂੰ ਫੜੇ ਜਾਣ ਦਾ ਪਾਕਿਸਤਾਨ ਦਾ ਦਾਅਵਾ ਨਿਕਲਿਆ ਝੂਠਾ
PIB Fact Check: ਜੰਗ ਤੇਜ਼ ਹੋਣ ਕਾਰਨ ਭਾਰਤੀ ਸੈਨਿਕਾਂ ਦੇ ਰੋਣ ਦਾ ਦਾਅਵਾ ਵੀ ਕੀਤਾ ਖ਼ਾਰਿਜ
ਜੰਮੂ-ਕਸ਼ਮੀਰ ਤੇ ਸ੍ਰੀਨਗਰ ਹਵਾਈ ਅੱਡੇ ਨੇੜੇ 10 ਧਮਾਕਿਆਂ ਦਾ ਅਲ ਜਜ਼ੀਰਾ ਦਾ ਦਾਅਵਾ ਵੀ ਗ਼ਲਤ
PIB Fact Check: ਪ੍ਰੈਸ ਇਨਫਰਮੇਸ਼ਨ ਬਿਊਰੋ ਦੀ ਫੈਕਟ ਚੈੱਕ ਯੂਨਿਟ ਨੇ ਸੋਸ਼ਲ ਮੀਡੀਆ ’ਤੇ ਫੈਲਾਈਆਂ ਜਾ ਰਹੀਆਂ ਕਈ ਗ਼ਲਤ ਜਾਣਕਾਰੀਆਂ ਦਾ ਖੰਡਨ ਕੀਤਾ ਹੈ। ਪੀਆਈਬੀ ਫੈਕਟ ਚੈੱਕ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਭਾਰਤੀ ਮਹਿਲਾ ਹਵਾਈ ਸੈਨਾ ਪਾਇਲਟ ਨੂੰ ਫੜਿਆ ਗਿਆ ਹੈ। ਪੀਆਈਬੀ ਫੈਕਟ ਚੈਕ ਨੇ ਕਿਹਾ, ‘‘ਪਾਕਿਸਤਾਨ ਪੱਖੀ ਸੋਸ਼ਲ ਮੀਡੀਆ ਹੈਂਡਲ ਦਾਅਵਾ ਕਰ ਰਹੇ ਹਨ ਕਿ ਭਾਰਤੀ ਮਹਿਲਾ ਹਵਾਈ ਸੈਨਾ ਪਾਇਲਟ, ਸਕੁਐਡਰਨ ਲੀਡਰ ਸ਼ਿਵਾਨੀ ਸਿੰਘ ਨੂੰ ਪਾਕਿਸਤਾਨ ਵਿੱਚ ਫੜ ਲਿਆ ਗਿਆ ਹੈ। ਇਹ ਦਾਅਵਾ ਝੂਠਾ ਹੈ।’’
ਇੱਕ ਹੋਰ ਤੱਥ ਜਾਂਚ ’ਚ ਪੀਆਈਬੀ ਨੇ ਇਕ ਰਿਪੋਰਟ ਦਾ ਖੰਡਨ ਕੀਤਾ ਕਿ ਭਾਰਤੀ ਸੈਨਿਕ ਰੋ ਰਹੇ ਹਨ ਅਤੇ ਭਾਰਤ-ਪਾਕਿਸਤਾਨ ਯੁੱਧ ਤੇਜ਼ ਹੋਣ ਕਾਰਨ ਆਪਣੀਆਂ ਚੌਕੀਆਂ ਛੱਡ ਰਹੇ ਹਨ। ਇੰਸਟਾਗ੍ਰਾਮ ’ਤੇ ਇੱਕ ਪੋਸਟ ਵਿੱਚ, ਪੀਆਈਬੀ ਫੈਕਟ ਚੈੱਕ ਨੇ ਕਿਹਾ, ‘‘ਇੱਕ ਪੁਰਾਣੇ ਵੀਡੀਓ ਵਿੱਚ, ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤ-ਪਾਕਿਸਤਾਨ ਯੁੱਧ ਤੇਜ਼ ਹੋਣ ’ਤੇ ਭਾਰਤੀ ਸੈਨਿਕ ਰੋ ਰਹੇ ਹਨ ਅਤੇ ਆਪਣੀਆਂ ਪੋਸਟਾਂ ਛੱਡ ਰਹੇ ਹਨ। ਇਹ ਵੀਡੀਓ 27 ਅਪ੍ਰੈਲ ਨੂੰ ਇੰਸਟਾਗ੍ਰਾਮ ’ਤੇ ਪੋਸਟ ਕੀਤਾ ਗਿਆ ਸੀ ਅਤੇ ਇਹ ਭਾਰਤੀ ਫ਼ੌਜ ਨਾਲ ਸਬੰਧਤ ਨਹੀਂ ਹੈ! ਵੀਡੀਓ ਵਿੱਚ ਇੱਕ ਨਿਜੀ ਰੱਖਿਆ ਕੋਚਿੰਗ ਸੰਸਥਾ ਦੇ ਵਿਦਿਆਰਥੀਆਂ ਨੂੰ ਭਾਰਤੀ ਫ਼ੌਜ ਵਿੱਚ ਅਪਣੀ ਚੋਣ ਦਾ ਜਸ਼ਨ ਮਨਾਉਂਦੇ ਦਿਖਾਇਆ ਗਿਆ ਹੈ। ਵੀਡੀਓ ਵਿੱਚ ਨੌਜਵਾਨ ਆਪਣੀ ਸਫ਼ਲ ਭਰਤੀ ਦੀ ਖ਼ਬਰ ਮਿਲਦਿਆਂ ਖ਼ੁਸ਼ੀ ਨਾਲ ਭਾਵੁਕ ਹੋ ਗਏ ਹਨ।’’
ਪ੍ਰੈਸ ਇਨਫਰਮੇਸ਼ਨ ਬਿਊਰੋ ਦੇ ਤੱਥ ਜਾਂਚ ਨੇ ਅਲ ਜਜ਼ੀਰਾ ਇੰਗਲਿਸ਼ ਦੇ ਇੱਕ ਹੋਰ ਦਾਅਵੇ ਨੂੰ ਵੀ ਖਾਰਜ ਕਰ ਦਿੱਤਾ ਕਿ ਜੰਮੂ ਅਤੇ ਕਸ਼ਮੀਰ ਦੇ ਸ਼੍ਰੀਨਗਰ ਹਵਾਈ ਅੱਡੇ ਦੇ ਆਲੇ-ਦੁਆਲੇ ਲਗਭਗ 10 ਧਮਾਕੇ ਹੋਏ ਸਨ। ਪੀਆਈਬੀ ਤੱਥ ਜਾਂਚ ’ਚ ਇਹ ਦਾਅਵਾ ਫਰਜ਼ੀ ਨਿਕਲਿਆ ਹੈ।
ਜੈਪੁਰ ਹਵਾਈ ਅੱਡਾ ਪੂਰੀ ਤਰ੍ਹਾਂ ਸੁਰੱਖਿਅਤ; ਧਮਾਕੇ ਦਾ ਕੀਤਾ ਸੀ ਦਾਅਵਾ ; ਇੱਕ ਹੋਰ ਤੱਥ ਜਾਂਚ ਵਿੱਚ ਪੀਆਈਬੀ ਨੇ ਕਿਹਾ ਕਿ ਜੈਪੁਰ ਹਵਾਈ ਅੱਡਾ ਸੁਰੱਖਿਅਤ ਹੈ। ਤੱਥ ਜਾਂਚ ਵਿੱਚ ਕਿਹਾ ਗਿਆ ਹੈ, ‘‘ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਜੈਪੁਰ ਹਵਾਈ ਅੱਡੇ ’ਤੇ ਧਮਾਕੇ ਦੀਆਂ ਆਵਾਜ਼ਾਂ ਸੁਣੀਆਂ ਗਈਆਂ। ਇਹ ਦਾਅਵੇ ਝੂਠੇ ਹਨ। ਜੈਪੁਰ ਦੇ ਜ਼ਿਲ੍ਹਾ ਕੁਲੈਕਟਰ ਅਤੇ ਮੈਜਿਸਟਰੇਟ ਵੱਲੋਂ ਇਹ ਸਪੱਸ਼ਟ ਕੀਤਾ ਗਿਆ ਹੈ। ’’
(For more news apart from PIB Fact Check Latest News, stay tuned to Rozana Spokesman)