15 ਜੂਨ ਤੋਂ ਦਿੱਲੀ Airport ਤੱਕ ਚੱਲਣਗੀਆਂ ਸਰਕਾਰੀ ਵੋਲਵੋ ਬੱਸਾਂ, ਪ੍ਰਾਈਵੇਟ ਬੱਸਾਂ ਨਾਲੋਂ ਵੀ ਘੱਟ ਹੋਵੇਗਾ ਕਿਰਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬੱਸਾਂ ਦੀ ਬੁਕਿੰਗ ਲਈ ਤੁਸੀਂ ਪੰਜਾਬ ਰੋਡਵੇਜ਼, ਪਨਬੱਸ ਜਾਂ ਪੈਪਸੂ ਦੀ ਵੈੱਬਸਾਈਟ 'ਤੇ ਜਾ ਕੇ ਬੁਕਿੰਗ ਕਰ ਸਕਦੇ ਹੋ।

Bhagwant Mann

 

ਨਵੀਂ ਦਿੱਲੀ - ਹੁਣ ਪੰਜਾਬ ਤੋਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੱਕ ਸਿੱਧੀਆਂ ਬੱਸਾਂ ਚੱਲਣਗੀਆਂ। ਇਹ 15 ਜੂਨ ਤੋਂ ਸ਼ੁਰੂ ਹੋਵੇਗਾ। ਇਹ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਲਾਈਵ ਹੋ ਕੇ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਰਵਾਸੀ ਭਾਰਤੀ ਹਮੇਸ਼ਾ ਇਹ ਸ਼ਿਕਾਇਤ ਕਰਦੇ ਸਨ ਕਿ ਉਨ੍ਹਾਂ ਨੂੰ ਹਵਾਈ ਅੱਡੇ ਤੋਂ ਨਿੱਜੀ ਬੱਸਾਂ ਰਾਹੀਂ ਸਫਰ ਕਿਉਂ ਕਰਨਾ ਪੈਂਦਾ ਹੈ।

ਮਾਨ ਨੇ ਕਿਹਾ ਕਿ ਇਨ੍ਹਾਂ ਸਰਕਾਰੀ ਵੋਲਵੋ ਬੱਸਾਂ ਦਾ ਕਿਰਾਇਆ ਪ੍ਰਾਈਵੇਟ ਬੱਸਾਂ ਨਾਲੋਂ ਅੱਧੇ ਤੋਂ ਵੀ ਘੱਟ ਹੋਵੇਗਾ। ਇਨ੍ਹਾਂ ਵਿੱਚ ਸੁੱਖ-ਸਹੂਲਤਾਂ ਉਨ੍ਹਾਂ ਨਾਲੋਂ ਵੱਧ ਹੋਣਗੀਆਂ। ਇਨ੍ਹਾਂ ਬੱਸਾਂ ਦੀ ਬੁਕਿੰਗ ਲਈ ਤੁਸੀਂ ਪੰਜਾਬ ਰੋਡਵੇਜ਼, ਪਨਬੱਸ ਜਾਂ ਪੈਪਸੂ ਦੀ ਵੈੱਬਸਾਈਟ 'ਤੇ ਜਾ ਕੇ ਬੁਕਿੰਗ ਕਰ ਸਕਦੇ ਹੋ। ਬੱਸਾਂ ਦਾ ਸਮਾਂ ਸਾਰਣੀ ਵੀ ਇਨ੍ਹਾਂ ਵੈੱਬਸਾਈਟਾਂ 'ਤੇ ਉਪਲੱਬਧ ਹੋਵੇਗੀ। ਮਾਨ ਨੇ ਕਿਹਾ ਕਿ ਇਸ ਨਾਲ ਬੱਸ ਮਾਫੀਆ ਦਾ ਖਾਤਮਾ ਕਰਨ ਵਿਚ ਕਾਫ਼ੀ ਹੱਦ ਤੱਕ ਮਦਦ ਮਿਲੇਗੀ। 

ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਵਚਨਬੱਧ ਹੈ ਕਿ ਲੋਕਾਂ ਦੇ ਟੈਕਸਾਂ ਦਾ ਪੈਸਾ ਲੋਕਾਂ ਦੇ ਵਿਕਾਸ ’ਤੇ ਹੀ ਖਰਚ ਕੀਤਾ ਜਾਵੇ। ਪਹਿਲੀਆਂ ਸਰਕਾਰਾਂ ਸਮੇਂ ਅਜਿਹਾ ਨਹੀਂ ਹੁੰਦਾ ਸੀ ਅਤੇ ਲੋਕਾਂ ਦਾ ਪੈਸਾ ਕੁੱਝ ਲੋਕਾਂ ਦੇ ਨਿੱਜੀ ਬੈਂਕ ਖਾਤਿਆਂ ਵਿਚ ਜਾਂਦਾ ਸੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਅਤੇ ਲੋਕਾਂ ਵਲੋਂ ਦਿੱਤੇ ਜਾਂਦੇ ਸੁਝਾਅ ਨਾਲ ਹੀ ਸਰਕਾਰ ਕੰਮ ਕਰ ਰਹੀ ਹੈ।