ਤਾਲਾਬੰਦੀ ਦੌਰਾਨ ਮਜ਼ਦੂਰ ਦੇ ਬੇਟੇ ਨੇ ਕਮਾਇਆ ਕਰੋੜ ਰੁਪਿਆ
ਤਾਲਾਬੰਦੀ ਦੌਰਾਨ ਮਜ਼ਦੂਰ ਦੇ ਬੇਟੇ ਨੇ ਕਮਾਇਆ ਕਰੋੜ ਰੁਪਿਆ
ਜੋਧਪੁਰ, 9 ਜੂਨ : ਜੋਧਪੁਰ ਦਾ ਯੁਵਰਾਜ ਸਿੰਘ, ਜੋ ਕਿ ਬਾਬਾ ਜੈਕਸਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਨੇ ਤਾਲਾਬੰਦੀ ਵਿਚਕਾਰ ਇਕ ਕਰੋੜ ਰੁਪਏ ਦਾ ਇਨਾਮ ਜਿੱਤਿਆ ਹੈ। ਬਾਬਾ ਜੈਕਸਨ ਨੇ ਇਹ ਕਾਰਨਾਮਾ ਈ-ਕਾਮਰਸ ਕੰਪਨੀ ਦੁਆਰਾ ਆਯੋਜਿਤ ਯੂਨੀਕ ਸਟੇ ਐਟ ਹੋਮ ਮੁਕਾਬਲੇ ਵਿਚ ਕਰ ਵਿਖਾਇਆ ਹੈ। ਇਸ ਮੁਕਾਬਲੇ ਵਿਚ ਹਰ ਹਫ਼ਤੇ 10 ਲੱਖ ਦਾ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਸੀ ਅਤੇ ਮੈਗਾ ਜੇਤੂ ਨੂੰ 1 ਕਰੋੜ ਰੁਪਏ ਲਈ ਇਨਾਮ ਸੀ। ਬਾਬਾ ਜੈਕਸਨ ਨੇ ਮੈਗਾ ਵਿਨਰ ਦਾ ਖ਼ਿਤਾਬ ਜਿੱਤ ਕੇ 1 ਕਰੋੜ ਰੁਪਏ ਦਾ ਇਨਾਮ ਜਿੱਤਿਆ ਹੈ। ਲੋਕਾਂ ਦੇ ਘਰਾਂ ਵਿਚ ਟਾਈਲਜ਼ ਫ਼ਿਟਿੰਗ ਦਾ ਕੰਮ ਕਰਨ ਵਾਲੇ ਮਜ਼ਦੂਰ ਨੇ ਜਦੋਂ ਬੇਟੇ ਦੇ ਇਨਾਮ ਜਿੱਤਣ ਦੀ ਖ਼ਬਰ ਸੁਣੀ ਤਾਂ ਪਰਵਾਰ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ।
ਜ਼ਿਕਰਯੋਗ ਹੈ ਕਿ ਬਾਬਾ ਜੈਕਸਨ ਉਰਫ਼ ਯੁਵਰਾਜ ਦੇ ਪਿਤਾ ਮਜ਼ਦੂਰ ਹਨ। ਉਹ ਘਰਾਂ ਵਿਚ ਟਾਈਲਾਂ ਫ਼ਿੱਟ ਕਰਨ ਦਾ ਕੰਮ ਕਰਦੇ ਹਨ। ਇਸੇ ਲਈ ਯੁਵਰਾਜ ਦਾ ਬਚਪਨ ਗ਼ਰੀਬੀ ਵਿਚ ਬਤੀਤ ਹੋਇਆ। ਬਾਬਾ ਜੈਕਸਨ ਦੀ ਭੈਣ ਨੇ ਦਸਿਆ ਕਿ ਪਹਿਲਾਂ ਉਸ ਦੇ ਘਰ ਕੋਈ ਮੋਬਾਈਲ ਨਹੀਂ ਸੀ। ਕੁੱਝ ਸਮਾਂ ਪਹਿਲਾਂ ਮੋਬਾਈਲ ਖ਼ਰੀਦਿਆ ਸੀ, ਇਸ ਲਈ ਬਾਬੇ ਨੇ ਇਸ 'ਤੇ ਟਿਕਟਾਕ ਖਾਤਾ ਬਣਾਇਆ। ਇਸ ਖਾਤੇ ਉਤੇ ਦੋਵੇਂ ਭੈਣ-ਭਰਾ ਕਮੇਡੀ ਵੀਡੀਉ ਵੇਖਦੇ ਸਨ ਅਤੇ ਇਸ ਤੋਂ ਸਿੱਖਣ ਤੋਂ ਬਾਅਦ ਉਨ੍ਹਾਂ ਦੇ ਵੀਡੀਉ ਅਪਲੋਡ ਕਰਦੇ ਸਨ। ਵੀਡੀਉ ਵਿਚ ਜਦੋਂ ਬਾਬਾ ਜੈਕਸਨ ਦੇ ਡਾਂਸ ਸਟੈਪਾਂ ਨੂੰ ਪਸੰਦ ਕੀਤਾ ਗਿਆ ਤਾਂ ਬਹੁਤ ਸਾਰੀਆਂ ਲਾਈਕਾਂ ਵੀ ਆਉਣੀਆਂ ਸ਼ੁਰੂ ਹੋ ਗਈਆਂ।