ਮਜ਼ਦੂਰਾਂ ਦੀ ਅਣਦੇਖੀ ਤੇ ਸੀਏਏ ਦਾ ਵਿਰੋਧ ਮਮਤਾ ਨੂੰ ਭਾਰੀ ਪਵੇਗਾ : ਸ਼ਾਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ-ਪਛਮੀ ਬੰਗਾਲ ਦੀ ਮੁੱਖ ਮੰਤਰੀ ਨੂੰ ਰਾਜਨੀਤਕ ਸ਼ਰਨਾਰਥੀ ਬਣਾਏਗੀ ਜਨਤਾ

Amit Shah

ਕੋਲਕਾਤਾ, 9 ਜੂਨ : ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਛਮੀ ਬੰਗਾਲ ਵਿਚ ਰਾਜਨੀਤਕ ਹਿੰਸਾ ਦਾ ਬੋਲਬਾਲਾ ਹੋਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਸੋਧੇ ਹੋਏ ਨਾਗਰਿਕਤਾ ਕਾਨੂੰਨ ਦਾ ਵਿਰੋਧ ਅਤੇ ਮਜ਼ਦੂਰਾਂ ਦੀ ਅਣਦੇਖੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਬਹੁਤ ਭਾਰੀ ਪਵੇਗੀ ਅਤੇ ਬੰਗਾਲ ਦੀ ਜਨਤਾ ਉਸ ਨੂੰ ਰਾਜਨੀਤਕ ਸ਼ਰਨਾਰਥੀ ਬਣਾ ਦੇਵੇਗੀ। ਪਛਮੀ ਬੰਗਾਲ ਵਿਚ 'ਡਿਜੀਟਲ ਰੈਲੀ' ਨੂੰ ਸੰਬੋਧਤ ਕਰਦਿਆਂ ਸ਼ਾਹ ਨੇ ਲੋਕਾਂ ਨੂੰ ਬੰਗਾਲ ਵਿਚ ਤਬਦੀਲੀ ਦੀ ਲੜਾਈ ਨਾਲ ਜੁੜਨ ਦਾ ਸੱਦਾ ਦਿਤਾ। ਉਨ੍ਹਾਂ ਦੋਸ਼ ਲਾਇਆ ਕਿ ਪਛਮੀ ਬੰਗਾਲ ਇਕਲੌਤਾ ਅਜਿਹਾ ਰਾਜ ਹੈ ਜਿਥੇ ਰਾਜਸੀ ਹਿੰਸਾ ਦਾ ਬੋਲਬਾਲਾ ਹੈ ਜਦਕਿ ਰਾਜਨੀਤੀ ਵਿਚ ਹਿੰਸਾ ਕਦੇ ਵੀ ਨਹੀਂ ਹੋਣੀ ਚਾਹੀਦੀ।

ਸ਼ਾਹ ਨੇ ਬੰਗਾਲ ਵਿਚ ਆਯੂਸ਼ਮਾਨ ਭਾਰਤ ਯੋਜਨਾ ਲਾਗੂ ਨਾ ਕੀਤੇ ਜਾਣ ਦਾ ਜ਼ਿਕਰ ਕਰਦਿਆਂ ਕਿਹਾ, 'ਮਮਤਾ ਦੀਦੀ ਬੰਗਾਲ ਦੀ ਧਰਤੀ 'ਤੇ ਆਯੂਸ਼ਮਾਨ ਯੋਜਨਾ ਇਸ ਲਈ ਲਾਗੂ ਨਹੀਂ ਕਰਨਾ ਚਾਹੁੰਦੀ ਕਿ ਕਿਤੇ ਨਰਿੰਦਰ ਮੋਦੀ ਜ਼ਿਆਦਾ ਮਕਬੂਲ ਨਾ ਹੋ ਜਾਣ, ਅਸੀਂ ਗ਼ਰੀਬਾਂ ਨੂੰ ਆਯੂਸ਼ਮਾਨ ਭਾਰਤ ਯੋਜਨਾ ਰਾਹੀਂ ਪੰਜ ਲੱਖ ਰੁਪਏ ਦਾ ਸਿਹਤ ਖ਼ਰਚਾ ਦੇਣਾ ਚਾਹੁੰਦੇ ਹਾਂ ਪਰ ਉਹ ਅਜਿਹਾ ਨਹੀਂ ਹੋਣ ਦੇ ਰਹੀ।'

'ਜਨ ਸੰਵਾਦ ਰੈਨੀ' ਵਿਚ ਸਾਬਕਾ ਭਾਜਪਾ ਪ੍ਰਧਾਨ ਸ਼ਾਹ ਨੇ ਕਿਹਾ, 'ਕਮਿਊਨਿਸਟ, ਤ੍ਰਿਣਮੂਲ ਦੋਹਾਂ ਨੂੰ ਤੁਸੀਂ ਅਜ਼ਮਾਇਆ ਹੈ। ਇਕ ਮੌਕਾ ਭਾਜਪਾ ਨੂੰ ਦੇ ਕੇ ਵੇਖੋ। ਭ੍ਰਿਸ਼ਟਾਚਾਰ ਨਹੀਂ ਹੋਵੇਗਾ, ਟੋਲਬਾਜ਼ੀ ਨਹੀਂ ਹੋਵੇਗੀ ਅਤੇ ਬੰਗਾਲ ਵਿਕਾਸ ਦੇ ਰਾਹ 'ਤੇ ਵਧੇਗਾ।' ਗ੍ਰਹਿ ਮੰਤਰੀ ਨੇ ਸੋਧੇ ਹੋਏ ਨਾਗਰਿਕਤਾ ਕਾਨੂੰਨ ਦਾ ਮਮਤਾ ਬੈਨਰਜੀ ਅਤੇ ਤ੍ਰਿਣਮੂਲ ਕਾਂਗਰਸ ਦੁਆਰਾ ਵਿਰੋਧ ਕੀਤੇ ਜਾਣ ਦਾ ਜ਼ਿਕਰ ਕਰਦਿਆਂ ਪੁਛਿਆ ਕਿ ਬੰਗਲਾਦੇਸ਼ ਤੋਂ ਆਏ ਬੰਗਾਲੀਆਂ ਨੇ ਤੁਹਾਡਾ ਕੀ ਵਿਗਾੜਿਆ? ਉਨ੍ਹਾਂ ਨੂੰ ਨਾਗਰਿਕਤਾ ਮਿਲਣ ਨਾਲ ਤੁਹਾਨੂੰ ਕੀ ਤਕਲੀਫ਼ ਹੈ? ਉਨ੍ਹਾਂ ਕਿਹਾ ਕਿ ਇਹ ਵਿਰੋਧ ਮਮਤਾ ਨੂੰ ਭਾਰੀ ਪਵੇਗਾ। ਸੂਬੇ ਵਿਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ।