ਪਵਾਰ ਨੇ ਪ੍ਰਫ਼ੁਲ ਪਟੇਲ ਅਤੇ ਸੁਪ੍ਰੀਆ ਸੁਲੇ ਨੂੰ ਐਨ.ਸੀ.ਪੀ. ਦਾ ਕਾਰਜਕਾਰੀ ਪ੍ਰਧਾਨ ਐਲਾਨ ਕੀਤਾ

ਏਜੰਸੀ

ਖ਼ਬਰਾਂ, ਰਾਜਨੀਤੀ

ਖ਼ੁਦ ਨੂੰ ਦਰਕਿਨਾਰ ਕਰਨ ’ਤੇ ਉਦਾਸ ਦਿਸੇ ਸ਼ਰਦ ਪਵਾਰ ਦੇ ਭਤੀਜੇ ਅਜੀਤ ਪਵਾਰ

Praful Patel and Supriya Sule.

ਨਵੀਂ ਦਿੱਲੀ: ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨ.ਸੀ.ਪੀ.) ਦੇ ਮੁਖੀ ਸ਼ਰਦ ਪਵਾਰ ਨੇ ਸਨਿਚਰਵਾਰ ਨੂੰ ਪ੍ਰਫ਼ੁਲ ਪਟੇਲ ਅਤੇ ਅਪਣੀ ਬੇਟੀ ਸੁਪ੍ਰੀਆ ਸੁਲੇ ਨੂੰ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਐਲਾਨ ਕਰ ਦਿਤਾ ਹੈ। 

ਇਸ ਐਲਾਨ ਨੂੰ ਪਾਰਟੀ ’ਚ ਇਕ ਪੀੜ੍ਹੀਗਤ ਬਦਲਾਅ ਦੇ ਨਾਲ ਹੀ ਪਵਾਰ ਦੇ ਭਤੀਜੇ ਅਜੀਤ ਪਵਾਰ ਨੂੰ ਦਰਕਿਨਾਰ ਕਰਨ ਵਜੋਂ ਵੇਖਿਆ ਜਾ ਰਿਹਾ ਹੈ, ਜੋ ਅਪਣੇ ਬਗ਼ਾਵਤੀ ਤੇਵਰਾਂ ਲਈ ਮਸ਼ਹੂਰ ਹਨ। 

ਪਵਾਰ ਨੇ ਪਾਰਟੀ ਦੀ 25ਵੀਂ ਵਰ੍ਹੇਗੰਢ ਮੌਕੇ ਇਹ ਐਲਾਨ ਕੀਤਾ। ਪਵਾਰ ਅਤੇ ਪੀ.ਏ. ਸੰਗਮਾ ਨੇ 1999 ਨੂੰ ਪਾਰਟੀ ਦੀ ਸਥਾਪਨਾ ਕੀਤੀ ਸੀ। ਐਨ.ਸੀ.ਪੀ. ਦੇ ਪ੍ਰਮੁੱਖ ਆਗੂ ਅਜੀਤ ਪਵਾਰ ਛਗਨ ਭੁਜਬਲ, ਸੁਨੀਲ ਤਟਕਰੇ, ਫ਼ੌਜੀਆ ਖ਼ਾਨ ਸਮੇਤ ਹੋਰ ਸੀਨੀਅਰ ਆਗੂਆਂ ਦੀ ਮੌਜੂਦਗੀ ’ਚ ਇਹ ਐਲਾਨ ਕੀਤਾ ਗਿਆ। 
ਇਸ ਐਲਾਨ ਤੋਂ ਬਾਅਦ ਉਦਾਸ ਨਜ਼ਰ ਆ ਰਹੇ ਅਜੀਤ ਪਵਾਰ ਮੀਡੀਆ ਨਾਲ ਗੱਲਬਾਤ ਕੀਤੇ ਬਗ਼ੈਰ ਹੀ ਪਾਰਟੀ ਦੇ ਦਫ਼ਤਰ ਤੋਂ ਚਲੇ ਗਏ। 

ਅਜੀਤ ਪਵਾਰ ਨੇ 2019 ’ਚ ਉਸ ਸਮੇਂ ਸਾਰਿਆਂ ਨੂੰ ਹੈਰਾਨ ਕਰ ਦਿਤਾ ਸੀ ਜਦੋਂ ਉਨ੍ਹਾਂ ਨੇ ਭਾਜਪਾ ਨਾਲ ਹੱਥ ਮਿਲਾ ਕੇ ਤੜਕੇ ਹੀ ਉਪ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਲੈ ਲਈ ਸੀ, ਜਦਕਿ ਦਵਿੰਦ ਫੜਨਵੀਸ ਨੇ ਮੁੱਖ ਮੰਤਰੀ ਦੇ ਰੂਪ ’ਚ ਸਹੁੰ ਚੁੱਕੀ ਸੀ। 

ਪ੍ਰਫ਼ੁੱਲ ਪਟੇਲ ਨੇ ਕਿਹਾ ਕਿ ਉਹ ਪਵਾਰ ਦੇ ਐਲਾਨ ਤੋਂ ਉਤਸ਼ਾਹਿਤ ਹਨ ਅਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੰਮ ਕਰਨਾ ਜਾਰੀ ਰੱਖਣਗੇ। ਪਵਾਰ ਨੇ ਪਲੇਟ ਨੂੰ ਮੱਧ ਪ੍ਰਦੇਸ਼, ਗੁਜਰਾਤ, ਰਾਜਸਥਾਨ, ਝਾਰਖੰਡ, ਗੋਆ ਅਤੇ ਰਾਜ ਸਭਾ ਦਾ ਪਾਰਟੀ ਇੰਚਾਰਜ ਦੀ ਬਣਾਇਆ। 

ਜਦਕਿ ਸੁਲੇ ਮਹਾਰਾਸ਼ਟਰ, ਪੰਜਾਬ ’ਚ ਪਾਰਟੀ ਮਾਮਲਿਆਂ ਤੋਂ ਇਲਾਵਾ ਔਰਤਾਂ, ਨੌਜੁਆਨਾਂ, ਵਿਦਿਆਰਥੀਆਂ ਅਤੇ ਲੋਕ ਸਭਾ ਨਾਲ ਜੁੜੇ ਮੁੱਦਿਆਂ ਦੀ ਇੰਚਾਰਜ ਹੋਣਗੇ। 
ਸ਼ਰਦ ਪਵਾਰ ਨੇ ਪਿਛਲੇ ਮਹੀਨੇ ਪਾਰਟੀ ਦੇ ਪ੍ਰਧਾਨ ਅਹੁਦੇ ਤੋਂ ਅਸਤੀਫ਼ੇ ਦੀ ਪੇਸ਼ਕਸ਼ ਕੀਤੀ ਸੀ, ਜਿਸ ਦਾ ਪਾਰਟੀ ਦੇ ਮੈਂਬਰਾਂ ਦੇ ਨਾਲ-ਨਾਲ ਹੋਰ ਸਿਆਸੀ ਆਗੂਆਂ ਨੇ ਜ਼ੋਰਦਾਰ ਵਿਰੋਧ ਕੀਤਾ ਸੀ। ਪਵਾਰ ਦੀ ਪੇਸ਼ਕਸ਼ ’ਤੇ ਵਿਚਾਰ-ਵਟਾਂਦਰੇ ਲਈ ਗਠਤ ਐਨ.ਸੀ.ਪੀ. ਦੀ ਕਮੇਟੀ ਨੇ 5 ਮਈ ਨੂੰ ਉਨ੍ਹਾਂ ਦੇ ਅਸਤੀਫ਼ੇ ਨੂੰ ਖ਼ਾਰਜ ਕਰ ਦਿਤਾ ਸੀ ਅਤੇ ਉਨ੍ਹਾਂ ਨੂੰ ਪਾਰਟੀ ਪ੍ਰਧਾਨ ਬਣੇ ਰਹਿਣ ਦੀ ਅਪੀਲ ਕੀਤੀ ਸੀ।