ਗੈਂਗਸਟਰ ਬਜਰੰਗੀ ਨੂੰ ਜੇਲ 'ਚ ਮਾਰੀ ਗੋਲੀ, ਮੌਤ
ਇਥੋਂ ਦੀ ਇਕ ਜੇਲ ਵਿਚ ਬੰਦ ਖ਼ਤਰਨਾਕ ਗੈਂਗਸਟਰ ਪ੍ਰੇਮ ਪ੍ਰਕਾਸ਼ ਸਿੰਘ ਉਰਫ਼ ਮੁੰਨਾ ਬਜਰੰਗੀ ਨੂੰ ਸਾਥੀ ਗੈਂਗਸਟਰ ਨੇ ਗੋਲੀ ਮਾਰ ਦਿਤੀ ਜਿਸ ਕਾਰਨ ਬਜਰੰਗੀ ਦੀ ਮੌਤ ਹੋ ਗਈ.....
ਬਾਗਪਤ : ਇਥੋਂ ਦੀ ਇਕ ਜੇਲ ਵਿਚ ਬੰਦ ਖ਼ਤਰਨਾਕ ਗੈਂਗਸਟਰ ਪ੍ਰੇਮ ਪ੍ਰਕਾਸ਼ ਸਿੰਘ ਉਰਫ਼ ਮੁੰਨਾ ਬਜਰੰਗੀ ਨੂੰ ਸਾਥੀ ਗੈਂਗਸਟਰ ਨੇ ਗੋਲੀ ਮਾਰ ਦਿਤੀ ਜਿਸ ਕਾਰਨ ਬਜਰੰਗੀ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਇਨ੍ਹਾਂ ਦੋਹਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਅਤੇ ਗੁੱਸੇ ਵਿਚ ਆ ਕੇ ਗੈਂਗਸਟਰ ਸੁਨੀਲ ਰਾਠੀ ਨੇ ਗੈਂਗਸਟਰ ਬਜਰੰਗੀ ਨੂੰ ਗੋਲੀ ਮਾਰ ਦਿਤੀ। ਇਸ ਮਾਮਲੇ ਨੂੰ ਲੈ ਕੇ ਜੇਲ ਦੇ ਚਾਰ ਅਧਿਕਾਰੀਆਂ ਨੂੰ ਮੁਅੱਤਲ ਕਰ ਦਿਤਾ ਗਿਆ ਹੈ ਅਤੇ ਮੁੱਖ ਮੰਤਰੀ ਯੋਗੀ ਆਦਿਤਯਨਾਥ ਨੇ ਇਸ ਘਟਨਾ ਦੀ ਜਾਂਚ ਦੇ ਨਿਰਦੇਸ਼ ਦੇ ਦਿਤੇ ਹਨ। ਵਧੀਕ ਡਾਇਰੈਕਟਰ ਜਨਰਲ ਜੇਲਾਂ ਚੰਦਰ ਪ੍ਰਕਾਸ਼ ਨੇ ਦਸਿਆ ਕਿ ਸਾਲ 2017 ਵਿਚ
ਭਾਜਪਾ ਵਿਧਾਇਕ ਲੋਕੇਸ਼ ਦੀਕਸ਼ਿਤ ਤੋਂ ਫ਼ਿਰੌਤੀ ਮੰਗਣ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ 51 ਸਾਲਾ ਬਜਰੰਗੀ ਨੂੰ ਕਲ ਹੀ ਝਾਂਸੀ ਦੀ ਜੇਲ ਤੋਂ ਇਥੇ ਲਿਆਂਦਾ ਗਿਆ ਸੀ ਅਤੇ ਉਸ ਨੂੰ ਅੱਜ ਸਥਾਨਕ ਅਦਾਲਤ ਵਿਚ ਪੇਸ਼ ਕੀਤਾ ਜਾਣਾ ਸੀ। ਬਜਰੰਗੀ ਨੂੰ 10 ਹੋਰ ਕੈਦੀਆਂ ਨਾਲ ਇਕੇ ਸੈੱਲ ਵਿਚ ਰਖਿਆ ਗਿਆ ਸੀ ਜਿਥੇ ਸੁਨੀਲ ਰਾਠੀ ਵੀ ਮੌਜੂਦ ਸੀ। ਉਨ੍ਹਾਂ ਦਸਿਆ ਕਿ ਰਾਠੀ ਨੂੰ ਪੁਲਿਸ ਹਿਰਾਸਤ ਵਿਚ ਭੇਜ ਦਿਤਾ ਗਿਆ ਹੈ। ਬਾਗਪਤ ਦੇ ਐਸਪੀ ਜੈਪ੍ਰਕਾਸ਼ ਨੇ ਦਸਿਆ ਕਿ ਰਾਠੀ ਕੋਲੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦਸਿਆ ਕਿ ਰਾਠੀ ਨੇ ਇਕ ਤੋਂ ਵੱਧ ਗੋਲੀਆਂ ਚਲਾਈਆਂ ਅਤੇ ਬਜਰੰਗੀ 'ਤੇ ਗੋਲੀਆਂ ਚਲਾਉਣ ਤੋਂ ਬਾਅਦ ਉਸ ਨੇ ਅਪਣਾ
ਹਥਿਆਰ ਗਟਰ ਵਿਚ ਸੁੱਟ ਦਿਤਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਇਸ ਮਾਮਲੇ ਦੀ ਵੀ ਜਾਂਚ ਕਰ ਰਹੀ ਹੈ ਕਿ ਰਾਠੀ ਕੋਲ ਇਹ ਹਥਿਆਰ ਪੁੱਜਾ ਕਿਵੇਂ। (ਪੀ.ਟੀ.ਆਈ.) ਮਾਰਿਆ ਗਿਆ ਬਜਰੰਗੀ ਪੁਲਿਸ ਨੂੰ ਕਈ ਮਾਮਲਿਆਂ ਵਿਚ ਲੋੜੀਂਦਾ ਸੀ। ਬਜਰੰਗੀ 'ਤੇ ਦੋਸ਼ ਹੈ ਕਿ ਉਸ ਨੇ ਸਾਲ 2005 ਵਿਚ ਭਾਜਪਾ ਦੇ ਸਾਬਕਾ ਵਿਧਾਇਕ ਕ੍ਰਿਸ਼ਨਾਨੰਦ ਰਾਏ ਦਾ ਕਤਲ ਕੀਤਾ ਸੀ। ਫ਼ਿਰੌਤੀ ਅਤੇ ਕਤਲ ਸਮੇਤ ਲਗਭਗ 40 ਅਪਰਾਧਕ ਮਾਮਲਿਆਂ ਵਿਚ ਲੋੜੀਂਦੇ ਬਜਰੰਗੀ ਨੇ ਸਾਲ 2012 ਵਿਚ ਜਾਨਪੁਰ ਵਿਚ ਮਡੀਯਾਹੂ ਸੀਟ ਤੋਂ ਅਪਣਾ ਦਲ ਪਾਰਟੀ ਦੀ ਟਿਕਟ 'ਤੇ ਵਿਧਾਨ ਸਭਾ ਚੋਣਾਂ ਵੀ ਲੜੀਆਂ ਸਨ।
ਪਿਛਲੇ ਮਈ 29 ਜੂਨ ਨੂੰ ਬਜਰੰਗੀ ਦੀ ਪਤਨੀ ਸੀਮਾ ਸਿੰਘ ਨੇ ਪ੍ਰੈੱਸ ਕਾਨਫ਼ਰੰਸ ਕਰ ਕੇ ਅਪਣੇ ਪਤੀ ਦੀ ਜਾਨ ਨੂੰ ਖ਼ਤਰਾ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਸੀ। ਉਨ੍ਹਾਂ ਕਿਹਾ ਸੀ, 'ਮੇਰੇ ਪਤੀ ਦੀ ਜ਼ਿੰਦਗੀ ਖ਼ਤਰੇ ਵਿਚ ਹੈ। ਮੈਂ ਯੂਪੀ ਦੇ ਮੁੱਖ ਮੰਤਰੀ ਨੂੰ ਦਸਣਾ ਚਾਹੁੰਦੀ ਹਾਂ ਕਿ ਮੇਰੇ ਪਤੀ ਦਾ ਫ਼ਰਜ਼ੀ ਇਨਕਾਊਂਟਰ ਕਰਨ ਦੀਆਂ ਸਾਜ਼ਸ਼ਾਂ ਘੜੀਆਂ ਜਾ ਰਹੀਆਂ ਹਨ।'