ਭਾਰਤ ਆਪਸੀ ਸਮਝ ਦੇ ਆਧਾਰ ’ਤੇ ਕੈਨੇਡਾ ਨਾਲ ਕੰਮ ਕਰਨ ਲਈ ਉਤਸੁਕ : ਮੋਦੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਟਰੂਡੋ ਵਲੋਂ 6 ਜੂਨ ਨੂੰ ਵਧਾਈ ਦੇਣ ਮਗਰੋਂ ਪ੍ਰਧਾਨ ਮੰਤਰੀ ਨੇ ਅੱਜ ਕੀਤਾ ਉਨ੍ਹਾਂ ਦਾ ਧਨਵਾਦ

File Photo.

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਅਪਣੇ ਕੈਨੇਡੀਅਨ ਹਮਰੁਤਬਾ ਜਸਟਿਨ ਟਰੂਡੋ ਦੇ ਵਧਾਈ ਸੰਦੇਸ਼ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਭਾਰਤ ਆਪਸੀ ਸਮਝ ਅਤੇ ‘ਇਕ-ਦੂਜੇ ਦੀਆਂ ਚਿੰਤਾਵਾਂ’ ਦੇ ਸਨਮਾਨ ਦੇ ਆਧਾਰ ’ਤੇ ਓਟਾਵਾ ਨਾਲ ਕੰਮ ਕਰਨ ਲਈ ਉਤਸੁਕ ਹੈ। ਪਿਛਲੇ ਸਾਲ ਸਤੰਬਰ ’ਚ ਟਰੂਡੋ ਨੇ ਬ੍ਰਿਟਿਸ਼ ਕੋਲੰਬੀਆ ’ਚ ਹਰਦੀਪ ਸਿੰਘ ਨਿੱਝਰ ਦੇ ਕਤਲ ’ਚ ਭਾਰਤੀ ਏਜੰਟਾਂ ਦੀ ਸੰਭਾਵਤ ਸ਼ਮੂਲੀਅਤ ਦਾ ਦੋਸ਼ ਲਾਇਆ ਸੀ। ਉਦੋਂ ਤੋਂ ਹੀ ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਤਣਾਅਪੂਰਨ ਬਣੇ ਹੋਏ ਹਨ। ਭਾਰਤ ਨੇ ਟਰੂਡੋ ਦੇ ਦੋਸ਼ਾਂ ਨੂੰ ਬੇਤੁਕਾ ਦਸਦਿਆਂ ਰੱਦ ਕਰ ਦਿਤਾ ਸੀ। 

ਮੋਦੀ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ, ‘‘ਵਧਾਈ ਸੰਦੇਸ਼ ਲਈ ਪ੍ਰਧਾਨ ਮੰਤਰੀ ਟਰੂਡੋ ਦਾ ਧੰਨਵਾਦ। ਭਾਰਤ ਆਪਸੀ ਸਮਝ ਅਤੇ ਇਕ ਦੂਜੇ ਦੀਆਂ ਮੁੱਖ ਚਿੰਤਾਵਾਂ ਦਾ ਸਤਿਕਾਰ ਕਰਨ ਦੇ ਅਧਾਰ ’ਤੇ ਸਬੰਧਾਂ ’ਚ ਕੈਨੇਡਾ ਨਾਲ ਕੰਮ ਕਰਨ ਲਈ ਉਤਸੁਕ ਹੈ।’’ 

ਇਸ ਤੋਂ ਪਹਿਲਾਂ, ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਲੋਕ ਸਭਾ ਚੋਣਾਂ ’ਚ ਮੋਦੀ ਦੀ ਜਿੱਤ ਤੋਂ ਬਾਅਦ 6 ਜੂਨ ਨੂੰ ਕਿਹਾ ਸੀ ਕਿ ਕੈਨੇਡਾ ਮਨੁੱਖੀ ਅਧਿਕਾਰਾਂ, ਵੰਨ-ਸੁਵੰਨਤਾ ਅਤੇ ਕਾਨੂੰਨ ਦੇ ਸ਼ਾਸਨ ’ਤੇ ਆਧਾਰਤ ਲੋਕਾਂ ਦੇ ਆਪਸੀ ਸਬੰਧਾਂ ਨੂੰ ਅੱਗੇ ਵਧਾਉਣ ਲਈ ਭਾਰਤ ਸਰਕਾਰ ਦੇ ਨਾਲ ਖੜਾ ਹੈ। ਟਰੂਡੋ ਨੇ ਟਵੀਟ ਕੀਤਾ, ‘‘ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਦੀ ਚੋਣ ਜਿੱਤ ’ਤੇ ਵਧਾਈ। ਕੈਨੇਡਾ ਮਨੁੱਖੀ ਅਧਿਕਾਰਾਂ, ਵੰਨ-ਸੁਵੰਨਤਾ ਅਤੇ ਕਾਨੂੰਨ ਦੇ ਸ਼ਾਸਨ ਦੇ ਅਧਾਰ ’ਤੇ ਦੋਹਾਂ ਦੇਸ਼ਾਂ ਦੇ ਲੋਕਾਂ ਦਰਮਿਆਨ ਸਬੰਧਾਂ ਨੂੰ ਅੱਗੇ ਵਧਾਉਣ ਲਈ ਉਨ੍ਹਾਂ ਦੀ ਸਰਕਾਰ ਨਾਲ ਕੰਮ ਕਰਨ ਲਈ ਤਿਆਰ ਹੈ।’’ 

ਭਾਰਤ ਦਾ ਕਹਿਣਾ ਰਿਹਾ ਹੈ ਕਿ ਦੋਹਾਂ ਦੇਸ਼ਾਂ ਵਿਚਾਲੇ ਮੁੱਖ ਮੁੱਦਾ ਕੈਨੇਡਾ ਦੀ ਧਰਤੀ ਤੋਂ ਅਪਣੀਆਂ ਸਰਗਰਮੀਆਂ ਚਲਾਉਣ ਵਾਲੇ ਖਾਲਿਸਤਾਨੀ ਹਮਾਇਤੀ ਤੱਤਾਂ ਲਈ ਜਗ੍ਹਾ ਦੇਣਾ ਹੈ। ਖਾਲਿਸਤਾਨੀ ਹਮਾਇਤੀ ਅਨਸਰਾਂ ਵਲੋਂ ਭਾਰਤੀ ਡਿਪਲੋਮੈਟਾਂ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਦੇਣ ਦੇ ਮਾਮਲੇ ਵੀ ਸਾਹਮਣੇ ਆਏ ਹਨ। ਪਿਛਲੇ ਸਾਲ ਟਰੂਡੋ ਦੇ ਦੋਸ਼ਾਂ ਤੋਂ ਕੁੱਝ ਦਿਨ ਬਾਅਦ ਭਾਰਤ ਨੇ ਓਟਾਵਾ ਨੂੰ ਬਰਾਬਰੀ ਯਕੀਨੀ ਬਣਾਉਣ ਲਈ ਦੇਸ਼ ਵਿਚ ਅਪਣੇ ਡਿਪਲੋਮੈਟਾਂ ਦੀ ਗਿਣਤੀ ਘਟਾਉਣ ਲਈ ਕਿਹਾ ਸੀ। 

ਕੈਨੇਡਾ ਨੇ ਬਾਅਦ ਵਿਚ ਭਾਰਤ ਤੋਂ 41 ਡਿਪਲੋਮੈਟਾਂ ਅਤੇ ਉਨ੍ਹਾਂ ਦੇ ਪਰਵਾਰਕ ਮੈਂਬਰਾਂ ਨੂੰ ਵਾਪਸ ਬੁਲਾ ਲਿਆ। ਪਿਛਲੇ ਸਾਲ 18 ਜੂਨ ਨੂੰ ਬ੍ਰਿਟਿਸ਼ ਕੋਲੰਬੀਆ ਦੇ ਇਕ ਗੁਰਦੁਆਰੇ ਦੇ ਬਾਹਰ ਭਾਰਤ ਵਲੋਂ ਅਤਿਵਾਦੀ ਐਲਾਨੇ ਗਏ ਨਿੱਝਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿਤੀ ਗਈ ਸੀ। ਇਸ ਕਤਲ ਦੀ ਜਾਂਚ ਰਾਇਲ ਕੈਨੇਡੀਅਨ ਮਾਊਂਟੇਡ ਪੁਲਿਸ (ਆਰ.ਸੀ.ਐਮ.ਪੀ.) ਕਰ ਰਹੀ ਹੈ। 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁਭਕਾਮਨਾਵਾਂ ਲਈ ਯੂਗਾਂਡਾ ਅਤੇ ਫ਼ਿਨਲੈਂਡ ਦੇ ਲੀਡਰਾਂ ਦਾ ਕੀਤਾ ਧਨਵਾਦ

ਨਵੀਂ ਦਿੱਲੀ: ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਦੇ ਨੇਤਾਵਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਗਾਤਾਰ ਤੀਜੀ ਵਾਰ ਦੇਸ਼ ਦੀ ਵਾਗਡੋਰ ਸੰਭਾਲਣ ’ਤੇ ਵਧਾਈ ਦਿਤੀ, ਜਿਸ ਲਈ ਉਨ੍ਹਾਂ ਨੇ ਸਾਰਿਆਂ ਦਾ ਧੰਨਵਾਦ ਕੀਤਾ। 

ਰਾਸ਼ਟਰਪਤੀ ਯੋਵੇਰੀ ਕੇ ਮੁਸੇਵੇਨੀ ਦੇ ਵਧਾਈ ਸੰਦੇਸ਼ ਦਾ ਜਵਾਬ ਦਿੰਦੇ ਹੋਏ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਅਸੀਂ ਯੂਗਾਂਡਾ ਨਾਲ ਅਪਣੀ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਾਂਗੇ। ਸਾਨੂੰ ਮਾਣ ਹੈ ਕਿ ਅਫਰੀਕੀ ਯੂਨੀਅਨ ਜੀ-20 ਦਾ ਸਥਾਈ ਮੈਂਬਰ ਬਣ ਗਿਆ ਹੈ। ਅਸੀਂ ਸਾਰੇ ਖੇਤਰਾਂ ’ਚ ਅਪਣੇ ਇਤਿਹਾਸਕ ਸਬੰਧਾਂ ਨੂੰ ਹੋਰ ਵਿਕਸਤ ਕਰਾਂਗੇ।’’

ਫਿਨਲੈਂਡ ਦੇ ਪ੍ਰਧਾਨ ਮੰਤਰੀ ਪੇਟੇਰੀ ਓਰਪੋ, ਸਲੋਵੇਨੀਆ ਦੇ ਪ੍ਰਧਾਨ ਮੰਤਰੀ ਰਾਬਰਟ ਗੋਲੋਬ, ਅਫਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜ਼ਈ ਅਤੇ ਅਰਬਪਤੀ ਕਾਰੋਬਾਰੀ ਬਿਲ ਗੇਟਸ ਉਨ੍ਹਾਂ ਲੋਕਾਂ ਵਿਚ ਸ਼ਾਮਲ ਸਨ ਜਿਨ੍ਹਾਂ ਨੂੰ ਮੋਦੀ ਨੇ ਉਨ੍ਹਾਂ ਦੀਆਂ ਸ਼ੁਭਕਾਮਨਾਵਾਂ ਲਈ ਧੰਨਵਾਦ ਕੀਤਾ।