ਗੁਰਦੁਆਰੇ ਦੀ ਪ੍ਰਧਾਨਗੀ ਨੂੰ ਲੈ ਕੇ ਪ੍ਰਧਾਨ ਦੀ ਲੱਥੀ ਪੱਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੰਮੂ ਸ਼ਹਿਰ ਦੇ ਸਭ ਤੋਂ ਵੱਡੇ ਗੁਰਦੁਆਰਾ ਦੀ ਪ੍ਰਧਾਨਗੀ ਨੂੰ ਲੈ ਕੇ ਦੋ ਧੜਿਆਂ ਦੀ ਆਪਸੀ ਲੜਾਈ ਵਿਚ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਥਾਪੇ ਜਾ ਰਹੇ ਪ੍ਰਧਾਨ....

File

ਜੰਮੂ, 9 ਜੂਨ (ਸਰਬਜੀਤ ਸਿੰਘ) : ਜੰਮੂ ਸ਼ਹਿਰ ਦੇ ਸਭ ਤੋਂ ਵੱਡੇ ਗੁਰਦੁਆਰਾ ਦੀ ਪ੍ਰਧਾਨਗੀ ਨੂੰ ਲੈ ਕੇ ਦੋ ਧੜਿਆਂ ਦੀ ਆਪਸੀ ਲੜਾਈ ਵਿਚ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਥਾਪੇ ਜਾ ਰਹੇ ਪ੍ਰਧਾਨ ਦੀ ਪੱਗ ਲੱਥ ਗਈ। ਮਿਲੀ ਜਾਣਕਾਰੀ ਅਨੁਸਾਰ ਲਗਭਗ 20 ਦਿਨਾਂ ਤੋਂ ਗੁਰਦੁਆਰਾ ਕਲਗੀਧਰ ਰਿਹਾੜੀ ਦੀ ਪ੍ਰਧਾਨਗੀ ਨੂੰ ਲੈ ਕੇ ਇਲਾਕੇ ਦੀਆਂ ਸੰਗਤਾਂ ਅਤੇ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚਕਾਰ ਤਕਰਾਰ ਚਲਿਆ ਆ ਰਿਹਾ ਸੀ। ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਅਪਣੀ ਮਰਜ਼ੀ ਮੁਤਾਬਕ ਗੁਰਦੁਆਰਾ ਕਲਗੀਧਰ ਰਿਹਾੜੀ ਦਾ ਪ੍ਰਧਾਨ ਚਰਨਜੀਤ ਸਿੰਘ ਬੰਟੀ ਨੂੰ ਬਣਾਉਣਾ ਚਾਹੁੰਦੀ ਸੀ। ਜਦਕਿ ਇਕ ਧੜਾ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਡਾ.ਸੁਰਜੀਤ ਸਿੰਘ ਨੂੰ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਬਣਾਉਣ ਦੇ ਹੱਕ ਵਿਚ ਸੀ।

ਅੱਜ ਸਵੇਰੇ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਰਨਲ ਸਕੱਤਰ ਫਤਿਹ ਸਿੰਘ, ਮੈਂਬਰ ਅਵਤਾਰ ਸਿੰਘ ਖਾਲਸਾ, ਮੈਂਬਰ ਜੱਥੇਦਾਰ ਮਨਮੋਹਨ ਸਿੰਘ, ਚਰਨਜੀਤ ਸਿੰਘ ਬੰਟੀ, ਗੱਜਨ ਸਿੰਘ, ਟਰਾਂਸਪੋਟਰ ਗਿਆਨ ਸਿੰਘ ਅਪਣੇ ਕੁਝ ਸਾਥਿਆਂ ਨਾਲ ਗੁਰਦੁਆਰਾ ਕਲਗੀਧਰ ਰਿਹਾੜੀ ਦੇ ਦਫ਼ਤਰ ਪਹੁੰਚੇ ਅਤੇ ਇਨ੍ਹਾਂ ਗੁਰਦੁਆਰਾ ਸਾਹਿਬ ਦੇ ਮੌਜ਼ੂਦਾ ਪ੍ਰਧਾਨ ਰਣਜੀਤ ਸਿੰਘ ਦੀ ਗ਼ੈਰ ਮੌਜ਼ੂਦਗੀ ਵਿਚ ਚਰਨਜੀਤ ਸਿੰਘ ਬੰਟੀ ਨੂੰ ਜ਼ਬਰੀ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਬਣਾਉਂਣ ਦੀ ਕੋਸ਼ਿਸ ਕੀਤੀ। ਜਦੋਂ ਇਲਾਕੇ ਦੇ ਨੌਜਵਾਨਾਂ ਨੂੰ ਇਸ ਗੱਲ ਦੀ ਜਾਣਕਾਰੀ ਮਿਲੀ ਤਾਂ ਉਹ ਸੰਗਤਾਂ ਦੇ ਨਾਲ ਨਾਲ ਮੌਜ਼ੂਦਾ ਪ੍ਰਧਾਨ ਰਣਜੀਤ ਸਿੰਘ ਵੀ ਲੈ ਕੇ ਗੁਰਦੁਆਰਾ ਸਾਹਿਬ ਵਿਚ ਪਹੁੰਚ ਗਏ।

ਗੁਰਦੁਆਰਾ ਸਾਹਿਬ ਵਿਚ ਮੌਜ਼ੂਦ ਲੋਕਾਂ ਦਾ ਕਹਿਣਾ ਸੀ ਕਿ ਜ਼ੋਰ ਜ਼ਬਰਦਸਤੀ ਨਾਲ ਗੁਰਦੁਆਰਾ ਸਾਹਿਬ ਵਿਚ ਕੋਈ ਪ੍ਰਧਾਨ ਸੰਗਤਾਂ ਨੂੰ ਮਨਜ਼ੂਰ ਨਹੀਂ ਹੋਵੇਗਾ। ਇਸ ਦੌਰਾਨ ਗੁਰਦੁਆਰਾ ਸਾਹਿਬ ਦੇ ਹਦੂਦ ਅੰਦਰ ਹੋਈ ਆਪਸੀ  ਤਕਰਾਰ ਹੱਥੋਪਾਈ ਤਕ ਪਹੁੰਚ ਗਈ ਜਿਥੇ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਥਾਪੇ ਪ੍ਰਧਾਨ ਚਰਨਜੀਤ ਸਿੰਘ ਬੰਟੀ ਦੀ ਪੱਗ ਲੱਥ ਗਈ। ਬਾਅਦ ਵਿਚ ਗੁਰਦੁਆਰਾ ਸਾਹਿਬ ਵਿਚ ਆਏ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵਾਪਸ ਪਰਤ ਗਏ।

ਇਸ ਸਬੰਧੀ ਉਪਿੰਦਰ ਸਿੰਘ, ਮਨਦੀਪ ਸਿੰਘ, ਹਰਮਿੰਦਰ ਸਿੰਘ, ਕਨਵਲਨੈਨ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਰਣਜੀਤ ਸਿੰਘ ਦਾ ਕਾਰਜਕਾਲ ਖ਼ਤਮ ਹੋ ਗਿਆ ਸੀ ਅਤੇ ਇਲਾਕੇ ਦੀਆਂ ਸੰਗਤਾਂ  ਵੱਲੋਂ ਚੁਣੇ ਗਏ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਮਹਿੰਦਰ ਸਿੰਘ ਨੇ ਇਕ ਚਿੱਠੀ ਲਿਖ ਕੇ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੂਚਿਤ  ਕੀਤਾ ਸੀ ਕਿ ਕਮੇਟੀ ਦਾ ਕਾਰਜਕਾਲ ਖ਼ਤਮ ਹੋ ਗਿਆ ਹੈ ਤੇ ਨਵੀਂ ਕਮੇਟੀ ਬਣਾਈ ਜਾਏ। ਉਨ੍ਹਾਂ ਦਸਿਆ ਇਸ ਸਬੰਧੀ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਰਨਲ ਸਕੱਤਰ ਫਤਿਹ ਸਿੰਘ ਤੇ ਜੰਮੂ ਕਸ਼ਮੀਰ ਗੁਰਦੁਆਰਾ ਬੋਰਡ ਦੇ ਚੇਅਰਮੈਨ ਤਰਲੋਚਲ ਸਿੰਘ ਵਜ਼ੀਰ ਕੋਲ ਵੀ ਗਏ।

ਜਿਥੇ ਸਾਨੂੰ ਵਿਸ਼ਵਾਸ਼ ਦਿਤਾ ਗਿਆ ਕਿ ਜਿਨ੍ਹੀਂ ਦੇਰ ਤਕ ਰਿਹਾੜੀ ਤੋਂ ਚੁਣੇ ਗਏ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਮਹਿੰਦਰ ਸਿੰਘ ਤੰਦਰੁਸਤ ਨਹੀਂ ਹੋ ਜਾਂਦੇ ਉਨ੍ਹੀਂ ਦੇਰ ਤਕ ਗੁਰਦੁਆਰਾ ਸਾਹਿਬ ਦੀ ਪ੍ਰਧਾਨਗੀ ਤੇ ਕੋਈ ਫੈਸਲਾ ਨਹੀਂ ਲਿਆ ਜਾਵੇਗਾ ਪਰ ਅੱਜ ਅਚਾਨਕ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਰਨਲ ਸਕੱਤਰ ਫਤਿਹ ਸਿੰਘ, ਮੈਂਬਰ ਅਵਤਾਰ ਸਿੰਘ, ਮੈਂਬਰ ਮਨਮੋਹਨ ਸਿੰਘ ਚਰਨਜੀਤ ਸਿੰਘ ਬੰਟੀ ਨੂੰ ਪ੍ਰਧਾਨ ਬਣਾਉਣ ਲਈ ਗੁਰਦੁਆਰਾ ਸਾਹਿਬ ਪਹੁੰਚ ਗਏ।

ਉਨ੍ਹਾਂ ਦਸਿਆ ਕਿ ਚਰਨਜੀਤ ਸਿੰਘ ਬੰਟੀ ਛੇ ਸਾਲ ਪਹਿਲਾਂ ਇਸੇ ਗੁਰਦੁਆਰਾ ਸਾਹਿਬ ਦੀ  ਕਮੇਟੀ ਦੇ ਖ਼ਜਾਨਚੀ ਸਨ ਅਤੇ ਉਸ ਵਕਤ ਵੀ ਉਨ੍ਹਾਂ ਉਪਰ ਕੁਝ ਦੋਸ਼ ਲਗੇ ਸਨ। ਉਨ੍ਹਾਂ ਦਸਿਆ ਕਿ ਇਲਾਕੇ ਦੀਆਂ ਸੰਗਤਾਂ ਡਾ. ਸੁਰਜੀਤ ਸਿੰਘ ਨੂੰ ਪ੍ਰਧਾਨ ਬਣਾਉਣ ਦੇ ਹੱਕ ਵਿਚ ਹਨ ਪਰ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਜ਼ਬਰੀ ਸੰਗਤਾਂ ਉਪਰ  ਪ੍ਰਧਾਨ ਥੋਪਣ ਤੇ ਉਤਾਰੂ ਹੈ। ਇਨ੍ਹਾਂ ਪ੍ਰਸ਼ਾਸਨ  ਨੂੰ ਅਪੀਲ ਕਰਦੇ ਹੋਏ ਕਿਹਾ ਕਿ ਇਸ ਮਸਲੇ ਨੂੰ ਹੱਲ ਕਰਨ ਲਈ ਕਿਸੇ ਆਈ.ਏ.ਐਸ ਅਧਿਕਾਰੀ ਜਾਂ ਫੇਰ ਕਿਸੇ ਸਾਬਕਾ ਜੱਜ ਨੂੰ ਨਾਮਜ਼ਦ ਕਰੇ ਤਾਂ ਜੋ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਸੰਗਤਾਂ ਦੀ ਮਰਜ਼ੀ ਨਾਲ ਚੁਣਿਆ ਜਾ ਸਕੇ।