ਪੰਜਾਬ ਕਾਂਗਰਸ ਦਾ ਵਿਵਾਦ: ਆਖ਼ਰੀ ਮੀਟਿੰਗ ਕਰ ਕੇ ਖੜਗੇ ਕਮੇਟੀ ਨੇ ਸਿਫ਼ਾਰਸ਼ਾਂ ਕੀਤੀਆਂ ਕਲਮਬੰਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੰਜਾਬ ਕਾਂਗਰਸ ਵਿਵਾਦ ਨੂੰ ਸੁਲਝਾਉਣ ਲਈ ਗਠਤ ਤਿੰਨ ਮੈਂਬਰੀ ਕਮੇਟੀ ਨੇ ਮਸਲੇ ਦੇ ਹੱਲ ਲਈ ਸਿਫ਼ਾਰਸ਼ਾਂ ਵਾਲੀ ਰੀਪੋਰਟ ਨੂੰ ਅੰਤਮ ਰੂਪ ਦੇ ਕੇ ਇਨ੍ਹਾਂ ਨੂੰ ਕਲਬੰਦ ਕਰ ਦਿਤਾ

Captain Amarinder Singh and Navjot Singh Sidhu

ਚੰਡੀਗੜ੍ਹ: ਪੰਜਾਬ ਕਾਂਗਰਸ (Punjab Congress) ਦੇ ਵਿਵਾਦ ਨੂੰ ਸੁਲਝਾਉਣ ਲਈ ਗਠਤ ਤਿੰਨ ਮੈਂਬਰੀ ਕਮੇਟੀ ਨੇ ਮਸਲੇ ਦੇ ਹੱਲ ਲਈ ਸਿਫ਼ਾਰਸ਼ਾਂ ਵਾਲੀ ਰੀਪੋਰਟ ਨੂੰ ਅੰਤਮ ਰੂਪ ਦੇ ਕੇ ਇਨ੍ਹਾਂ ਨੂੰ ਕਲਬੰਦ ਕਰ ਦਿਤਾ ਹੈ। ਨਵੀਂ ਦਿੱਲੀ ਵਿਖੇ ਕਾਂਗਰਸ ਦੇ ਹੈਡਕੁਆਰਟਰ ਦੇ ਵਾਰ ਰੂਮ ਵਿਚ ਕਮੇਟੀ ਦੇ ਤਿੰਨ ਮੈਂਬਰਾਂ ਮਲਿਕ ਅਰਜੁਨ ਖੜਗੇ, ਹਰੀਸ਼ ਰਾਵਤ ਅਤੇ ਜੇ.ਪੀ. ਅਗਰਵਾਲ ਨੇ ਆਖ਼ਰੀ ਮੀਟਿੰਗ ਕੀਤੀ।

ਹੋਰ ਪੜ੍ਹੋ: ਬੋਮਾਨ ਇਰਾਨੀ ਦੀ ਮਾਂ ਦੀ ਹੋਈ ਮੌਤ, ਅਭਿਨੇਤਾ ਨੇ ਭਾਵੁਕ ਪੋਸਟ ਲਿਖ ਕੇ ਦਿੱਤੀ ਜਾਣਕਾਰੀ

ਮੀਟਿੰਗ ਖ਼ਤਮ ਹੋਣ ਤੋਂ ਬਾਅਦ ਕਮੇਟੀ ਦੇ ਚੇਅਰਮੈਨ ਖੜਗੇ ਨੇ ਭਾਵੇਂ ਕਿਹਾ ਹੈ ਕਿ ਰੀਪੋਰਟ ਪਾਰਟੀ ਪ੍ਰਧਾਨ ਨੂੰ ਦੋ ਚਾਰ ਦਿਨ ਵਿਚ ਸੌਂਪ ਦਿਤੀ ਜਾਵੇਗੀ ਪਰ ਸੂਤਰਾਂ ਦੀ ਮੰਨੀਏ ਤਾਂ ਕਮੇਟੀ ਅੱਜ ਜਾਂ ਕਲ ਹਰ ਹਾਲਤ ਰੀਪੋਰਟ ਸੌਂਪ ਦੇਵੇਗੀ। ਖੜਗੇ ਨੇ ਇਹ ਦਾਅਵਾ ਵੀ ਕੀਤਾ ਹੈ ਕਿ ਪੰਜਾਬ ਕਾਂਗਰਸ (Punjab Congress) ਇਕਜੁਟ ਹੈ ਅਤੇ ਮਸਲੇ ਦਾ ਹੱਲ ਹੋ ਜਾਵੇਗਾ। 

ਜ਼ਿਕਰਯੋਗ ਹੈ ਕਿ ਕਮੇਟੀ ਨੇ 5 ਦਿਨ ਦੀ ਸੁਣਵਾਈ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amarinder Singh),  ਮੰਤਰੀ ਮੰਡਲ ਦੇ ਮੈਂਬਰਾਂ, ਵਿਧਾਇਕਾਂ ਤੇ ਸੰਸਦ ਮੈਂਬਰਾਂ ਸਮੇਤ  125 ਤੋਂ ਵੱਧ ਕਾਂਗਰਸ ਆਗੂਆਂ ਤੋਂ ਇਕੱਲੇ ਇਕੱਲੇ ਦਾ ਪੱਖ ਸੁਣਿਆ ਹੈ। ਸੁਣਵਾਈ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਜਿਥੇ ਬਹੁਤੇ ਵਿਧਾਇਕਾਂ ਤੇ ਆਗੂਆਂ ਨੇ ਕੈਪਟਨ ਦੀ ਅਗਵਾਈ ’ਤੇ ਸਵਾਲ ਨਹੀਂ ਚੁਕਿਆ ਉਥੇ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਵਿਰੁਧ ਵੀ ਆਗੂ ਨਹੀਂ ਬੋਲੇ।

 ਇਹ ਵੀ ਪੜ੍ਹੋ:  ਡੀ.ਆਈ.ਜੀ. ਏ.ਐਸ. ਅਟਵਾਲ ਨੂੰ ਸ੍ਰੀ ਦਰਬਾਰ ਸਾਹਿਬ ਵਿਚ ਗੋਲੀਆਂ ਨਾਲ ਭੁੰਨਣ ਦਾ ਮਸਲਾ

ਕਮੇਟੀ ਵਲੋਂ ਰੀਪੋਰਟ ਤਿਆਰ ਕਰਨ ਬਾਅਦ ਇਹੀ ਗੱਲ ਸਾਹਮਣੇ ਆਈ ਹੈ ਕਿ ਪਾਰਟੀ ਹਾਈਕਮਾਨ ਵੀ ਚਾਹੁੰਦਾ ਹੈ ਕਿ 2022 ਦੀਆਂ ਚੋਣਾਂ ਵਿਚ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ (Navjot Singh Sidhu)  ਇਕੱਠੇ ਰਹਿਣ। ਦੋਵਾਂ ਦੀ ਹੀ ਪਾਰਟੀ ਹਾਈਕਮਾਨ (Congress High Command) ਨੂੰ ਅਹਿਮੀਅਤ ਪਤਾ ਹੈ। ਕਾਂਗਰਸ ਹਾਈਕਮਾਨ ਪੰਜਾਬ ਹੱਥੋਂ ਨਹੀਂ ਜਾਣ ਦੇਣਾ ਚਾਹੁੰਦੀ ਕਿਉਂਕਿ ਅੱਗੇ ਇਸ ਦਾ ਹੋਰ ਰਾਜਾਂ ਤੇ ਲੋਕ ਸਭਾ ਚੋਣਾਂ ’ਤੇ ਅਸਰ ਪੈਣਾ ਹੈ। ਭਾਵੇਂ ਤਿੰਨ ਮੈਂਬਰੀ ਕਮੇਟੀ ਵਲੋਂ ਕੀਤੀਆਂ ਸਿਫ਼ਾਰਸ਼ਾਂ ਬਾਰੇ ਅੰਤਮ ਫ਼ੈਸਲਾ ਤਾਂ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੇ ਰਾਹੁਲ ਤੇ ਪ੍ਰਿਯੰਕਾ ਨਾਲ ਮਿਲ ਕੇ ਹੀ ਲੈਣਾ ਹੈ ਪਰ ਕਮੇਟੀ ਦੀਆਂ ਸਿਫ਼ਾਰਸ਼ਾ ਬਾਰੇ ਕੁੱਝ ਗੱਲਾ ਨਿਕਲ ਕੇ ਬਾਹਰ ਆ ਰਹੀਆਂ ਹਨ।

ਹੋਰ ਪੜ੍ਹੋ: ਦਰਿੰਦਗੀ ਦਾ ਸ਼ਿਕਾਰ ਹੋਈ ਭਾਜਪਾ ਆਗੂ ਦੀ ਧੀ, ਜਬਰ ਜਨਾਹ ਕਰ ਦਰਖ਼ਤ ਨਾਲ ਲਟਕਾਈ ਲਾਸ਼

ਮਿਲੀ ਜਾਣਕਾਰੀ ਮੁਤਾਬਕ ਜਿਥੇ ਕਮੇਟੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕੋਈ ਤਬਦੀਲੀ ਨਹੀਂ ਚਾਹੁੰਦੀ, ਉਥੇ ਪਾਰਟੀ ਸੰਗਠਨ ਤੇ ਮੰਤਰੀ ਮੰਡਲ ਵਿਚ ਤਬਦੀਲੀਆਂ ਚਾਹੁੰਦੀ ਹੈ। ਕਮੇਟੀ ਵਲੋਂ ਤਿਆਰ ਸਿਫ਼ਾਰਸ਼ਾਂ ਦੇ ਹੱਲ ਦੇ ਫ਼ਾਰਮੂਲੇ ਮੁਤਾਬਕ ਨਵਜੋਤ ਸਿੱਧੂ ਨੂੰ ਉਪ ਮੁੱਖ ਮੰਤਰੀ ਬਣਾਉਣ ਦੀ ਗੱਲ ਆਖੀ ਗਈ ਹੈ। ਦੋ ਉੁਪ ਮੁੱਖ ਮੰਤਰੀ ਬਣਾਏ ਜਾ ਸਕਦੇ ਹਨ ਜਿਸ ਵਿਚ ਦੂਜਾ ਅਹੁਦਾ ਮਹਿਲਾ ਜਾਂ ਦਲਿਤ ਵਰਗ ਨੂੰ ਦਿਤਾ ਜਾ ਸਕਦਾ ਹੈ।

ਹੋਰ ਪੜ੍ਹੋ: ਸਾਲ ਦਾ ਪਹਿਲਾ ਸੂਰਜ ਗ੍ਰਹਿਣ ਅੱਜ, ਅਸਮਾਨ ਵਿਚ ਦੇਖਣ ਨੂੰ ਮਿਲੇਗੀ ਰਿੰਗ ਆਫ਼ ਫਾਇਰ

ਇਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਦੀ ਇੱਛਾ ਮੁਤਾਬਕ ਸੁਨੀਲ ਜਾਖੜ (Sunil Jakhar) ਨੂੰ ਪ੍ਰਧਾਨ ਬਣਾਏ ਰੱਖੇ ਜਾਣ ਦੇ ਨਾਲ ਦੋ ਐਕਟਿੰਗ ਪ੍ਰਧਾਨ ਲਾਏ ਜਾਣ ਦੀ ਗੱਲ ਕਮੇਟੀ ਦੇ ਫ਼ਾਰਮੂਲੇ ਵਿਚ ਸ਼ਾਮਲ ਹੈ। ਐਕਟਿੰਗ ਪ੍ਰਧਾਨਾਂ ਲਈ ਇਕ ਗ਼ੈਰ ਹਿੰਦੂ ਤੇ ਇਕ ਦਲਿਤ ਆਗੂ ਨੂੰ ਥਾਂ ਮਿਲ ਸਕਦੀ ਹੈ। ਇਸੇ ਤਰ੍ਹਾਂ ਮੰਤਰੀ ਮੰਡਲ ਵਿਚ ਵੀ ਫੇਰਬਦਲ ਕਰ ਕੇ ਸਾਰੇ ਵਰਗਾਂ ਨੂੰ ਪ੍ਰਤੀਨਿਧਾਂ ਦੇਣ ਲਈ ਨਵੇਂ ਚੇਹਰੇ ਸ਼ਾਮਲ ਕੀਤੇ ਜਾ ਸਕਦੇ ਹਨ ਤੇ ਕੁੱਝ ਵੀ ਛਾਂਟੀ ਹੋ ਸਕਦੀ ਹੈ। ਇਸੇ ਤਰ੍ਹਾਂ ਪਾਰਟੀ ਸੰਗਠਨ ਵਿਚ ਹੇਠਲੇ ਪੱਧਰ ਤਕ ਨਵਾਂ ਰੂਪ ਦਿਤੇ ਜਾਣ ਦੀ ਗੱਲ ਕਮੇਟੀ ਦੀਆਂ ਸਿਫ਼ਾਰਸ਼ਾਂ ਵਿਚ ਸ਼ਾਮਲ ਦਸੀ ਜਾ ਰਹੀ ਹੈ ਪਰ ਆਖ਼ਰੀ ਫ਼ੈਸਲਾ ਪਾਰਟੀ ਪ੍ਰਧਾਨ ’ਤੇ ਹੀ ਨਿਰਭਰ ਹੈ।