ਕਠੂਆ ਬਲਾਤਕਾਰ ਮਾਮਲੇ 'ਚ 3 ਦੋਸ਼ੀਆਂ ਨੂੰ ਉਮਰ ਕੈਦ

ਏਜੰਸੀ

ਖ਼ਬਰਾਂ, ਰਾਸ਼ਟਰੀ

ਤਿੰਨ ਦੋਸ਼ੀਆਂ ਨੂੰ 5-5 ਸਾਲ ਦੀ ਸਜ਼ਾ

Kathua Rape-Murder Case : 3 Guilty Sentenced To Life Imprisonment

ਪਠਾਨਕੋਟ : ਜੰਮੂ ਕਸ਼ਮੀਰ ਦੇ ਕਠੂਆ ਜ਼ਿਲ੍ਹੇ 'ਚ 8 ਸਾਲਾ ਬੱਚੀ ਨਾਲ ਹੋਏ ਬਲਾਤਕਾਰ ਤੇ ਹੱਤਿਆ ਦੇ ਮਾਮਲੇ ਵਿਚ ਅੱਜ ਪਠਾਨਕੋਟ ਅਦਾਲਤ ਨੇ ਅਹਿਮ ਫ਼ੈਸਲਾ ਸੁਣਾਉਂਦਿਆਂ 7 'ਚੋਂ 6 ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਨੇ ਦੋਸ਼ੀਆਂ ਦੀ ਸਜ਼ਾ ਦਾ ਐਲਾਨ ਕਰਦਿਆਂ ਤਿੰਨ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਜਿਨ੍ਹਾਂ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ, ਉਨ੍ਹਾਂ 'ਚ ਦੀਪਕ ਖਜੂਰੀਆ, ਸਾਂਝੀ ਰਾਮ ਅਤੇ ਪ੍ਰਵੇਸ਼ ਕੁਮਾਰ ਸ਼ਾਮਲ ਹਨ। ਬਾਕੀ ਤਿੰਨ ਦੋਸ਼ੀਆਂ ਨੂੰ 5-5 ਸਲ ਦੀ ਸਜ਼ਾ ਸੁਣਾਈ ਗਈ ਹੈ। ਇਹ ਤਿੰਨੇ ਹੀ ਪੁਲਿਸ ਮੁਲਾਜ਼ਮ ਹਨ, ਜਿਨ੍ਹਾਂ ਨੇ ਘਟਨਾ ਦੇ ਸਬੂਤ ਲੁਕਾਉਣ ਦੇ ਕੰਮ ਕੀਤੇ ਸਨ। 

ਅਦਾਲਤ ਨੇ ਆਰਪੀਸੀ ਦੀ ਧਾਰਾ 120-ਬੀ (ਅਪਰਾਧਕ ਸਾਜਸ਼), 302 (ਹੱਤਿਆ) ਅਤੇ 376-ਡੀ (ਸਮੂਹਕ ਬਲਾਤਕਾਰ) ਤਹਿਤ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ। ਕਠੂਆ ਕੇਸ 'ਚ ਮੁੱਖ ਮੁਲਜ਼ਮ ਸਾਂਜੀ ਰਾਮ ਨੂੰ ਧਾਰਾ 120-ਬੀ (ਅਪਰਾਧਕ ਸਾਜ਼ਸ਼), 302 (ਹੱਤਿਆ) ਅਤੇ 376-ਡੀ (ਸਮੂਹਕ ਬਲਾਤਕਾਰ) ਦੋਸ਼ੀ ਕਰਾਰ ਦਿੱਤਾ ਗਿਆ। ਦੀਪਕ ਖਜੂਰੀਆ ਨੂੰ 120ਬੀ, 302, 334, 376 ਡੀ, 363, 201, 343 ਤਹਿਤ, ਸੁਰਿੰਦਰ ਕੁਮਾਰ ਨੂੰ ਧਾਰਾ 201, ਪ੍ਰਵੇਸ਼ ਨੂੰ ਧਾਰਾ 120 ਬੀ, 302, 376, ਤਿਲਕ ਰਾਜ ਨੂੰ ਆਈਪੀਸੀ ਦੀ ਧਾਰਾ 161, 201 ਅਤੇ ਆਨੰਦ ਦੱਤਾ ਨੂੰ ਧਾਰਾ 161, 201 ਤਹਿਤ ਦੋਸ਼ੀ ਕਰਾਰ ਦਿੱਤਾ ਗਿਆ।

ਜ਼ਿਕਰਯੋਗ ਹੈ ਕਿ 10 ਜਨਵਰੀ 2018 ਨੂੰ ਜੰਮੂ ਦੇ ਕਠੂਆ ਜ਼ਿਲ੍ਹੇ ਵਿਚ ਬੱਕਰਵਾਲ ਭਾਈਚਾਰੇ ਦੀ ਬੱਚੀ ਨਾਲ ਮੰਦਰ ਵਿਚ ਕਥਿਤ ਤੌਰ 'ਤੇ ਬੰਧਕ ਬਣਾ ਕੇ ਬਲਾਤਕਾਰ ਕੀਤਾ ਗਿਆ ਸੀ। ਉਸ ਨੂੰ ਚਾਰ ਦਿਨ ਤਕ ਬੇਹੋਸ਼ ਰੱਖਿਆ ਗਿਆ ਸੀ ਅਤੇ ਫਿਰ ਉਸ ਦਾ ਕਤਲ ਕਰ ਦਿਤਾ ਗਿਆ ਸੀ। ਇਸ ਮਾਮਲੇ ਵਿਚ ਕ੍ਰਾਈਮ ਬ੍ਰਾਂਚ ਨੇ ਗ੍ਰਾਮ ਪ੍ਰਧਾਨ ਸਾਂਜੀ ਰਾਮ, ਉਸ ਦੇ ਪੁੱਤਰ ਵਿਸ਼ਾਲ, ਨਾਬਾਲਗ ਭਤੀਜੇ ਅਤੇ ਉਸ ਦੇ ਦੋਸਤ ਆਨੰਦ ਦੱਤਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਮਾਮਲੇ ਵਿਚ ਪੁਲਿਸ ਅਧਿਕਾਰੀ ਦੀਪਕ ਖਜੂਰੀਆ ਤੇ ਸੁਰਿੰਦਰ ਕੁਮਾਰ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ।